ਕਿੰਸ਼ਾਸਾ— ਕਾਂਗੋ ‘ਚ ਇਕ ਵਾਰ ਫਿਰ ਨਦੀ ‘ਚ ਕਿਸ਼ਤੀ ਹਾਦਸਾਗ੍ਰਸਤ ਹੋ ਗਈ ਹੈ। ਕ੍ਰਿਸਮਸ ਮਨਾਉਣ ਲਈ ਘਰ ਪਰਤ ਰਹੇ ਯਾਤਰੀਆਂ ਨਾਲ ਭਰੀ ਕਿਸ਼ਤੀ ਸ਼ੁੱਕਰਵਾਰ ਦੇਰ ਰਾਤ ਬੁਸੀਰਾ ਨਦੀ ਵਿੱਚ ਡੁੱਬ ਗਈ। ਇਸ ਹਾਦਸੇ ‘ਚ ਘੱਟੋ-ਘੱਟ 38 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਸੈਂਕੜੇ ਲੋਕ ਲਾਪਤਾ ਹਨ। ਸਥਾਨਕ ਅਧਿਕਾਰੀਆਂ ਮੁਤਾਬਕ ਕਿਸ਼ਤੀ ‘ਤੇ 400 ਤੋਂ ਵੱਧ ਲੋਕ ਸਵਾਰ ਸਨ। ਹਾਦਸੇ ਦੇ ਬਾਅਦ ਤੋਂ ਬਚਾਅ ਟੀਮਾਂ ਲਗਾਤਾਰ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਇਹ ਹਾਦਸਾ ਅਜਿਹੇ ਸਮੇਂ ਵਿਚ ਵਾਪਰਿਆ ਹੈ ਜਦੋਂ ਚਾਰ ਦਿਨ ਪਹਿਲਾਂ ਹੀ ਦੇਸ਼ ਦੇ ਉੱਤਰ-ਪੂਰਬ ਵਿਚ ਇਕ ਹੋਰ ਕਿਸ਼ਤੀ ਡੁੱਬਣ ਨਾਲ 25 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਲਗਾਤਾਰ ਹਾਦਸਿਆਂ ਨੇ ਕਾਂਗੋ ਵਿੱਚ ਨੇਵੀਗੇਸ਼ਨ ਸੁਰੱਖਿਆ ਉੱਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਆਦਾਤਰ ਹਾਦਸੇ ਸਮਰੱਥਾ ਤੋਂ ਵੱਧ ਲੋਕਾਂ ਨੂੰ ਲੈ ਕੇ ਜਾਣ ਵਾਲੀਆਂ ਕਿਸ਼ਤੀਆਂ ਕਾਰਨ ਵਾਪਰਦੇ ਹਨ। ਦੂਰ-ਦੁਰਾਡੇ ਦੇ ਲੋਕ ਸੜਕ ਤੋਂ ਸਫ਼ਰ ਨਹੀਂ ਕਰ ਸਕਦੇ, ਜਿਸ ਕਾਰਨ ਉਹ ਕਿਸ਼ਤੀਆਂ ਦਾ ਸਹਾਰਾ ਲੈਂਦੇ ਹਨ, ਸਰਕਾਰ ਲਗਾਤਾਰ ਉਨ੍ਹਾਂ ਦੀ ਸਮਰੱਥਾ ਤੋਂ ਵੱਧ ਲੋਕਾਂ ਨੂੰ ਕਿਸ਼ਤੀਆਂ ਵਿੱਚ ਲਿਜਾਣ ਵਿਰੁੱਧ ਚੇਤਾਵਨੀ ਦਿੰਦੀ ਹੈ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਵੀ ਕਰਦੀ ਹੈ। ਪਰ ਇਹਨਾਂ ਯਤਨਾਂ ਦਾ ਕੋਈ ਖਾਸ ਅਸਰ ਨਹੀਂ ਜਾਪਦਾ।
ਅਕਤੂਬਰ ਵਿੱਚ ਦੇਸ਼ ਦੇ ਪੂਰਬੀ ਹਿੱਸੇ ਵਿੱਚ ਇੱਕ ਓਵਰਲੋਡਡ ਕਿਸ਼ਤੀ ਦੇ ਡੁੱਬਣ ਨਾਲ ਘੱਟੋ ਘੱਟ 78 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਜੂਨ ਵਿੱਚ ਕਿਨਸ਼ਾਸਾ ਦੇ ਨੇੜੇ ਇੱਕ ਅਜਿਹੇ ਹਾਦਸੇ ਵਿੱਚ 80 ਲੋਕਾਂ ਦੀ ਮੌਤ ਹੋ ਗਈ ਸੀ।
ਹਾਦਸੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਬਚਾਅ ਕਾਰਜ ਤੇਜ਼ ਕਰ ਦਿੱਤੇ ਹਨ। ਲਾਪਤਾ ਲੋਕਾਂ ਦੀ ਭਾਲ ਲਈ ਗੋਤਾਖੋਰਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly