13-13 ਸੇਵਾ ਕੇਂਦਰ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਜ਼ਿਲ੍ਹਾ ਵਾਸੀ – ਰਾਜੇਸ਼ ਧੀਮਾਨ

ਲੋੜਵੰਦਾਂ ਨੂੰ ਹਰੇਕ ਸਾਮਾਨ ਕੇਵਲ 13 ਰੁਪਏ ਵਿਚ ਕਰਵਾਇਆ ਜਾਂਦਾ ਹੈ ਮੁੱਹਈਆ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਨਵਾਂਸ਼ਹਿਰ ਇਲਾਕੇ ਦੀ ਨਾਮੀ ਸਮਾਜ ਸੇਵੀ ਸੰਸਥਾ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ (ਰਜਿ.) ਨਵਾਂਸ਼ਹਿਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਅਤੇ ਸਕੱਤਰ ਅਮਰਜੀਤ ਸਿੰਘ ਖਾਲਸਾ ਨਾਲ ਮੁਲਾਕਾਤ ਕਰਕੇ ਸੁਸਾਇਟੀ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਾ) ਰਾਜੀਵ ਵਰਮਾ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਇਸ ਦੌਰਾਨ ਸੁਸਾਇਟੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਜਿਹੀਆਂ ਸੰਸਥਾਵਾਂ ਦੇ ਸਹਿਯੋਗ ਲਈ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਜਿਥੇ ਮਨੁੱਖਤਾ ਦੀ ਭਲਾਈ ਅਤੇ ਲੋੜਵੰਦਾਂ ਦੀ ਮਦਦ ਲਈ ਨਿਸ਼ਕਾਮ ਕਾਰਜ ਕਰ ਰਹੀ ਹੈ, ਉਥੇ ਵਾਤਾਵਰਨ ਨੂੰ ਬਚਾਉਣ, ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਅਤੇ ਲੋੜਵੰਦਾਂ ਨੂੰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਵਿਚ ਵੀ ਇਸ ਦਾ ਵਡਮੁੱਲਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਸੁਸਾਇਟੀ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਲਾਮਿਸਾਲ ਸਨ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਬਾਰਾਦਰੀ ਗਾਰਡਨ, ਨਵਾਂਸ਼ਹਿਰ ਨੇੜੇ ਖੋਲ੍ਹਿਆ ਗਿਆ 13-13 ਸੇਵਾ ਕੇਂਦਰ ਆਪਣੇ ਆਪ ਵਿਚ ਇਕ ਮਿਸਾਲ ਹੈ, ਜਿਥੇ ਲੋੜਵੰਦਾਂ ਨੂੰ ਹਰੇਕ ਸਾਮਾਨ ਕੇਵਲ 13 ਰੁਪਏ ਵਿਚ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕੋਲ ਘਰ ਵਿਚ ਕੋਈ ਵਾਧੂ ਸਾਮਾਨ ਵਧੀਆ ਹਾਲਤ ਵਿਚ ਹੋਵੇ, ਜਿਵੇਂ ਕੱਪੜੇ, ਜੁੱਤੇ, ਕੰਬਲ, ਰਜਾਈਆਂ, ਖਿਡੌਣੇ, ਪਲਾਸਟਿਕ ਦਾ ਸਾਮਾਨ, ਭਾਂਡੇ, ਫਰਨੀਚਰ ਜਾਂ ਘਰੇਲੂ ਵਰਤੋਂ ਦਾ ਕੋਈ ਵੀ ਸਾਮਾਨ, ਜੋ ਵਰਤੋਂ ਵਿਚ ਨਹੀਂ ਹੈ, ਸੰਸਥਾ ਨੂੰ ਦੇ ਕੇ ਮਨੁੱਖਤਾ ਦੀ ਭਲਾਈ ਵਿਚ ਹਿੱਸਾ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜ਼ਿਲ੍ਹਾ ਵਾਸੀਆਂ ਵੱਲੋਂ ਦਿੱਤਾ ਗਿਆ ਸਾਮਾਨ ਕਿਸੇ ਲੋੜਵੰਦ ਦੀ ਲੋੜ ਪੂਰੀ ਕਰੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਨੁੱਖਤਾ ਦੀ ਭਲਾਈ ਲਈ ਵੱਧ ਤੋਂ ਵੱਧ ਯੋਗਦਾਨ ਦੇ ਕੇ ਪੁੰਨ ਖੱਟਣ ਦਾ ਕਾਰਜ ਕਰਨ। ਉਨ੍ਹਾਂ ਲੋੜਵੰਦਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਜ਼ਰੂਰਤ ਦਾ ਸਾਮਾਨ 13-13 ਸਟੋਰ ਤੋਂ ਹਾਸਲ ਕਰਨ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਹਰੇਕ ਸਾਮਾਨ ਘਰ ਤੋਂ ਲਿਆਉਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 99884-36519 ਅਤੇ 98551- 87122 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੁਸਾਇਟੀ ਵੱਲੋਂ ਪਿਛਲੇ ਅੱਠ ਸਾਲਾਂ ਤੋਂ ਗੁਰਦੁਆਰਾ ਸਿੰਘ ਸਭਾ, ਚੰਡੀਗੜ੍ਹ ਚੌਕ, ਨਵਾਂਸ਼ਹਿਰ ਵਿਖੇ ਡਿਸਪੈਂਸਰੀ ਵੀ ਚਲਾਈ ਜਾ ਰਹੀ ਹੈ ਜਿਥੇ ਪਰਚੀ ਨਾਲ ਮੈਡੀਕਲ ਚੈਕਅੱਪ ਕੀਤਾ ਜਾਂਦਾ ਹੈ ਅਤੇ ਦਵਾਈ ਮੁਫਤ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਉਥੇ ਡੈਂਟਲ ਅਤੇ ਚੈਰੀਟੇਬਲ ਲੈਬ ਵੀ ਲਾਈਫ ਕੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ, ਜਿਥੇ ਕਿਡਨੀ ਅਤੇ ਕੈਂਸਰ ਦੇ ਮਰੀਜ਼ਾਂ ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦੇ ਸਮੂਹ ਮੈਂਬਰ ਸਮਰਪਣ ਅਤੇ ਸੇਵਾ ਭਾਵਨਾ ਨਾਲ ਮਨੁੱਖਤਾ ਦੀ ਭਲਾਈ ਦੇ ਕਾਰਜ ਵਿਚ ਆਪਣਾ ਯੋਗਦਾਨ ਦੇ ਰਹੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਤਨੀ ਨਾਲ 10 ਸਾਲ ਤੱਕ 50 ਤੋਂ ਵੱਧ ਲੋਕਾਂ ਨੇ ਕੀਤਾ ਬਲਾਤਕਾਰ, ਬੈਂਕ ਕਰਮਚਾਰੀ ਅਤੇ ਪੱਤਰਕਾਰ ਵੀ ਬਲਾਤਕਾਰੀਆਂ ‘ਚ ਸ਼ਾਮਲ ਸਨ।
Next articleਜ਼ਿਲ੍ਹਾ ਲਾਇਬ੍ਰੇਰੀ ਵਿਖੇ ਬੇਰੋਜ਼ਗਾਰ ਪ੍ਰਾਰਥੀਆਂ ਲਈ ਮੁਫ਼ਤ ਕਾਊਂਂਸਲਿੰਗ ਸ਼ੁਰੂ