ਕੋਟਕਪੂਰਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਨਾ ਕਾਂਗਰਸ ਅਤੇ ਨਾ ਭਾਜਪਾ ਬਾਬਾ ਸਾਹਿਬ ਦੀ ਵਿਰਾਸਤ ਬਰਕਰਾਰ ਰੱਖਣ ਲਈ ਵਚਨ ਬੱਧ ਹੈ। ਸੱਭ ਮਨੂਵਾਦੀ ਪਾਰਟੀਆਂ ਡਾਕਟਰ ਅੰਬੇਡਕਰ ਦਾ ਨਾਮ ਵਰਤ ਕੇ ਵੋਟਾਂ ਬਟੋਰਨ ਦੀ ਰਾਜਨੀਤੀ ਕਰਦੀਆਂ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਆਗੂ ਐਡਵੋਕੇਟ ਅਵਤਾਰ ਕ੍ਰਿਸ਼ਨ ਨੇ ਬਸਪਾ ਅਤੇ ਸਹਿਯੋਗੀ ਧਿਰਾਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਸਮੇਂ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਹੇ। ਉਹ ਪਾਰਟੀਆਂ ਡਾਕਟਰ ਭੀਮ ਰਾਓ ਅੰਬੇਡਕਰ ਦੀ ਸਿਰਫ ਤਸਵੀਰ ਲਾਕੇ ਬਹੁਜਨ ਸਮਾਜ ਨੂੰ ਗੁੰਮਰਾਹ ਕਰਨ ਦੇ ਯਤਨ ਕਰਦੀਆਂ ਹਨ। ਨਾ ਉਹਨਾਂ ਦੇ ਮਨਾਂ ਵਿਚ ਬਾਬਾ ਸਾਹਿਬ ਦੇ ਆਦਰਸ਼ਾਂ ਦਾ ਸਨਮਾਨ ਹੈ ਅਤੇ ਹੀ ਉਹ ਬਾਬਾ ਸਾਹਿਬ ਦੀ ਵਿਚਾਰਧਾਰਾ ਲਾਗੂ ਕਰਨ ਲਈ ਯਤਨਸ਼ੀਲ ਹਨ। ਇਸ ਦੇ ਉਲਟ ਮਨੂਵਾਦੀ ਪਾਰਟੀਆਂ ਦੇ ਆਗੂ ਬਾਬਾ ਸਾਹਿਬ ਪ੍ਰਤੀ ਆਪਣੇ ਮਨਾਂ ਵਿਚ ਪਨਪਦੀ ਜ਼ਹਿਰ ਗਾਹੇ ਬ ਗਾਹੇ ਉਗਲਦੇ ਰਹਿੰਦੇ ਹਨ। ਕਾਂਗਰਸ ਵਲੋਂ ਬਾਬਾ ਸਾਹਿਬ ਦੀ ਜਿਉਂਦਿਆਂ ਜੀਅ ਸ਼ਵ ਯਾਤਰਾ ਕੱਢੀ ਗਈ ਤੇ ਹੁਣ ਸੰਸਦ ਦੇ ਸਰਦ ਕਾਲੀਨ ਸੈਸ਼ਨ ਦੌਰਾਨ 17 ਦਸੰਬਰ ਨੂੰ ਰਾਜ ਸਭਾ ਵਿਚ ਸੰਵਿਧਾਨ ਤੇ ਬਹਿਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਆਗੂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅੰਬੇਡਕਰ ਅੰਬੇਡਕਰ ਕਹਿਣਾ ਫੈਸ਼ਨ ਬਣ ਗਿਆ। ਉਹਨਾਂ ਨੇ ਮੂੰਹ ਟੇਡਾ ਵਿੰਗਾ ਕਰਕੇ ਕਿਹਾ ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ ਦੇ ਐਨੀ ਵਾਰ ਭਗਵਾਨ ਦਾ ਨਾਂ ਲਿਆ ਜਾਂਦਾ ਤਾਂ ਸੱਤ ਜਨਮਾਂ ਤੱਕ ਸਵਰਗ ਮਿਲ ਜਾਂਦਾ। ਗ੍ਰਹਿ ਮੰਤਰੀ ਅਜਿਹਾ ਮੰਦੀ ਭਾਵਨਾ ਅਤੇ ਭੱਦੀ ਟਿਪਣੀ ਨਾਲ ਬਾਬਾ ਸਾਹਿਬ ਦੇ ਕਰੋੜਾਂ ਪੈਰੋਕਾਰਾਂ ਦੇ ਹਿਰਦੇ ਵਲੂੰਧਰੇ ਗਏ ਅਤੇ ਉਹਨਾਂ ਦੇ ਮਨਾਂ ਨੂੰ ਭਾਰੀ ਠੇਸ ਲੱਗੀ ਹੈ। ਜਿਸ ਕਾਰਨ ਬਹੁਜਨ ਸਮਾਜ ਪਾਰਟੀ ਸਮੇਤ ਬਾਬਾ ਸਾਹਿਬ ਦੇ ਪੈਰੋਕਾਰ ਪੂਰੇ ਭਾਰਤ ਵਿਚ ਅੱਜ ਸੜਕਾਂ ਤੇ ਉਤਰੇ ਹਨ। ਦੇਸ਼ ਦੀ ਬਦ ਕਿਸਮਤੀ ਹੈ ਕਿ ਇਕ ਤੜੀਪਾਰ ਦੇਸ਼ ਦੇ ਗ੍ਰਹਿ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹੈ। ਜੋ ਸੰਵਿਧਾਨ ਅਤੇ ਸੰਵਿਧਾਨ ਰਚੇਤਾ ਦਾ ਮਜ਼ਾਕ ਉਡਾ ਰਿਹਾ ਹੈ।
ਐਡਵੋਕੇਟ ਅਵਤਾਰ ਕ੍ਰਿਸ਼ਨ ਨੇ ਕਿਹਾ ਕਿ ਬਹੁਜਨ ਸਮਾਜ ਦੇ ਇਕ ਮਾਤਰ ਮਸੀਹਾ ਬਾਬਾ ਸਾਹਿਬ ਅੰਬੇਡਕਰ ਹਨ ਜਿਨ੍ਹਾਂ ਦੇ ਸੰਘਰਸ਼ ਸਦਕਾ ਉਹ ਮਾਨਵੀ ਜ਼ਿੰਦਗੀ ਜਿਉਣ ਦੇ ਸਮਰਥ ਬਣੇ ਹਨ। ਉਹ ਕਿਸੇ ਕੀਮਤ ਤੇ ਆਪਣੇ ਰਹਿਬਰਾਂ ਦਾ ਅਪਮਾਨ ਸਹਿਣ ਨਹੀਂ ਕਰਨਗੇ। ਬਸਪਾ ਸੁਪ੍ਰੀਮੋ ਭੈਣ ਕੁਮਾਰੀ ਮਾਇਆਵਤੀ ਦੇ ਸੱਦੇ ਤੇ ਬਾਬਾ ਸਾਹਿਬ ਦੇ ਪੈਰੋਕਾਰ ਸੜਕਾਂ ਤੇ ਉਤਰੇ ਕੇ ਅੱਜ ਦੇ ਰੋਸ ਪ੍ਰਦਰਸ਼ਨ ਰਾਹੀਂ ਆਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ ਭਾਰਤ ਦੀ ਮਾਣਯੋਗ ਰਾਸ਼ਟਰਪਤੀ ਨੂੰ ਜ਼ਿਲ੍ਹਾ ਪੱਧਰੀ ਤੇ ਡਿਪਟੀ ਕਮਿਸ਼ਨਰਾਂ ਰਾਹੀਂ ਮੈਮੋਰੰਡਮ ਦੇਕੇ ਅਮਿਤ ਸ਼ਾਹ ਵਿਰੁੱਧ ਠੋਸ ਕਾਰਵਾਈ ਅਮਲ ‘ਚ ਲਿਆਉਣ ਦੀ ਅਪੀਲ ਕੀਤੀ ਗਈ ਹੈ। ਬਾਬਾ ਸਾਹਿਬ ਨੇ ਨਾ ਸਿਰਫ਼ ਸੰਵਿਧਾਨ ਦੀ ਰਚਨਾ ਕਰਕੇ ਕਰੋੜਾਂ ਅਛੂਤਾਂ ਤੇ ਸਮੂਹ ਔਰਤਾਂ ਨੂੰ ਹੀ ਮਾਨਵੀ ਅਧਿਕਾਰ ਦਿਵਾਏ ਸਨ ਬਲਕਿ ਉਹਨਾਂ ਨੇ ਭਾਰਤ ਦੇਸ਼ ਦੇ ਆਰਥਿਕ ਵਿਕਾਸ ਨੂੰ ਆਧੁਨਿਕ ਲੀਹਾਂ ਤੇ ਲਿਆਉਣ ਲਈ ਵੀ ਵਡਮੁੱਲਾ ਯੋਗਦਾਨ ਪਾਇਆ। ਰਿਜ਼ਰਵ ਬੈਂਕ ਆਫ ਇੰਡੀਆ ਉਹਨਾਂ ਦੇ ਥੀਸਸ “ਪ੍ਰੌਬਲਮ ਆਫ ਰੂਪੀ” ਦੀ ਬਦੌਲਤ ਹੋਂਦ ਵਿਚ ਆਇਆ। ਉਹ ਆਧੁਨਿਕ ਉਹ ਪੂਰੀ ਦੁਨੀਆ ਵਿੱਚ ਗਿਆਨ ਦੇ ਪ੍ਰਤੀਕ ਅਤੇ ਆਧੁਨਿਕ ਭਾਰਤ ਦੇ ਸ਼ਿਲਪਕਾਰ ਮੰਨੇ ਜਾਂਦੇ ਹਨ। ਭਾਰਤ ਦੇ ਉਘੇ ਆਰਥਿਕ ਮਾਹਰ ਨੋਬਲ ਪੁਰਸਕਾਰ ਜੇਤੂ ਸ੍ਰੀ ਅੰਮ੍ਰਿਤਿਯ ਸੇਨ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਹਨ। ਇਸ ਲਈ ਸਾਰੀਆਂ ਮਾਨਵਵਾਦੀ ਧਿਰਾਂ ਨੂੰ ਬਾਬਾ ਸਾਹਿਬ ਪ੍ਰਤੀ ਅਪਮਾਨਜਨਕ ਮਾੜੀ ਸ਼ਬਦਾਵਲੀ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਬਖਸ਼ ਸਿੰਘ ਚੌਹਾਨ ਲੋਕ ਸਭਾ ਇੰਚਾਰਜ, ਸ ਬਲਵੀਰ ਸਿੰਘ ਬਾਹੀਆ ਜ਼ਿਲ੍ਹਾ ਪ੍ਰਧਾਨ ਬਸਪਾ ਫਰੀਦਕੋਟ, ਗੁਰਜੰਟ ਸਿੰਘ ਉਪ ਪ੍ਰਧਾਨ ਜਿਲਾ ਫਰੀਦਕੋਟ, ਬਸੰਤ ਕੁਮਾਰ ਪਰਜਾਪਤ ਜਨਰਲ ਸਕੱਤਰ ਜਿਲਾ ਫਰੀਦਕੋਟ, ਗੁਰਪ੍ਰੀਤ ਸਿੰਘ ਬਾਜਾਖਾਨਾ ਹਲਕਾ ਪ੍ਰਧਾਨ ਜੈਤੋ, ਬੀਬਾ ਮਨਦੀਪ ਮਨੀ, ਚਰਨਜੀਤ ਕੁਮਾਰ , ਤਰਸੇਮ ਸਿੰਘ, ਸ ਗੋਬਿੰਦ ਸਿੰਘ ਪੀਪਲੀ, ਸੂਬੇਦਾਰ ਦਰਸ਼ਨ ਸਿੰਘ, ਸ ਗੁਰਟੇਕ ਸਿੰਘ, ਬਘੇਲ ਸਿੰਘ ਪੀਪਲੀ, ਰਾਕੇਸ਼ ਕੁਮਾਰ ਅਤੇ ਹੋਰ ਬਸਪਾ ਆਗੂ ਹਾਜ਼ਰ ਸਨ।
https://play.google.com/store/apps/details?id=in.yourhost.samajweekly