ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ਅੱਜ ਕੱਲ ਅਕਸਰ ਇਹੋ ਜਿਹਾ ਕਹਿਣ ਵਾਲੇ ਲੋਕ ਜ਼ਰੂਰ ਮਿਲ ਜਾਣਗੇ ਸਮਾਂ ਹੀ ਨਹੀਂ ਮਿਲਦਾ। ਇਹ ਲੋਕ ਆਪਣਾ ਕੰਮ ਨਿਬੇੜਣਾ ਚਾਹੁੰਦੇ ਹਨ, ਪਰ ਟੀਵੀ ਦੇ ਸਾਹਮਣੇ ਕਈ ਘੰਟੇ ਬੈਠੇ ਰਹਿੰਦੇ ਹਨ ,ਅਤੇ ਹੱਥ ਵਿੱਚ ਮੋਬਾਈਲ ਲੈਕੇ ਦੋਸਤਾਂ ਮਿੱਤਰਾਂ ਨਾਲ ਚੈਟ ਕਰੀ ਜਾਂਦੇ ਹਨ। ਇਸ ਮੁਸ਼ਕਿਲ ਤੋਂ ਬਚਣ ਦਾ ਇਕੋ ਇੱਕ ਤਰੀਕਾ ਹੈ, ਕਿ ਸਮੇਂ ਦਾ ਚੰਗੀ ਤਰਾਂ ਪ੍ਰਬੰਧ ਅਤੇ ਵਰਤੋਂ ਕੀਤੀ ਜਾਵੇ ।ਇੱਥੇ ਇਹੋ ਜਿਹੇ ਕਈ ਤਰੀਕੇ ਦਿੱਤੇ ਜਾ ਰਹੇ ਹਨ। ਜਿਨ੍ਹਾਂ ਨਾਲ ਤੁਹਾਨੂੰ ਸਮੇਂ ਦੀ ਕਮੀ ਕਦੇ ਮਹਿਸੂਸ ਨਹੀਂ ਹੋਵੇਗੀ। ਤੁਸੀਂ ਕੰਮ ਪੂਰਾ ਕਰਨ ਲਈ ਆਪਣੇ ਲਈ ਤਾਂ ਪੂਰਾ ਸਮਾਂ ਕੱਢ ਹੀ ਸਕੋਗੇ ,ਪਰਿਵਾਰ ਅਤੇ ਮਿੱਤਰਾਂ ਲਈ ਸਮਾਂ ਵੀ ਕੱਢ ਸਕੋਂਗੇ ।ਦੇਖੋ ਇਹ ਸਭ ਕਿਵੇਂ ਹੋਵੇਗਾ।
ਆਪਣੀ ਸਿਹਤ ਦਾ ਧਿਆਨ ਰੱਖੋ ।ਕਿਉਂਕਿ ਰੋਜ਼ਾਨਾ ਦੇ ਨੇਮ ਪ੍ਰਬੰਧ ਲਈ ਚੰਗੀ ਸਿਹਤ ਦਾ ਹੋਣਾ ਜਰੂਰੀ ਹੈ। ਇੱਕ ਡਾਇਰੀ ਹਮੇਸ਼ਾ ਆਪਣੇ ਕੋਲ ਰੱਖੋ ।ਇਸ ਵਿੱਚ ਹਰ ਜ਼ਰੂਰੀ ਗੱਲ ਨੋਟ ਕਰਦੇ ਰਹੋ। ਭਾਵੇਂ ਕਿਸੇ ਦਾ ਸਿਰਨਾਵਾਂ ਹੋਵੇ, ਕਿਸੇ ਦਾ ਫੋਨ ਨੰਬਰ ਹੋਵੇ ,ਮੋਬਾਇਲ ਨੰਬਰ ਹੋਵੇ ਜਾਂ ਕਿਸੇ ਨਵੇਂ ਆਦਮੀ ਦਾ ਨਾਂ ਸ਼ਾਮਲ ਹੋਵੇ। ਸਮੇਂ ਸਮੇਂ ਤੇ ਦਿਮਾਗ ਵਿੱਚ ਆਉਣ ਵਾਲੇ ਨਵੇਂ ਵਿਚਾਰ ਵੀ ਇਸ ਵਿੱਚ ਲਿਖਦੇ ਰਹੋ। ਦਿਮਾਗ ਵਿੱਚ ਜੋ ਵੀ ਕੰਮ ਯਾਦ ਆਉਂਦੇ ਰਹਿਣ ਉਹਨਾਂ ਦੀ ਸੂਚੀ ਬਣਾਉਂਦੇ ਰਹੋ। ਇਸ ਸੂਚੀ ਵਿੱਚ ਉਹ ਕੰਮ ਵੀ ਦਰਜ ਹੋਣੇ ਚਾਹੀਦੇ ਹਨ, ਜੋ ਤੁਸੀਂ ਅੱਜ ਤੋਂ ਲੈ ਕੇ ਅਗਲੇ ਸਾਲ ਤੱਕ ਨਿਬੇੜਣੇ ਹਨ ।ਜਿੰਦਗੀ ਨੂੰ ਨੇਮਾਂ ਮੁਤਾਬਕ ਚਲਾਉਣ ਲਈ ਉਹ ਸੂਚੀ ਤੁਹਾਡੇ ਬਹੁਤ ਕੰਮ ਆਵੇਗੀ ,ਤੈਅ ਹੋਵੇਗਾ ਕਿ ਤੁਹਾਨੂੰ ਤੁਹਾਡੇ ਕੰਮ ਲਈ ਕਿੰਨਾ ਸਮਾਂ ਮਿਲ ਸਕੇਗਾ।
ਰਾਤ ਨੂੰ ਸੌਣ ਤੋਂ ਪਹਿਲਾਂ ਹੀ ਅਗਲੇ ਦਿਨ ਕੀਤੇ ਜਾਣ ਵਾਲੇ ਕੰਮਾਂ ਦੀ ਲਿਸਟ ਵੀ ਤਿਆਰ ਕਰ ਲੈਣੀ ਚਾਹੀਦੀ ਹੈ। ਜੋ ਜੋ ਕੰਮ ਤੁਸੀਂ ਕਰਦੇ ਜਾਓ ਉਨ੍ਹਾਂ ਅੱਗੇ ਲਾਲ ਰੰਗ ਨਾਲ ਨਿਸ਼ਾਨ ਲਗਾਉਂਦੇ ਜਾਓ। ਤੁਹਾਨੂੰ ਇਹ ਵੇਖ ਕੇ ਹੈਰਾਨੀ ਹੋਵੇਗੀ ਕਿ ਤੁਸੀਂ ਇੱਕ ਦਿਨ ਹੀ ਕਿੰਨੇ ਕੰਮ ਕਰ ਦਿੱਤੇ ਹਨ। ਇਸ ਨਾਲ ਨਾ ਸਿਰਫ ਤੁਹਾਡੇ ਕੰਮ ਸਮੇਂ ਸਿਰ ਨਿੱਬੜਦੇ ਰਹਿਣਗੇ, ਸਗੋਂ ਤੁਹਾਡਾ ਮਨ ਵੀ ਬੇਫ਼ਿਕਰ ਰਹੇਗਾ।
ਕੰਮ ਤੇ ਮਨੋਰੰਜਨ ਵਿੱਚ ਸੰਤੁਲਨ ਬਣਾ ਕੇ ਰੱਖੋ। ਘਰ ਪਰਿਵਾਰ ਲਈ ਸਮਾਂ ਕੱਢੋ ਟੀਵੀ ਘੱਟ ਤੋਂ ਘੱਟ ਦੇਖੋ ਅਤੇ ਮੋਬਾਈਲ ਘੱਟ ਤੋਂ ਘੱਟ ਦੇਖੋ ।ਖੁੱਦ ਤੋਂ ਇਹੋ ਜਿਹੀ ਉਮੀਦ ਨਾ ਕਰੋ ਜੋ ਤੁਸੀਂ ਪੂਰੀ ਨਾ ਕਰ ਸਕੋ ।ਖੇਡ ਅਤੇ ਕਸਰਤ ਦੇ ਸਮੇਂ ਵਿੱਚ ਜਿਆਦਾ ਕਟੌਤੀ ਨਾ ਕਰੋ। ਉਸ ਤੋਂ ਪਹਿਲਾਂ ਹੀ ਕੁਝ ਕੰਮ ਨਿਪਟਾ ਲਵੋ ਤਾਂ, ਤੁਹਾਨੂੰ ਪੂਰਾ ਸਮਾਂ ਮਿਲ ਜਾਵੇਗਾ। ਇੱਕ ਕੰਮ ਪੂਰਾ ਕਰਨ ਮਗਰੋਂ ਹੀ ਦੂਜਾ ਕੰਮ ਹੱਥ ਵਿੱਚ ਲਵੋ। ਅਧੂਰੇ ਕੰਮ ਅਗਲੇ ਕੰਮ ਵਿੱਚ ਰੁਕਾਵਟ ਨਹੀਂ ਬਣਨਗੇ। ਹਰ ਕੰਮ ਨੂੰ ਛੇਤੀ ਛੇਤੀ ਕਰਨ ਦੀ ਆਦਤ ਪਾਓ। ਮਨੁੱਖ ਨੂੰ ਥਕਾਵਟ ਕੰਮ ਕਰਨ ਦੀ ਮਿਹਨਤ ਤੋਂ ਨਹੀਂ ਹੁੰਦੀ ਹੈ, ਜਿੰਨੀ ਟਾਲਮਟੋਲ ਤੋਂ ਹੁੰਦੀ ਹੈ।
ਮਾੜੇ ਸਮੇਂ ਲਈ ਕੋਈ ਦੂਜੀ ਤਕਨੀਕ ਸੋਚ ਕੇ ਰੱਖੋ ।ਇਹ ਨਹੀਂ ਕਿ ਹੱਥ ਤੇ ਹੱਥ ਧਰ ਕੇ ਬੈਠੇ ਰਹੋ ਸਮਾਂ ਖਰਾਬ ਹੁੰਦਾ ਰਹੇ। ਪਿਛਲੀਆਂ ਨਾਕਾਮਯਾਬੀਆਂ ਅਤੇ ਭੁੱਲਾਂ ਦੀ ਚਰਚਾ ਵਿਚ ਸਮਾਂ ਨਾ ਗੁਆਓ। ਅੱਗੋ ਦੀ ਸੋਚੋ ਹਾਂ ਉਹਨਾਂ ਤੋਂ ਸਬਕ ਜਰੂਰ ਸਿੱਖੋ। ਫ਼ਜੂਲ ਬਹਿਸ ਨਾ ਕਰੋ ਜਿੱਤ ਗਏ ,ਤਾਂ ਕੀ ਹਾਸਲ ਹੋਵੇਗਾ, ਇਸ ਨਾਲ ਆਪਸੀ ਪਿਆਰ ਅਤੇ ਸਮੇਂ ਦੋਨਾਂ ਦਾ ਨੁਕਸਾਨ ਜ਼ਰੂਰ ਹੁੰਦਾ ਹੈ। ਚੰਗੇ ਸਰੋਤੇ ਬਣੋ ਇੱਕ ਹੀ ਵਾਰ ਧਿਆਨ ਨਾਲ ਗੱਲ ਸੁਣੋਗੇ ਤਾਂ ਆਪਣੇ ਤੇ ਦੂਸਰਿਆਂ ਦਾ ਕਾਫ਼ੀ ਸਮਾਂ ਬਚਾ ਸਕੋਗੇ।
ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ,ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ,ਅਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
ਆਪਣੇ ਨਿਰਨੇ ਤੇ ਅਮਲ ਕਰਨ ਲਈ ਸਮਾਂ ਕੱਢਣਾ ਪਵੇਗਾ। ਸਮੇਂ ਦੇ ਪ੍ਰਬੰਧ ਦਾ ਅਰਥ ਹੈ ਪ੍ਰਾਥਮਿਕਤਾ ਨਿਰਧਾਰਿਤ ਕਰਨਾ। ਪ੍ਰਾਥਮਿਕਤਾ ਨਿਰਧਾਰਤ ਤਾਂ ਹੀ ਹੋਵੇਗੀ ਜੇ ਤੁਸੀਂ ਉਦੇਸ਼ ਮਿਥਿਆ ਹੋਇਆ ਹੈ ।ਇਸ ਤਰ੍ਹਾਂ ਤੁਸੀਂ ਆਪਣੇ ਮਨੋਰਥ ਵਿੱਚ ਜਰੂਰ ਸਫਲ ਹੋਵੋਗੇ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲਾ ਸ੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly