ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਵਿਸ਼ਵ ਵਿਖਿਆਤ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਜੀ ਦੀ ਯਾਦ ਨੂੰ ਸਮਰਪਿਤ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਸੰਗੀਤ ਵਿਭਾਗ ਵੱਲੋਂ ਇੱਕ ਸ਼ੋਕ ਸਭਾ ਦਾ ਆਯੋਜਨ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਰਹਿਨੁਮਾਈ ਹੇਠ ਕੀਤਾ ਗਿਆ। ਇਸ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਆਖਿਆ ਕਿ ਗ੍ਰੈਮੀ ਪੁਰਸਕਾਰ ਵਿਜੇਤਾ ਉਸਤਾਦ ਜ਼ਾਕਿਰ ਹੁਸੈਨ ਨੇ ਲਗਪਗ ਛੇ ਦਹਾਕੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ‘ਚ ਤਬਲਾ ਵਜਾ ਕੇ ਭਾਰਤੀ ਸੰਗੀਤ ਨੂੰ ਵਿਸ਼ਵ ਪੱਧਰੀ ਪਹਿਚਾਣ ਦਿੱਤੀ ਹੈ ਜਿਸ ਲਈ ਉਨ੍ਹਾਂ ਨੂੰ ਪਦਮ ਵਿਭੂਸ਼ਣ,ਸੰਗੀਤ ਨਾਟਕ ਅਕੈਡਮੀ, ਗ੍ਰੈਮੀ ਤੇ ਹੋਰ ਅਨੇਕਾਂ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਤੇ ਅੱਜ ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਸੰਗੀਤ ਸਿਖਿਆਰਥੀ ਤਬਲੇ ਦੀ ਤਾਲੀਮ ਹਾਸਲ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜ਼ਾਕਿਰ ਸਾਹਿਬ ਭਾਵੇਂ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਤਬਲੇ ਪ੍ਰਤੀ ਉਨ੍ਹਾਂ ਦਾ ਸਮਰਪਣ ਅਤੇ ਜਿਸ ਮੁਕਾਮ ਤੇ ਅੱਜ ਉਨ੍ਹਾਂ ਨੇ ਤਬਲਾ ਪਹੁੰਚਾਇਆ ਹੈ ਉਸ ਲਈ ਉਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ।ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਪ੍ਰੋ. ਗੁਰਪ੍ਰੀਤ ਸਿੰਘ ਨੇ ਵੀ ਕਿਹਾ ਕਿ ਉਸਤਾਦ ਜ਼ਾਕਿਰ ਹੁਸੈਨ ਨੇ ਐਡੇ ਉੱਚ ਕੋਟੀ ਦੇ ਕਲਾਕਾਰ ਹੁੰਦਿਆਂ ਆਪਣੀ ਨਿਰਮਾਣਤਾ ਨੂੰ ਅਖੀਰੀ ਵਕਤ ਤੱਕ ਨਹੀਂ ਛੱਡਿਆ ਜੋ ਮੈਂ ਅੱਖੀਂ ਡਿੱਠਾ ਹੈ ਤੇ ਪੰਜਾਬ ਘਰਾਣੇ ਦਾ ਤਬਲਾ ਵਜਾਉਣ ਕਰਕੇ ਪੰਜਾਬ ਅਤੇ ਪੰਜਾਬੀਆਂ ਨਾਲ ਉਨ੍ਹਾਂ ਦਾ ਲਗਾਅ ਖ਼ਾਸ ਰਿਹਾ ਹੈ। ਇਸ ਮੌਕੇ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ, ਹਾਜ਼ਰ ਸਟਾਫ਼ ਤੇ ਵਿਦਿਆਰਥੀਆਂ ਨੇ ਉਸਤਾਦ ਜੀ ਦੀ ਤਸਵੀਰ ਅੱਗੇ ਸ਼ਰਧਾ ਸੁਮਨ ਅਰਪਿਤ ਕੀਤੇ ਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਇੱਕ ਮਿੰਟ ਦਾ ਮੌਨ ਵੀ ਰੱਖਿਆ। ਇਸ ਮੌਕੇ ਡਾ. ਗੁਰਵਿੰਦਰ ਸਿੰਘ (ਡੀਨ ਕਲਚਰਲ), ਡਾ. ਕਮਲਦੀਪ ਕੌਰ, ਡਾ. ਨਿਰਮਲਜੀਤ ਕੌਰ, ਡਾ. ਦਵਿੰਦਰ ਕੌਰ, ਡਾ. ਨਵਨੀਤ ਕੌਰ,ਪ੍ਰੋ. ਕਿਸ਼ੋਰ ਅਤੇ ਪ੍ਰੋ. ਤਜਿੰਦਰ ਸਿੰਘ ਸਮੇਤ ਸੰਗੀਤ ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly