ਸਵਾਰਥੀ, ਮੌਕਾਪ੍ਰਸਤ, ਬੇਈਮਾਨ; ਧਾਰਮਿਕ ਤੇ ਰਾਜਸੀ ਲੀਡਰਸ਼ਿਪ ਵਿੱਚ ਉਲਝੀ ਪੰਥਕ ਸਿਆਸਤ!

ਹਰਚਰਨ ਸਿੰਘ ਪ੍ਰਹਾਰ
ਹਰਚਰਨ ਸਿੰਘ ਪ੍ਰਹਾਰ 
(ਸਮਾਜ ਵੀਕਲੀ) ਪੰਥ ‘ਚ ਵੈਸੇ ਤਾਂ ਕੋਈ ਨਾ ਕੋਈ ਮਸਲਾ, ਵਾਦ-ਵਿਵਾਦ ਚੱਲਦਾ ਹੀ ਰਹਿੰਦਾ ਹੈ। ਮੇਰੇ ਅਨੁਭਵ ਅਨੁਸਾਰ ਇਸਦੇ ਚੱਲਦੇ ਰਹਿਣ ਨਾਲ਼ ਹੀ ਪੰਥ ਚੱਲਦਾ ਹੈ  ਕਿਉਂਕਿ ਪੰਥ ਕੋਲ਼ ਕੁਝ ਸਾਰਥਿਕ ਕਰਨ ਲਈ ਏਜੰਡਾ ਵੀ ਨਹੀਂ ਹੈ। ਦੇਸ਼-ਵਿਦੇਸ਼ ਵਿੱਚ ਪਿਛਲੇ 50-60 ਸਾਲ ਦੀ ਪੰਥਕ ਸਿਆਸਤ ਕਬਜ਼ੇ ਕਰਨ, ਕਭਜੇ ਹਟਾਉਣ ਅਤੇ ਕਬਜ਼ੇ ਕਾਇਮ ਰੱਖਣ ਦੀ ਹੀ ਹੈ। ਪੰਥ ਦੇ ਮੋਰਚੇ, ਸੰਘਰਸ਼ ਆਦਿ ਆਪਣੀ ਸਿਆਸਤ ਚਮਕਾਉਣ ਜਾਂ ਸਿਆਸੀ ਹੋਂਦ ਬਚਾਈ ਰੱਖਣ ਦੀ ਹੀ ਰਹੇ ਹਨ।
ਪਿਛਲੇ ਕੁਝ ਮਹੀਨਿਆਂ ਤੋਂ ਪੰਥਕ ਸਿਆਸਤ ਵਿੱਚ ਅਕਾਲੀਆਂ, ਜਥੇਦਾਰਾਂ, ਪੰਥਕ ਜਥੇਬੰਦੀਆਂ, ਵਿਦਵਾਨਾਂ, ਪੱਤਰਕਾਰਾਂ ਆਦਿ ਵਿੱਚ ਚੱਲ ਰਹੇ ਵਾਦ-ਵਿਵਾਦ ਵਿੱਚੋਂ ਕੁਝ ਸਾਰਥਿਕ ਨਿਕਲੇਗਾ, ਇਸਦੀ ਪਹਿਲੇ ਦਿਨ ਤੋਂ ਮੈਨੂੰ ਕਦੇ ਆਸ ਨਹੀਂ ਰਹੀ ਕਿਉਂਕਿ ਕਿਸੇ ਦਾ ਵੀ ਏਜੰਡਾ ਗ੍ਰੰਥ ਜਾਂ ਪੰਥ ਨਹੀਂ। ਸਗੋਂ ਨਿੱਜੀ ਸਵਾਰਥ ਅਤੇ ਮੌਕਾਪ੍ਰਸਤੀ ਹੈ। ਕਬਜ਼ੇ ਵਾਲ਼ੇ ਆਪਣਾ ਕਬਜ਼ਾ ਬਣਾਈ ਰੱਖਣ ਅਤੇ ਦੂਜੇ ਕਬਜ਼ਾ ਹਟਾ ਕੇ ਆਪਣਾ ਕਰਨ ਦੇ ਏਜੰਡੇ ‘ਤੇ ਲੱਗੇ ਹੋਏ ਹਨ। ਜਿਨ੍ਹਾਂ ਸੰਸਥਾਵਾਂ ‘ਤੇ ਕਬਜ਼ੇ ਕਰਨ ਜਾਂ ਹਰਾਉਣ ਲਈ ਸੰਘਰਸ਼ ਹੋ ਰਹੇ ਹਨ, ਉਨ੍ਹਾਂ ਸੰਸਥਾਵਾਂ ਦਾ ਅਧਾਰ ਹੀ ਗ੍ਰੰਥ ਤੇ ਪੰਥ ਦੇ ਉਲਟ ਹੈ। ਇਸ ਲਈ ਉਨ੍ਹਾਂ ਨੂੰ ਬਚਾ ਕੇ ਵੀ ਕੁਝ ਪ੍ਰਾਪਤ ਨਹੀ ਹੋਣਾ। ਜਦੋ ਤੱਕ ਪੰਥ ਤੇ ਗ੍ਰੰਥ ਅਨੁਸਾਰੀ ਕੋਈ ਨਵੀ ਸੋਚ ਲੈ ਕੇ ਨਹੀ ਆਉਂਦਾ।
ਜਦੋਂ ਤੱਕ ਪੰਥਕ ਲੀਡਰ, ਵਿਦਵਾਨ, ਪ੍ਰਚਾਰਕ, ਪੱਤਰਕਾਰ ਆਦਿ ਇਹ ਨਹੀਂ ਸਮਝਦੇ ਕਿ ਜਿਸ ਸਿੱਖੀ ਅਤੇ ਪੰਥ ‘ਤੇ ਉਹ ਕਬਜ਼ਾ ਕਰਨਾ ਚਾਹੁੰਦੇ ਹਨ ਜਾਂ ਕਬਜ਼ਾ ਬਣਾਈ ਰੱਖਣਾ ਚਾਹੁੰਦੇ ਹਨ, ਉਹ ਗ੍ਰੰਥ ਤੇ ਪੰਥ ਵਿਰੋਧੀ ਸਿੱਖੀ ਹੈ। ਜਿਸਦਾ ਗੁਰਬਾਣੀ ਵਾਲ਼ੀ ਸਿੱਖੀ ਨਾਲ਼ ਕੋਈ ਸਬੰਧ ਨਹੀਂ। ਇਸਨੂੰ ਰੱਦ ਕੀਤੇ ਬਿਨਾਂ ਪੰਥ ਬੇਸ਼ੱਕ ਹਜ਼ਾਰਾਂ ਸਾਲ ਲੜਦਾ ਝਗੜਦਾ ਜਾਂ ਮੋਰਚੇ ਸੰਘਰਸ਼ ਕਰਦਾ ਰਹੇ, ਕੁਝ ਵੀ ਨਿਕਲਣ ਵਾਲ਼ਾ ਨਹੀ, ਸਿਵਾਏ ਬਰਬਾਦੀ ਦੇ।
ਮੈਂ ਜਿਸ ਤਰ੍ਹਾਂ 25-30 ਸਾਲਾਂ ਵਿੱਚ ਪੰਥਕ ਸਿਆਸਤ ਨੂੰ ਅੰਦਰੋਂ ਤੇ ਬਾਹਰੋਂ ਨੇੜੇ ਹੋ ਕੇ ਦੇਖਿਆ ਹੈ। ਉਸ ਅਨੁਸਾਰ ਮੇਰਾ ਮੰਨਣਾ ਹੈ ਕਿ ਸਿੱਖ ਲੀਡਰਾਂ, ਵਿਦਵਾਨਾਂ, ਪ੍ਰਚਾਰਕਾਂ, ਜਥੇਦਾਰਾਂ, ਪੱਤਰਕਾਰਾਂ ਵਿੱਚ ਉਹੀ ਲੋਕ ਬਹੁ-ਗਿਣਤੀ ਵਿੱਚ ਆਉਂਦੇ ਹਨ, ਜੋ ਸਵਾਰਥੀ, ਮੌਕਾਪ੍ਰਸਤ, ਚਾਪਲੂਸ, ਦੋਗਲੇ, ਬੇਈਮਾਨ, ਹਿੰਸਕ ਹੁੰਦੇ ਹਨ। ਜਿਹੜਾ ਅਜਿਹੇ ਗੁਣਾਂ/ਔਗੁਣਾਂ ਵਾਲ਼ਾ ਨਾ ਹੋਵੇ, ਉਹ ਬਹੁਤਾ ਚਿਰ ਚੱਲ ਨਹੀਂ ਸਕਣਾ। ਉਹ ਪੰਥਕ ਸਿਆਸਤ ਛੱਡ ਜਾਂਦਾ ਜਾਂ ਫਿਰ ਅਜਿਹੇ ਲੋਕ ਬਾਹਰ ਦਾ ਰਸਤਾ ਦਿਖਾ ਦਿੰਦੇ ਹਨ।
ਮੇਰੀ ਸਮਝ ਅਨੁਸਾਰ ਵੱਡੇ-ਵੱਡੇ ਅਹੁਦਿਆਂ ‘ਤੇ ਵੱਡੇ-ਵੱਡੇ ਸਿੰਘ ਸਾਹਿਬਾਨ ਅਤੇ ਜਥੇਦਾਰਾਂ ਦੇ ਖਿਤਾਬ ਲਈ ਬੈਠੇ ਵਿਅਕਤੀਆਂ ਕੋਲ਼ ਇੱਕੋ ਰਸਤਾ ਅਸਤੀਫਾ ਹੀ ਹੋ ਸਕਦਾ ਹੈ। ਉਹ ਤਾਂ ਹੀ ਸੰਭਵ ਹੁੰਦਾ, ਜੇ ਉੱਪਰਲੇ ਔਗੁਣ ਨਾ ਹੋਣ। ਮੈਨੂੰ ਬਹੁਤੀ ਆਸ ਨਹੀਂ ਲੱਗਦੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਸਲੀ ਆਲਰਾਊੰਡਰ ਜਿੰਦਗੀ ਦੇ…
Next articleਨਾਟਕ ਦਰਸ਼ਕ ਇਕ ਮਿਕ ਹੋਏ