(ਸਮਾਜ ਵੀਕਲੀ)
ਫੇਰ ਸੁਣੀਂਦਾ ਓਹੀ ਸ਼ਿਕਰਾ,
ਆਇਆ ਨੀ ਮਾਂਏਂ।
ਜਿਸ ਨੂੰ ਲਹੂ ਪਿਆਇਆ,
ਮਾਸ ਖੁਆਇਆ ਨੀ ਮਾਂਏਂ…
ਸੌ ਸਰਵਰ ਦਾ ਪਾਣੀ ਪੀਤਾ,
ਨਾਲ਼ੇ ਬੂੰਦ ਸੁਆਂਤੀ।
ਇੱਕੋ ਘੁੱਟ ਨਾਲ਼ ਨਿਗਲ਼ ਗਿਆ ਜੋ
ਕੂੰਜਾਂ ਦੀ ਪ੍ਰਜਾਤੀ।
ਲੋਕੀਂ ਆਖਣ ਹਾਲੇ ਵੀ,
ਤ੍ਰਿਹਾਇਆ ਨੀ ਮਾਂਏਂ…
ਤੇਰੇ ਘਰ ‘ਚੋਂ ਟੁੱਕਰ ਮੰਗੇ,
ਝੂਠਾ ਸਾਧੂ ਬਣ ਕੇ।
ਅਲਖ ਨਿਰੰਜਨ ਨੂੰ ਦੁਹਰਾਉਂਦਾ,
ਖੜ੍ਹ ਗਿਆ ਬੂਹੇ ਤਣ ਕੇ।
ਹਾਏ ਨੀ ਅੜੀਏ!
ਤੂੰ ਕਾਹਨੂੰ ਮੂੰਹ, ਲਾਇਆ ਨੀ ਮਾਏਂ…
ਹਾਏ ਨੀ! ਇਹ ਤਾਂ ਓਹੀ ਅੜੀਏ,
ਮਿੱਠੀਆਂ ਬਾਤਾਂ ਵਾਲ਼ਾ।
ਦੱਸੇ ਤਾਕ ‘ਤੇ ਧਰਿਆ ਦੀਵਾ,
ਲੰਮੀਆਂ ਰਾਤਾਂ ਵਾਲ਼ਾ।
ਏਸੇ ਦਾ ਗ਼ਮ ਲੰਮੀ ਉਮਰ,
ਹੰਢਾਇਆ ਨੀ ਮਾਂਏਂ…
ਵੇਖ ਨੀ ਅੜੀਏ! ਹਾਸਿਆਂ ਵਾਲ਼ਾ,
ਜਦੋਂ ਦਾ ਬੂਹਾ ਢੋਇਆ।
ਦਿਲ ਸਾਡਾ ਨੀ ਕਮਲ਼ਾ ਹੋ ਕੇ,
ਕੰਧੀਂ ਲੱਗ-ਲੱਗ ਰੋਇਆ।
ਹਾਏ ਨੀ! ਆਪਾਂ ਰੋਂਦਾ ਮਸਾਂ,
ਵਰਾਇਆ ਨੀ ਮਾਂਏਂ…
ਫੇਰ ਸੁਣੀਂਦਾ ਓਹੀ ਸ਼ਿਕਰਾ
ਆਇਆ ਨੀ ਮਾਂਏਂ।
ਜਿਸ ਨੂੰ ਲਹੂ ਪਿਆਇਆ,
ਮਾਸ ਖੁਆਇਆ ਨੀ ਮਾਏਂ…
~ ਰਿਤੂ ਵਾਸੂਦੇਵ