(ਸਮਾਜ ਵੀਕਲੀ)
ਸਾਡੇ ਰੋਪੜ ਤੋਂ ਪੈਂਦਾ 60 ਮੀਲ ਕੁ ਅੰਬਾਲਾ।
ਪਰ ਵਿਰਸੇ, ਰਵਾਇਤਾਂ ਵਿੱਚ ਫਰਕ ਹੈ ਬਾਹਲ਼ਾ।
ਉੱਥੇ ਛੋਕਰਾ ਹੋ ਜਾਵੇ ਸਾਡੇ ਸ਼ਹਿਰ ਵਾਲਾ ਮੁੰਡਾ।
ਉੱਥੇ ਸੁਣੀਂਦਾ ਏ ਲੱਠ ਜਿਹੜਾ ਸਾਡੇ ਹੁੰਦਾ ਖੂੰਡਾ।
ਸਾਡੀ ਰੋਟੀ ਉੱਥੇ ਖਾਣਾ, ਬਣੇ ਚਾਦਰੇ ਦੀ ਧੋਤੀ।
ਐਥੇ ਮੱਝ ਉੱਥੇ ਮ੍ਹੈਸ, ਉੱਥੇ ਗਧੀ ਐਥੇ ਖੋਤੀ।
ਸਾਡੇ ਕਿੱਕਲੀ ਤੇ ਗਿੱਧੇ, ਉੱਥੇ ਝਾਮਣ ਜਾਂ ਝੋਲ।
ਐਥੇ ਕੀਮਤਾਂ ਤੇ ਭਾਅ, ਉੱਥੇ ਦਾਮ ਤੇ ਜਾਂ ਮੋਲ।
ਸਾਡੇ ਨਿੱਕਲਦੀ ਜਾਗੋ, ਉੱਥੇ ਹੋਵੇ ਘੁੜਚੜ੍ਹੀ।
ਐਥੇ ਵੱਡਾ-ਨਿੱਕਾ-ਵੱਡੀ, ਉੱਥੇ ਬੜਾ-ਛੋਟਾ-ਬੜੀ।
ਅਸੀਂ ਸਾਂਢ ਤੇ ਜਾਂ ਸਾਨ੍ਹ, ਉਹ ਆਖਦੇ ਨੇ ਸੰਢਾ।
ਸਾਡੀ ਨਾਨਕਿਆਂ ਦੀ ਛੱਕ, ਉਹ ਬੰਨ੍ਹਦੇ ਨੇ ਮੰਢ੍ਹਾ।
ਸਾਡੇ ਪਿੰਡਾਂ ਵਾਲ਼ੇ ਟੋਬ੍ਹੇ, ਹੁੰਦੇ ਉਹਨਾਂ ਦੇ ਨੇ ਜੋਹੜ।
ਜਿਹੜੇ ਉਹਨਾਂ ਲਈ ਬਰੋਟੇ, ਸਾਡੀ ਸੱਥਾਂ ਦੇ ਨੇ ਬੋਹੜ।
ਸਾਡੀ ਪੈਲੀ ‘ਚ ਕਮਾਦ, ਉੱਥੇ ਖੇਤਾਂ ਵਿੱਚ ਈਖ।
ਸਾਨੂੰ ਸਿਖਿਆ-ਅਕਲ, ਉੱਥੇ ਮਿਲਦੀ ਹੈ ਸੀਖ।
ਪਰ ਕੰਮ ਲਈ ਕਦੇ ਵੀ ਉੱਥੇ ਜਾਣਾ ਅਸੀ ਚਾਈ੍ਹਏ।
ਲਾ ਕੇ 100 ਕੁ ਰੁਪਈਏ ਸੋਖਿਆਂ ਹੀ ਪਹੁੰਚ ਜਾਈਏ।
ਹੁਣ ਅੱਗੇ ਗੱਲ ਮੇਰੀ ਪੜ੍ਹੋ ਨਾਲ ਜਰਾ ਗੋਰ।
ਸਾਡੇ ਰੋਪੜੋਂ ਹੀ ਪੈਂਦਾ 200 ਮੀਲ ਕੁ ਲਾਹੋਰ।
ਖਾਣ-ਪੀਣ, ਪਹਿਰਾਵਾ, ਬੋਲੀ਼, ਭੰਗੜੇ ਤੇ ਗੀਤ।
ਸਾਝੇਂ ਰਸਮੋ-ਰਿਵਾਜ ਚੱਲੇ ਇੱਕੋ ਜਿਹੀ ਰੀਤ।
ਹੋਵੇ ਜਾਣ ਦਾ ਜੇ ਮਨ ਤਾਂ ਅਧੂਰੀਆਂ ਨੇ ਰੀਝਾਂ।
ਪੱਕੀ ਲੱਗੀ ਕੰਡਾ-ਤਾਰ ਸੋਖਾ ਮਿਲਦਾ ਨੀ’ ਵੀਜ਼ਾ।
ਚੰਦ ਬੰਦਿਆਂ ਦੀ ਮੈਂ ਮੈਂ ਐਸੀ ਕਰ ਦਿੱਤੀ ਵੰਡ।
ਸਾਂਝੇ ਪਿਆਰ-ਭਾਈਚਾਰੇ ਦਿੱਤੇ ਪਲਾਂ ਵਿੱਚ ਛੰਡ।
ਵੰਡੇ ਮਿਰਜ਼ੇ ਤੇ ਰਾਂਝੇ, ਜੱਗੇ-ਦੁੱਲੇ, ਸਹਿਬਾਂ-ਹੀਰ।
ਰਹਿ ਗਏ ਦੂਰ ਨਨਕਾਣੇ, ਛੁੱਟੇ ਉਹਨਾਂ ਦੇ ਵੀ ਪੀਰ।
ਭੈੜੀ ਸਿਆਸਤਾਂ ਦੀ ਭੇਟਾ, ਚੜ੍ਹੇ ਜਨਤਾ-ਆਵਾਮ।
ਟੁੱਟੇ ਫ਼ਤਿਹ-ਨਮਸਕਾਰ, ਖਿੰਡ-ਪੁੰਡ ਗਈ ਸਲਾਮ।
ਰੋਮੀ ਸੋਚਦਾ ਘੜਾਮੇ ਸਾਥੋਂ ਚੰਗੇ ਨੇ ਜਨੋਰ।
ਘੁੰਮ ਆਉਂਦੇ ਨੇ ਬੇਖੋਫ਼ ਜੋ ਕਰਾਚੀ ਤੇ ਲਾਹੌਰ।
ਘੁੰਮ ਆਉਂਦੇ ਨੇ ਬੇਖੋਫ਼, ਜੋ ਕਰਾਚੀ ਤੇ ਲਾਹੌਰ।
ਘੁੰਮ ਆਉਂਦੇ ਨੇ ਬੋਖੋਫ਼ …………….।
ਰੋਮੀ ਘੜਾਮਾਂ।
9855281105 (ਵਟਸਪ ਨੰ.)