(ਸਮਾਜ ਵੀਕਲੀ)
ਸ਼ਹਾਦਤਾਂ ਦਾ ਦੌਰ ਸਾਡਾ ਚੱਲਦਾ ਹੀ ਰਿਹਾ ਹੈ,
ਨਿੱਤ ਹੀ ਸ਼ਹਾਦਤਾਂ ਵਿੱਚ ਸਿੱਖ ਧਰਮ ਰਿਹਾ ਹੈ।
ਹੱਕ ਸੱਚ ਲਈ.. ਸਦਾ ਹੀ ਲੜਦਾ ਆਇਆ ਹੈ,
ਖੁਦ ਨੂੰ ਪਿੱਛੇ ਰੱਖ ਹੋਰਾਂ ਲਈ ਅੱਗੇ ਆਉਂਦਾ ਰਿਹਾ ਹੈ।
ਐਸਾ ਕੀ ਗੁਨਾਹ ਕੀਤਾ, ਸਭ ਦਾ ਜੋ ਸੋਚਿਆ,
ਪੂਰੀ ਮਾਨਵਤਾ ਲਈ ਸਦਾ ਅੱਗੇ ਹੋ ਲੜਦਾ ਰਿਹਾ ਹੈ।
ਬੰਦ-ਬੰਦ ਕਟਵਾਏ, ਕਦੀ ਚੜਖੜੀਆਂ ‘ਤੇ ਵੀ ਚੜਾਏ,
ਨਿੱਤ ਹੀ ਜ਼ਾਲਮਾਂ ਨਾਲ਼ ਹਿੰਮਤ ਕਰ ਖਹਿੰਦਾ ਰਿਹਾ ਹੈ।
ਹਰ ਉਮਰ ਦੀ ਸ਼ਹਾਦਤ ਮਿਲ ਜਾਵੇ ਧਰਮ ਵਿੱਚੋਂ,
ਬੱਚੇ ਕਟਵਾ, ਹਾਰ ਗਲਾਂ ਵਿੱਚ ਪਵਾਉਂਦਾ ਰਿਹਾ ਹੈ।
ਮੂੰਹ ‘ਚ ਕਲੇਜਾ ਪੁੱਤ ਦਾ ਜ਼ਾਲਮ ਧੱਕਦਾ ਰਿਹਾ ਹੈ,
ਪਰ ਸੱਚਾ ਸਿੱਖ ਧਰਮ ‘ਤੇ ਸਦਾ ਖਰਾ ਹੀ ਰਿਹਾ ਹੈ।
ਪੋਟਿਆਂ ‘ਤੇ ਗਿਣੀਆਂ ਨਾ ਜਾਂਦੀਆਂ ਸ਼ਹਾਦਤਾਂ,
ਬੱਚਾ, ਬੁੱਢਾ, ਜਵਾਨ ਸਮੇ-ਸਮੇਂ ਸ਼ਹੀਦ ਹੁੰਦਾ ਰਿਹਾ ਹੈ।
ਖੋਪੜੀਆਂ ਲੁਹਾਈਆਂ, ਦੇਗਾਂ ‘ਚ ਉਬਾਲਿਆ,
ਰੂੰ ਵਿੱਚ ਬੰਨ੍ਹ ਜ਼ਾਲਮ ਸ਼ਰੇਆਮ ਸਾੜਦਾ ਰਿਹਾ ਹੈ।
ਚੌਰਾਹੇ ਵਿੱਚ ਸੀਸ ਗੁਰੂ ਜੀ ਨੇ ਮਨੁੱਖਤਾ ਲਈ ਲੁਹਾਇਆ,
ਅੱਗੇ ਆ ਕੇ ਦੇਸ਼,ਧਰਮ ਅਤੇ ਕੌਮ ਨੂੰ ਬਚਾਇਆ ਹੈ।
ਚਮਕੌਰ ਵਾਲੀ ਗੜ੍ਹੀ ਵਿੱਚ ਸ਼ਹੀਦ ਬਾਲ ਕਰਵਾਏ,
ਨੀਹਾਂ ਵਿੱਚ ਮਾਸੂਮ ਪੁੱਤ.. ਚਿਣਵਾਉਂਦਾ ਰਿਹਾ ਹੈ।
ਮੁੱਲ ਨਾ ਕੋਈ ਤਾਰ ਸਕਿਆ ਇਹਨਾਂ ਸ਼ਹੀਦੀਆਂ ਦਾ,
ਜ਼ਾਲਿਮ ਜ਼ੁਲਮ ਦੀ ਇੰਤਹਾ ਹਮੇਸ਼ਾ ਹੀ ਕਰਦਾ ਰਿਹਾ ਹੈ।
ਲਿਖ ਜ਼ਫ਼ਰਨਾਮਾ ਔਰੰਗਜ਼ੇਬ ਜਿਊਂਦੇ ਜੀਅ ਹੀ ਮਾਰ ਦਿੱਤਾ,
ਸਬਰ,ਸੰਤੋਖ ਅਤੇ ਹਲੀਮੀ ਨਾਲ਼ ਟਾਕਰਾ.. ਸਿੰਘ ਕਰਦਾ ਰਿਹਾ ਹੈ।
ਪਰਵੀਨ ਕੌਰ ਸਿੱਧੂ