ਭੂਤਾਂ ਦੇ ਸ਼ਿਕਾਰ

ਡਾਕਟਰ ਇੰਦਰਜੀਤ ਕਮਲ 
ਡਾਕਟਰ ਇੰਦਰਜੀਤ ਕਮਲ 
(ਸਮਾਜ ਵੀਕਲੀ)  ਕਲੀਨਿਕ ਦੇ ਸਾਹਮਣੇ ਮਾਰੂਤੀ ਵੈਨ ਆ ਕੇ ਰੁਕੀ ਤਾਂ ਉਹਦੇ ਵਿੱਚੋਂ ਅਲੱਗ ਅਲੱਗ ਉਮਰ ਦੇ ਦਸ ਲੋਕ ਨਿਕਲੇ , ਜਿਹਨਾਂ ਵਿੱਚੋਂ ਇੱਕ ਔਰਤ ਨੇ  11,12 ਵਰ੍ਹਿਆਂ ਦੇ ਇੱਕ ਮੁੰਡੇ ਨੂੰ ਆਪਣੀਆਂ ਬਾਹਾਂ ‘ਤੇ ਚੁੱਕਿਆ ਹੋਇਆ ਸੀ , ਜੋ ਬੁਰੀ ਤਰ੍ਹਾਂ ਤੜਫ ਰਿਹਾ ਸੀ। ਮੈਨੂੰ ਸਮਝ ਲੱਗ ਗਈ ਕਿ ਇਹ ਉੱਤਰ ਪ੍ਰਦੇਸ਼ ਤੋਂ ਆਏ ਉਹੀ ਲੋਕ ਹਨ , ਜਿਹਨਾਂ ਬਾਰੇ ਉਹਨਾਂ ਦੇ ਇੱਕ ਰਿਸ਼ਤੇਦਾਰ ਨੇ ਫੋਨ ਤੇ ਗੱਲ ਕੀਤੀ ਸੀ ਕਿ ਉਹ ਟੱਬਰ ਓਪਰੀਆਂ ਕਸਰਾਂ ਤੋਂ ਬਹੁਤ ਤੰਗ ਹੈ।
                        ਰੋਣਹਾਕੀ ਹੋਈ ਔਰਤ ਨੇ ਅੰਦਰ ਆਉਂਦਿਆਂ ਹੀ ਬੱਚੇ ਨੂੰ ਬੈਂਚ ਉੱਤੇ ਲੰਮਾਂ ਪਾ ਦਿੱਤਾ । ਮੈਂ ਸਾਰਿਆਂ ਨੂੰ ਛੱਡ ਕੇ ਉਸ ਬੱਚੇ ਕੋਲ ਜਾ ਬੈਠਾ । ਉਹ ਇੰਝ ਤੜਫ ਰਿਹਾ ਸੀ ਜਿਵੇਂ ਕੁਝ ਪਲਾਂ ਦਾ ਹੀ ਮਹਿਮਾਨ ਹੋਵੇ ! ਉਹਦਾ  ਸਰੀਰ ਬਹੁਤ ਤਪਿਆ ਹੋਇਆ ‘ਤੇ ਧੜਕਣ ਇੰਨੀ ਵਧੀ ਹੋਈ ਸੀ ਕਿ ਗਿਣਤੀ ਕਰਨੀ ਵੀ ਮੁਸ਼ਕਿਲ ਸੀ । ਬੁਖਾਰ ਚੈੱਕ ਕੀਤਾ ਤਾਂ 102 ਡਿਗਰੀ ਤੋਂ ਉੱਪਰ ਸੀ । ਅੱਧਖੁੱਲ੍ਹੀਆਂ ਅੱਖਾਂ , ਬੇਹੱਦ ਤੇਜ਼ ਧੜਕਣ , ਤੇਜ਼ ਬੁਖਾਰ ਅਤੇ ਤੜਫਦਾ ਬੱਚਾ  ਵੇਖਦੇ ਹੋਏ , ਮੈਂ ਉਹਨਾਂ ਨੂੰ ਕਿਸੇ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਸਲਾਹ ਦਿੱਤੀ ਤਾਂ ਉਹਨਾਂ ਕਈ ਹਸਪਤਾਲਾਂ ਦੇ ਕਾਗਜ਼ ਪੱਤਰ ਮੇਰੇ ਅੱਗੇ ਰੱਖ ਦਿੱਤੇ । ਉਹਨਾਂ ਦੱਸਿਆ ਕਿ ਉਹ ਪਿੱਛਲੇ ਕਈ ਮਹੀਨਿਆਂ ‘ਚ ਹਸਪਤਾਲਾਂ , ਬਾਬਿਆਂ , ਓਝਿਆਂ ਤਾਂਤ੍ਰਿਕਾਂ ਮੌਲਵੀਆਂ ਤੇ ਹੋਰ ਵੀ ਹਰ ਤਰ੍ਹਾਂ ਦੇ ਸਿਆਣਿਆਂ ਕੋਲੋਂ ਹੋ ਆਏ ਹਨ । ਸਿਆਣਿਆਂ ਨੂੰ ਛੱਡ ਕੇ ਮੈਂ ਹਸਪਤਾਲ ਵਾਲਿਆਂ ਦੀ ਰਾਏ ਜਾਣਨੀ ਚਾਹੀ ਤਾਂ ਸਾਰੇ ਪਰਿਵਾਰ ਨੇ ਇੱਕ ਸੁਰ ਵਿੱਚ ਕਿਹਾ ਕਿ ਹਸਪਤਾਲਾਂ ਵਾਲੇ ਕਹਿੰਦੇ ਨੇ ਕਿ ਇਹਨੂੰ ਕੋਈ ਬਿਮਾਰੀ ਨਹੀਂ ਹੈ ।  ਘਰਦਿਆਂ  ਨੇ ਦੱਸਿਆ ਕਿ ਵਿੱਚੋਂ ਕਈ ਦਿਨ ਠੀਕ ਵੀ  ਰਹਿੰਦਾ ਹੈ ,ਪਰ ਰਾਤ ਦਾ ਬਹੁਤ ਪੇਰਸ਼ਨ ਹੈ । ਮੈਨੂੰ ਸਮਝਣ ਵਿੱਚ ਕੋਈ ਦੇਰ ਨਾ ਲੱਗੀ ਕਿ ਇਸ ਓਪਰੀ ਕਸਰ ਨੇ ਇਹ ਗਰੀਬ ਪਰਿਵਾਰ ਜਰੂਰ ਕਰਜਾਈ ਕੀਤਾ ਹੋਊ ।
                  ਉਹਦੀ ਮਾਂ ਭਰੇ ਗੱਚ ਨਾਲ ਕਹਿੰਦੀ ,” ਡਾਕਟਰ ਸਾਹਬ ਬੜੀ ਆਸ ਨਾਲ ਆਏ ਹਾਂ ਸਾਨੂੰ ਓਪਰੀ ਚੀਜ਼ ਤੋਂ ਛੁਟਕਾਰਾ ਦਿਵਾਓ ।”
                      ਮੈਂ ਬੱਚੇ ਦੇ  ਮੱਥੇ ਉੱਪਰ ਹੱਥ ਰੱਖ ਕੇ ਬੱਚੇ ਨੂੰ ਮੁਖਾਤਿਬ ਹੁੰਦੇ ਹੋਏ  ਕਿਹਾ ਕਿ ਮੇਰੇ ਤਿੰਨ ਤੱਕ ਗਿਣਤੀ ਕਰਦਿਆਂ ਤੇਰਾ ਸਰੀਰ ਫਾਲਤੂ ਹਿੱਲਣਾ ਬੰਦ ਕਰ ਦੇਵੇਗਾ । ਮੈਂ ਇੱਕ ……….  ਕਹਿ ਕੇ ਕੁਝ ਜ਼ਰੂਰੀ ਸੁਝਾਅ ਦਿੱਤੇ ਤਾਂ ਉਹਦੀ ਹਰਕਤ ਕੁਝ ਘਟ ਗਈ , ਇਸੇ ਤਰ੍ਹਾਂ ਦੋ ….. …. ਕਹਿਣ ਤੋਂ ਬਾਅਦ ਦਿੱਤੇ ਸੁਝਾਅ ਵੀ ਆਪਣਾ ਅਸਰ ਵਿਖਾ ਗਏ ਅਤੇ ਤਿੰਨ …………. ਤੋਂ ਬਾਅਦ ਦਿੱਤੇ ਸੁਝਾਅ ਉਹਨੂੰ ਤੜਫਣਾ ਬੰਦ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਗਏ ।
                                           ਇਸੇ ਤਰ੍ਹਾਂ ਉਹਦੇ ਦਿਲ ਦੀ ਧੜਕਣ ਨੂੰ ਸਧਾਰਣ ਅਵਸਥਾ ਵਿੱਚ ਲਿਆਉਣ ਤੋਂ ਬਾਅਦ , ਮੈਂ ਬੁਖਾਰ ਬਾਰੇ ਵੀ ਇਸੇ ਤਰ੍ਹਾਂ ਸੁਝਾਅ ਦਿੱਤੇ ਤਾਂ ਹੈਰਾਨੀ ਦੀ ਗੱਲ ਸੀ ਕਿ ਬੁਖਾਰ ਵੀ ਉੱਤਰ ਗਿਆ । ਹੁਣ ਮੈਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਉਹਦੀ ਸਾਰੀ ਬਿਮਾਰੀ ਹੀ ਮਾਨਸਿਕ ਹੈ । ਬੱਚੇ ਦੀ ਸਰੀਰਕ ਜਾਂਚ ਕਰਕੇ ਉਹਦੇ ਬਾਰੇ ਤਸੱਲੀ ਹੋਣ ਤੋਂ ਬਾਅਦ ਮੈਂ ਹੋਰ ਮਰੀਜ਼ ਵੇਖਣ ਲੱਗ ਪਿਆ ਤਾਂ ਮੁੰਡੇ ਦੀ ਮਾਂ ਉਹਨੂੰ ਬੇਸੁੱਧ ਪਏ ਨੂੰ ਹਿਲਾ ਹਿਲਾ ਪੁੱਛ ਰਹੀ ਸੀ ਹੁਣ ਤਾਂ ਨਹੀਂ ਘਬਰਾਹਟ ਹੁੰਦੀ ? ਪਰ ਉਹ ਕੁਝ ਨਹੀਂ ਸੀ ਬੋਲ ਰਿਹਾ । ਮੈਂ ਉਸ ਔਰਤ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਕਹਿੰਦੀ ,” ਇਹ ਹੋਸ਼ ਕਿਓਂ ਨਹੀਂ ਕਰ ਰਿਹਾ ?”
                    ਮੈਂ ਉਹਨੂੰ ਸਮਝਾਇਆ ਕਿ ਪਿਛਲੇ ਕਈ ਘੰਟਿਆਂ ਤੋਂ ਪਰੇਸ਼ਾਨ ਰਹਿਣ ਕਰਕੇ ਇਹਨੂੰ ਆਰਾਮ ਦੀ ਸਖਤ ਲੋੜ ਹੈ ਇਹਨੂੰ ਆਰਾਮ ਕਰਨ ਦਿਓ ।
                    ਬਾਕੀ ਮਰੀਜ਼ ਵੇਖਦਿਆਂ ਵੇਖਦਿਆਂ ਮੇਰਾ ਧਿਆਨ ਉਸ ਬੱਚੇ ਵੱਲ ਵੀ ਸੀ । ਜਦੋਂ ਉਹਨੇ ਪਾਸਾ ਪਲਟਿਆ ਅਤੇ ਇੱਕ ਦੋ ਵਾਰ ਸਰੀਰ ਦੀ ਆਕੜ ਭੰਨੀ ਤਾਂ ਮੈਨੂੰ ਚੰਗੇ ਦਾ ਅਹਿਸਾਸ ਹੋਇਆ । ਬੱਚੇ ਦੀ ਮਾਂ ਨੇ ਦੱਸਿਆ ਕਿ ਬੱਚੇ ਦੀਆਂ ਤਿੰਨ ਭੈਣਾਂ ਨੂੰ ਵੀ ਓਪਰੀ ਕਸਰ ਹੁੰਦੀ ਹੈ । ਕਾਲਜੇ ‘ਚ ਦਰਦ , ਧੜਕਣ ਵਧਣਾ ਅਤੇ ਘਬਰਾਹਟ ਹੋਣਾ ਉਹਨਾਂ ਦਾ ਰੋਜ਼ ਦਾ ਕੰਮ ਹੈ । ਮੈਂ ਉਹਨਾਂ ਕੁੜੀਆਂ ਨੂੰ ਲੋੜੀਂਦੀ ਮਾਨਸਿਕ ਸਹਾਇਤਾ ਅਤੇ ਸੁਝਾਅ ਦਿੰਦੇ ਹੋਏ ਨੋਟ ਕੀਤਾ ਕਿ ਅਸਲੀ ਇਲਾਜ ਦੀ ਲੋੜ ਬੱਚਿਆਂ ਦੀ ਮਾਂ ਨੂੰ ਵੀ ਹੈ, ਜਿਹਨੇ ਬੱਚਿਆਂ ਦੇ ਮਨਾਂ ਵਿੱਚ ਦਹਿਸ਼ਤ ਪਾਈ ਹੋਈ ਹੈ । ਇੰਨੇ ਚਿਰ ਨੂੰ ਮੁੰਡੇ ਨੇ ਅੱਖਾਂ ਖੋਲ੍ਹਕੇ ਆਸੇ ਪਾਸੇ ਵੇਖਿਆ ਤਾਂ ਮੈਂ ਉਹਨੂੰ ਉਠਾਕੇ ਬੈਠਾ ਦਿੱਤਾ ।
                            ਜਦੋਂ ਉਹਨਾਂ ਘਟਨਾ ਦਾ ਪਿਛੋਕੜ ਫਰੋਲਿਆ ਤਾਂ ਪਤਾ ਲੱਗਾ ਕਿ ਬੱਚਿਆਂ ਦਾ ਬਾਪ ਉੱਤਰ ਪ੍ਰਦੇਸ਼ ਦੇ ਹੀ ਕਿਸੇ ਦੁਰਾਡੇ ਜਿਲ੍ਹੇ ਵਿੱਚ ਕਿਸੇ ਕੋਲ ਨੌਕਰੀ ਕਰਦਾ ਹੈ ਤੇ ਕਦੇ ਕਦੇ ਹੀ ਘਰ ਆਉਂਦਾ ਹੈ । ਮੰਦੀ ਆਰਥਿਕ ਹਾਲਤ ਕਾਰਣ ਲਾਗੇ ਬੰਨੇ ਵਾਲੇ ਲੋਕ ਅਤੇ ਰਿਸ਼ਤੇਦਾਰ ਵੀ ਘੱਟ ਹੀ ਲਾਗੇ ਲਗਦੇ ਹਨ  । ਮਾਂ ਬੱਚਿਆਂ ਨੂੰ ਘਰੋਂ ਬਾਹਰ ਨਿਕਲਣ ਤੋਂ ਵੀ ਕਈ ਤਰ੍ਹਾਂ ਦੇ ਵਹਿਮਾਂ ਨਾਲ ਡਰਾ ਕੇ ਰੱਖਦੀ ਸੀ ਅਤੇ ਖੁਦ ਵੀ ਕਈ ਤਰ੍ਹਾਂ ਦੇ ਵਹਿਮਾਂ ਦੀ ਸ਼ਿਕਾਰ ਹੈ । ਉਸ ਔਰਤ ਨੂੰ ਵੀ ਕਈ ਤਰ੍ਹਾਂ ਦੇ ਸੁਝਾਅ ਦੇਣ ਤੋਂ ਬਾਅਦ ਮੈਂ ਉਹਨਾਂ ਨੂੰ ਭੇਜ ਦਿੱਤਾ ।
                         ਦੂਰੋਂ ਆਉਣ ਕਰਕੇ ਜ਼ਿਆਦਾ ਖਰਚੇ ਤੋਂ ਬਚਾਉਣ ਲਈ ,ਮੈਂ ਉਹਨਾਂ ਨੂੰ ਦੁਬਾਰਾ ਬੁਲਾਉਣ ਦੀ ਥਾਂ ਜ਼ਰੂਰਤ ਵੇਲੇ ਫੋਨ ‘ਤੇ ਗੱਲ ਕਰਨ ਦੀ ਸਲਾਹ ਦਿੱਤੀ । ਪਿਛਲੇ ਹਫਤੇ ਚਾਰ ਪੰਜ ਵਾਰ ਉਹਨਾਂ ਦਾ ਫੋਨ ਆਇਆ ਅਤੇ ਮੇਰੇ ਸੁਝਾਵਾਂ ਤੇ ਅਮਲ ਕਰਣ ਨਾਲ ਮਸਲਾ ਹੱਲ ਹੋ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly    
Previous articleਗੁਰੂ ਨਾਨਕ ਦੇ ਸੱਚੇ ਪੈਰੋਕਾਰ
Next articleਕਹਾਣੀ ਅਤੇ ਕਹਾਣੀਕਾਰ