-ਕੇਵਲ ਸਿੰਘ ਰੱਤੜਾ
(ਸਮਾਜ ਵੀਕਲੀ)- ਭਾਰਤ ਰਤਨ ਡਾ. ਭੀਮ ਰਾਉ ਅੰਬੇਡਕਰ ਭਾਰਤੀ ਇਤਿਹਾਸ ਦੇ ਉਹ ਗਿਣੇ ਚੁਣੇ ਬੁਲੰਦ ਹਸਤੀ ਵਾਲੇ ਯੋਧਾ ਹਨ ਜਿਹਨਾਂ ਨੇ ਤਲਵਾਰ ਨਾਲ ਨਹੀਂ, ਸਗੋਂ ਕਲਮ ਨਾਲ ਉਹ ਲਾਮਿਸਾਲ ਪੂਰਨੇ ਪਾਏ ਕਿ ਕਰੋੜਾਂ ਦੀ ਗਿਣਤੀ ਵਿੱਚ ਵੱਸਦੇ ਭਾਰਤੀ ਲੋਕ ਸਵੈਮਾਣ ਦੀ ਜ਼ਿੰਦਗੀ ਜੀ ਸਕਣ ਦੇ ਸਮਰੱਥ ਹੋ ਸਕੇ ਹਨ। ਕਿਸੇ ਵੀ ਇਮਾਰਤ ਦੀ ਨੀਂਹ ਜਿੰਨੀ ਡੂੰਘੀ ਅਤੇ ਮਜ਼ਬੂਤ ਹੋਵੇਗੀ, ਉਨੀ ਹੀ ਉਸ ਇਮਾਰਤ ਦੀ ਉਪਰਲੀ ਉਚਾਈ ਦੀ ਸੁਰੱਖਿਆ ਅਤੇ ਗਰੰਟੀ ਆਂਕੀ ਜਾ ਸਕਦੀ ਹੈ। ਅਜ਼ਾਦ ਭਾਰਤ ਦੇ ਸੰਵਿਧਾਨ ਨੂੰ ਤਿਆਰ ਕਰਨ ਵਾਲੀ ਕਮੇਟੀ ਵਿੱਚ ਸਭਤੋਂ ਜ਼ਿਆਦਾ ਪੜ੍ਹੇ ਲਿਖੇ ਅਤੇ ਸਭਤੋਂ ਵੱਧ ਫੁੱਲ ਟਾਈਮ ਕੰਮ ਕਰਨ ਵਾਲੇ ਵਿਦਵਾਨ ਸਿਰਫ ਡਾਕਟਰ ਅੰਬੇਡਕਰ ਹੀ ਸਨ। ਜਿਸ ਮਜ਼ਾਕੀਏ ਲਹਿਜੇ ਨਾਲ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਹਾਊਸ ਵਿੱਚ ਬਹਿਸ ਦੌਰਾਨ “ਅੰਬੇਡਕਰ, ਅੰਬੇਡਕਰ, ਅੰਬੇਡਕਰ….. ਕਈ ਵਾਰ ਦੁਹਰਾਇਆ, ਇਸ ਵਰਤਾਰੇ ਨੂੰ ਸਾਰੀ ਦੁਨੀਆਂ ਨੇ ਲਾਈਵ ਦੇਖਿਆ ਹੈ।
ਅਮਿਤ ਸ਼ਾਹ ਕਾਂਗਰਸੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਗੱਲ ਸਿੱਧੀ ਵਿਰੋਧੀ ਪਾਰਟੀ ਨੂੰ ਨਿਸ਼ਾਨਾ ਬਣਾਕੇ ਵੀ ਕਰ ਸਕਦਾ ਸੀ।ਉਸਨੇ ਭਗਵਾਨ ਦੇ ਨਾਮ ਰਾਹੀਂ ਅਗਲੇ ਜਨਮ ਵਿੱਚ ਸਵਰਗ ਮਿਲਣ ਦੀ ਗਰੰਟੀ ਵੀ ਦੇ ਦਿੱਤੀ। ਕੀ ਭਾਰਤ ਦੀ ਸੰਸਦ ਵਿੱਚ ਵੀ ਹੁਣ ਗੈਰ ਵਿਗਿਆਨਿਕ ਬਾਬਾਗਿਰੀ ਜਾਂ ਤੰਤਰਿਕ ਭਵਿੱਖਵਾਣੀਆਂ ਸੁਣਾਈਆਂ ਜਾਣਗੀਆਂ? ਕੀ ਭਾਜਪਾ ਨੇ ਰਾਮ ਮੰਦਿਰ ਬਣਾਕੇ ਭਾਰਤੀਆਂ ਨੂੰ ਧਰਤੀ ਉੱਤੇ ਸਵਰਗ ਵਰਗਾ ਮਹੌਲ ਬਣਾ ਦਿੱਤਾ ਹੈ? ਸਵਰਗ ਦੇਖਣ ਲਈ ਤਾਂ ਸਵਰਗਵਾਸੀ ਬਣਨਾ ਪੈਣਾ ਹੁੰਦਾ ਹੈ। ਕੀ ਅਮਿਤਸ਼ਾਹ ਦੇ ਕੱਝ ਮਿੱਤਰਾਂ ਨੇ ਇਸ ਦੇ ਦਰਸ਼ਨ ਕਰਨ ਲਈ ਮਨ ਬਣਾ ਲਿਆ ਹੈ? ਜਾਂ ਇਹ ਧਰਤੀ ਉੱਪਰ ਹੀ ਆਪਣੇ ਲਈ ਸਵਰਗ ਵਰਗੇ ਨਜ਼ਾਰੇ ਲੈ ਰਹੇ ਹਨ? ਇਸ ਬਿਆਨ ਦਾ ਤਾਂ ਸਿੱਧਾ ਇਸ਼ਾਰਾ ਹੈ ਕਿ ਸੰਸਦ ਵਿੱਚ ਹਿੰਦੂ ਮਾਨਤਾਵਾਂ ਮੁਤਾਬਕ ਸੱਤ ਜਨਮਾਂ ਤੱਕ ਸਵਰਗ ਦੀਆਂ ਬਾਤਾਂ ਪਾਕੇ ਕੁੱਝ ਲੋਕਾਂ ਨੂੰ ਪੱਕੇ ਤੌਰ ਤੇ ਨਰਕ ਵਿੱਚ ਰੱਖਣ ਦੀ ਮਨਸ਼ਾ ਹੈ। ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਕਾਰਪੋਰੇਟ ਫਾਈਨਾਂਸਰ ਤਾਂ ਵਾਕਿਆ ਹੀ ਸੱਤ ਜਨਮਾਂ ਲਈ ਸਵਰਗ ਦਾ ਪ੍ਰਬੰਧ ਕਰੀ ਬੈਠੇ ਹਨ। ਕੋਈ ਸ਼ੱਕ ਨਹੀਂ ਕਿ ਅਜ਼ਾਦੀ ਬਾਅਦ ਕਾਂਗਰਸ ਵਿੱਚਲੇ ਕੁੱਝ ਨੇਤਾਵਾਂ ਨਾਲ ਡਾ ਅੰਬੇਡਕਰ ਸਾਹਿਬ ਦੇ ਵਿਚਾਰਕ ਮੱਤ ਭੇਦ ਸਨ।ਉਹਨਾਂ ਨੂੰ ਪਸੰਦੀਦਾ ਵਿਭਾਗ ਵੀ ਨਹੀਂ ਸਨ ਦਿੱਤੇ ਗਏ, ਦਲਿਤਾਂ ਦੇ ਬਿਨਾਂ ਵੋਟਾਂ ਦੇ ਰਾਖਵੇਂ ਇਲੈਕਟਰੋਲ ਮਾਮਲੇ ਉੱਪਰ ਵੀ ਕਾਂਗਰਸ ਸਹਿਮਤ ਨਹੀਂ ਸੀ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਕਨੂੰਨ ਮੰਤਰੀ ਦਾ ਅਹੁਦਾ ਮਿਲਿਆ। ਇਸ ਰਾਂਹੀ ਉਹਨਾਂ ਦੇਸ਼ ਵਾਸੀਆਂ ਨੂੰ ਬਰਾਬਰ ਦੀ ਸਿੱਖਿਆ ਅਤੇ ਵੋਟ ਦਾ ਅਧਿਕਾਰ ਦਿੱਤਾ। ਔਰਤਾਂ ਦੇ ਹੱਕਾਂ ਨੂੰ ਸੁਰੱਖਿਅਤ ਕੀਤਾ। ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕੀਤੀ। ਦੇਸ਼ ਦੇ ਸੰਵਿਧਾਨ ਅੰਦਰ ‘ਧਰਮ ਨਿਰਪੇਖਤਾ’ (ਸੈਕੂਲਰ) ਸ਼ਬਦ ਸ਼ਾਮਲ ਕਰਕੇ ਘੱਟ ਗਿਣਤੀਆਂ ਦੀਆਂ ਆਸ਼ਾਵਾਂ ਨੂੰ ਅਮਰ ਕੀਤਾ। ਉਸ ਵੇਲੇ ਜਨਸੰਘ (ਬੀਜੇਪੀ) ਦਾ ਰੋਲ ਕੀ ਸੀ? ਅਜ਼ਾਦੀ ਘੋਲ ਵਿੱਚ ਕਿੰਨੀਆਂ ਸ਼ਹੀਦੀਆਂ ਇਹਨਾਂ ਦੇ ਪਰਿਵਾਰਾਂ ਵਿੱਚ ਹੋਈਆਂ? ਇਹਨਾਂ ਦੀ ਹਿੰਦੂਵਾਦੀ ਸੋਚ ਵਾਲੇ ਨੇਤਾਵਾਂ ਨੇ ਅੰਗਰੇਜ਼ ਹਕੂਮਤ ਨਾਲ ਲੈਣ ਦੇਣ ਕਰਕੇ ਭਾਰਤ ਲਈ ਕੀ ਹਾਸਲ ਕੀਤਾ? ਇਹਨਾਂ ਦੇ ਕਿਹੜੇ ਨੇਤਾ ਨੇ ਗੋਲ ਮੇਜ਼ ਕਾਨਫਰੰਸ ਵਿੱਚ ਹਿੱਸਾ ਲੈ ਕੇ ਭਾਰਤ ਦੇ ਸੁਨਹਿਰੀ ਭਵਿੱਖ ਲਈ ਯੋਗਦਾਨ ਪਾਇਆ? ਇਸ ਦੇ ਉਲਟ ਇਹਨਾਂ ਨੇ ਸਤੀ ਪ੍ਰਥਾ, ਵਿਧਵਾ ਵਿਆਹ ਅਤੇ ਸਮਾਜ ਵਿੱਚ ਛੂਆ ਛਾਤ ਨੂੰ ਬਰਕਰਾਰ ਰੱਖਣ ਵਿੱਚ ਪ੍ਰਸ਼ਾਸਨ ਨਾਲ ਮਿਲਕੇ ਸਾਜ਼ਿਸ਼ਾਂ ਤਹਿਤ ਬਹੁਗਿਣਤੀ ਨੂੰ ਮਨੁੱਖੀ ਹੱਕਾਂ ਤੋਂ ਵਾਂਝਿਆ ਰੱਖਿਆ।
ਅਮਿਤ ਸ਼ਾਹ ਦੇ ਬੇਤੁਕੇ ਅਤੇ ਸ਼ਰਾਰਤੀ ਬਿਆਨ ਵਿੱਚੋਂ ਬੀਜੇਪੀ ਦੀ ਤਾਨਾਸ਼ਾਹੀ ਵੱਲ ਵੱਧਣ ਅਤੇ ਸੰਵਿਧਾਨ ਪ੍ਰਤੀ ਨਫ਼ਰਤ ਜੱਗ ਜ਼ਾਹਿਰ ਹੋਈ ਹੈ। ਉਪਰੋਂ ਮੋਦੀ ਦੀ ਤਮਾਸ਼ਬੀਨੀ ਮੀਸਣੀ ਚੁੱਪੀ ਦੱਸਦੀ ਹੈ ਕਿ ਇਰਾਦੇ ਕਾਲੇ ਹਨ।ਦੇਸ਼ ਦੇ 80 ਕਰੋੜ ਗਰੀਬਾਂ ਨੂੰ ਐਫ ਸੀ ਆਈ ਦੇ ਗੁਦਾਮਾਂ ਵਿੱਚ ਬੰਦ ਅਨਾਜ ਵੰਡਣਾ, ਹਰ ਤਿੰਨ ਸਾਲਾਂ ਬਾਅਦ ਮਿਆਰ ਪੱਖੋਂ ਵੈਸੇ ਵੀ ਸਹੀ ਨਹੀਂ ਰਹਿੰਦਾ। ਇਸ ਕਦਮ ਨੂੰ ਦੇਸ਼ ਦੀ ਗਰੀਬੀ ਲਈ ਸਰਕਾਰ ਲਈ ਧੱਬਾ ਮੰਨਣ ਦੀ ਬਜਾਇ ਗੋਦੀ ਮੀਡੀਆ ਰਾਹੀਂ ਵੋਟਾਂ ਦੌਰਾਨ ਬਹੁਤ ਵੱਡਾ ਪਰਉਪਕਾਰੀ ਕਦਮ ਪ੍ਰਚਾਰਿਆ ਜਾ ਰਿਹਾ ਹੈ। ਈ ਵੀ ਐਮ ਮਸ਼ੀਨਾਂ, ਚੋਣ ਕਮਿਸ਼ਨ ਦੇ ਵੋਟਾਂ ਦੇ ਪ੍ਰਤੀਸ਼ਤ ਬਾਰੇ ਬਦਲਦੇ ਬਿਆਨ ਅਤੇ ਵੱਡੇ ਵਪਾਰੀਆਂ ਕੋਲ਼ੋਂ ਚੋਣ ਫੰਡ ਲੈਣ ਲਈ ਦੇਸ਼ ਦੀਆਂ ਇਨਵੈਸਟੀਗੇਸ਼ਨ ਏਜੰਸੀਆਂ ਦੀ ਵਰਤੋਂ ਹੁਣ ਆਮ ਲੋਕਾਂ ਦੀ ਜਾਣਕਾਰੀ ਵਿੱਚ ਹਨ। ਅਮਰੀਕਾ, ਕਨੇਡਾ, ਇੰਗਲੈਂਡ ਅਤੇ ਪੰਜਾਬ ਵਿੱਚ ਖਾਸ ਕਰਕੇ ਖੁਫੀਆ ਤੰਤਰ ਬਹੁਤ ਘਾਤਕ ਗੇਮ ਖੇਲ ਰਿਹਾ ਹੈ।
ਕੁੱਝ ਦਿਨ ਪਹਿਲਾਂ ਸੰਵਿਧਾਨ ਦੀ ਪ੍ਰਸਤਾਵਨਾ ਵਿੱਚੋਂ “ਸੋਸ਼ਲਿਸਟ ਅਤੇ ਸੈਕੂਲਰ” ਸ਼ਬਦ ਹਟਾਉਣ ਲਈ ਸੁਪਰੀਮ ਕੋਰਟ ਵਿੱਚ ਪਵਾਈਆਂ ਅਤੇ ਨਕਾਰੀਆਂ ਗਈਆਂ ਪਟੀਸ਼ਨਾਂ ਕਿਸ ਪਾਰਟੀ ਦਾ ਏਜੰਡਾ ਸੀ? ਨਿਆਂਪਾਲਕਾ ਨੂੰ ਧਮਕਾਉਣ ਅਤੇ ਉਲ਼ਝਾਉਣ ਲਈ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਵੀ ਲੋਕ ਦੇਖ ਰਹੇ ਹਨ। ਅਸੀਂ ਦੇਸ਼ ਦੀਆਂ ਕੁਰੀਤੀਆਂ ਲਈ ਕਾਂਗਰਸ ਨੂੰ ਦੋਸ਼ ਮੁਕਤ ਨਹੀਂ ਕਰ ਰਹੇ। ਪਰ ਜਿਸ ਤਰੀਕੇ ਨਾਲ ਮਨੂਸਮ੍ਰਿਤੀ ਨੂੰ ਸੰਵਿਧਾਨ ਦੇ ਬਦਲ ਵਜੋਂ ਸਾਹਮਣੇ ਲਿਆਦਾ ਜਾ ਰਿਹਾ ਹੈ, ਇਹ ਚਾਲ ਭਾਰਤੀ ਲੋਕ ਕਦੇ ਵੀ ਸਹਿਣ ਨਹੀਂ ਕਰਨਗੇ। ਸਮੂਹ ਦੇਸ਼ ਭਗਤ ਭਾਰਤੀਆਂ ਵੱਲੋਂ ਅਜ਼ਾਦੀ ਬਾਅਦ ਇੱਕ ਹੋਰ ਲੜਾਈ ਸ਼ਾਇਦ “ਸੰਵਿਧਾਨ ਬਚਾਉ, ਮੋਦੀ ਹਟਾਉ” ਲਹਿਰ ਚਲਾਉਣ ਲਈ ਲੜਨੀ ਪਵੇਗੀ।
ਦੇਸ਼ ਦੀਆਂ ਸਾਰੀਆਂ ਗੈਰ ਭਾਜਪਾ ਸਟੇਟ ਅਸੈਂਬਲੀਆਂ,ਵਿੱਚ ਮਤੇ ਪਾ ਕੇ, ਗਵਰਨਰ ਹਾਊਸ, ਡੀ ਸੀ ਦਫ਼ਤਰਾਂ ਰਾਹੀਂ ਰਾਸ਼ਟਰਪਤੀ ਨੂੰ ਮੈਮੋਰੰਡਮ ਦੇ ਕੇ ਅਤੇ ਹੋ ਸਕੇ ਤਾਂ ਸੜਕਾਂ ਤੱਕ ਬੇ ਜੀ ਪੀ ਦੀਆਂ ਤਾਨਾਸ਼ਾਹੀ ਪਾਲਸੀਆਂ ਦਾ ਭਾਂਡਾ ਭੰਨਣਾ ਬਣਦਾ ਹੈ। ਸਮੂਹ ਖੇਤਰੀ ਪਾਰਟੀਆਂ, ਅੰਬੇਡਕਰੀ ਜਥੇਬੰਦੀਆਂ ਅਤੇ ਵਕੀਲਾਂ ਨੂੰ ਇਕੱਠੇ ਹੋ ਕੇ ਅਮਿਤਸ਼ਾਹ ਖ਼ਿਲਾਫ਼ ਕਨੂੰਨ ਦੀਆਂ ਯੋਗ ਧਾਰਾਵਾਂ ਤਹਿਤ ਭਾਵਨਾਵਾਂ ਭੜਕਾਉਣ ਲਈ ਐਫ ਆਈ ਆਰਜ਼ ਦਰਜ ਕਰਵਾਉਣੀਆਂ ਚਾਹੀਦੀਆਂ ਹਨ।
“ਬੁਰਾਈ ਨੂੰ ਜੰਮਦਿਆਂ ਦੀ ਮਾਰੋ” ਦੇ ਅਸੂਲ ਮੁਤਾਬਕ ਇਹ ਕੰਮ ਏਕਤਾ ਫਰੰਟ ਬਣਾ ਕੇ ਕਰਨਾ ਚਾਹੀਦਾ ਹੈ। ਨਹੀ ਤਾਂ ਲੋਕਤੰਤਰ ਵਿੱਚ ਹੀ “ਮੋਨੋਕਰੇਸੀ ਅਤੇ ਆਟੋਕਰੇਸੀ ” ਸਾਨੂੰ ਜ਼ਖਮੀ ਕਰਨਾ ਸ਼ੁਰੂ ਕਰ ਦੇਵੇਗੀ। ਮੇਰੀ ਗ਼ਜ਼ਲ ਦਾ ਇੱਕ ਢੁੱਕਵਾਂ ਸ਼ਿਅਰ ਹੈ
“ਲੋਕ ਰਾਜ ਵਿੱਚ ਤਾਨਾਸ਼ਾਹੀ ਜੇ ਪਲ੍ਹ ਗਈ ਰੱਤੜਾ,
ਸੁੱਕੀ ਖ਼ਲਕਤ ਮਰ ਜਾਊ ਆਪੇ ਮਾਰ ਆਸ਼ਾਵਾਂ ਨੂੰ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly