ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ਸਮਾਂ ਸਭ ਚੀਜ਼ਾਂ ਨੂੰ ਹਜ਼ਮ ਕਰ ਲੈਂਦਾ ਹੈ ,ਪਰ ਆਪ ਸਥਿਰ ਹੈ । ਸਮਾਂ ਸਭ ਨੂੰ ਛੱਡ ਜਾਂਦਾ ਹੈ, ਪਰ ਸਮੇਂ ਨੂੰ ਕੋਈ ਨਹੀਂ ਛੱਡ ਸਕਦਾ । ਲੋਕਾਂ ਦੇ ਸੁੱਤਿਆਂ “ਤੇ ਵੀ ਸਮਾਂ ਜਾਗਦਾ ਰਹਿੰਦਾ ਹੈ ।ਜੀਵਨ ਵਿੱਚ ਸਫ਼ਲਤਾ ਦੇ ਬੁਨਿਆਦੀ ਅਸੂਲਾਂ ਵਿੱਚੋਂ ਇੱਕ ਹੈ ,ਸਮੇਂ ਦਾ ਪਾਬੰਦ ਹੋਣਾ । ਸਾਨੂੰ ਸਾਰੇ ਕੰਮ ਸਮੇਂ ਅਨੁਸਾਰ ਕਰਨੇ ਚਾਹੀਦੇ ਹਨ । ਕੰਮ ਨੂੰ ਵੇਲੇ ਸਿਰ ਕਰਨਾ ਬਹੁਤ ਜ਼ਰੂਰੀ ਹੈ। ਪਰ ਸਾਡੇ ਦੇਸ਼ ਵਿੱਚ ਇਸ ਦੀ ਵਰਤੋਂ ਬਹੁਤ ਘੱਟ ਲੋਕ ਕਰਦੇ ਹਨ। ਕੰਮ ਨੂੰ ਵੇਲੇ ਸਿਰ ਕਰਨ ਵਾਲਾ ਆਦਮੀ ਸਾਨੂੰ ਏਸ ਕਰਕੇ ਚੰਗਾ ਲੱਗਦਾ ਹੈ ਕਿਉਂਕਿ ਉਹ ਇਕਰਾਰ ਦਾ ਪੱਕਾ ਰਹਿੰਦਾ ਹੈ। ਜਿਸ ਨਾਲ ਦੋਹਾਂ ਧਿਰਾਂ ਨੂੰ ਸਕੂਨ ਮਿਲਦਾ ਹੈ। ਵੇਲੇ ਸਿਰ ਕੰਮ ਨਾ ਕਰਨ ਵਾਲਾ ਆਦਮੀ ਸਾਡੇ ਕੰਮਾਂ ਵਿਚ ਦਖਲ ਦਿੰਦਾ ਰਹਿੰਦਾ ਹੈ, ਅਤੇ ਸਾਡਾ ਸਮਾਂ ਵਿਅਰਥ ਗਵਾਉਂਦਾ ਹੈ ।ਕੰਮ ਨੂੰ ਵੇਲੇ ਸਿਰ ਕਰਨ ਨਾਲ ਮਨੁੱਖ ਵਿੱਚ ਹੋਰ ਵੀ ਕਈ ਗੁਣ ਪੈਦਾ ਹੁੰਦੇ ਹਨ। ਜਿਵੇਂ ਕੰਮ ਨੂੰ ਤਰੀਕੇ ਸਿਰ ਕਰਨਾ, ਹਿਸਾਬ ਦਾ ਚੰਗੀ ਤਰ੍ਹਾਂ ਰਹਿਣਾ ਅਤੇ ਇਕਰਾਰ ਪੂਰਾ ਕਰਨਾ ਆਦਿ।
ਵੱਡੇ ਆਦਮੀ ਸਮੇਂ ਦੀ ਕਦਰ ਕਰਨ ਕਰਕੇ ਇਹੋ ਜਿਹੇ ਗੁਣਾਂ ਦੇ ਮਾਲਕ ਹੁੰਦੇ ਹਨ । ਇੱਕ ਵਾਰ ਮਹਾਨ ਜਰਨੈਲ ਨੈਪੋਲੀਅਨ ਨੇ ਆਪਣੇ ਜਰਨੈਲਾਂ ਨੂੰ ਖਾਣੇ ਤੇ ਸੱਦਿਆ। ਐਨ ਵਕਤ ਸਿਰ ਨੈਪੋਲੀਅਨ ਨੇ ਖਾਣਾ ਸ਼ੁਰੂ ਕਰ ਦਿੱਤਾ। ਜਦੋਂ ਖਾਣਾ ਮੁੱਕ ਗਿਆ ਤਾਂ, ਜਰਨੈਲ ਆ ਗਏ। ਨੈਪੋਲੀਅਨ ਨੇ ਕਿਹਾ ,’ਖਾਣੇ ਦਾ ਵਕਤ ਬੀਤ ਚੁੱਕਾ ਹੈ ,ਆਓ ਹੁਣ ਕੰਮ ਤੇ ਚਲਦੇ ਹਾਂ ਤਾਂ ,ਕਿ ਉੱਧਰੋਂ ਵੀ ਨੁਕਸਾਨ ਨਾ ਹੋ ਜਾਵੇ।’ ਜਰਨੈਲਾਂ ਨੂੰ ਭੁੱਖੇ ਹੀ ਨੈਪੋਲੀਅਨ ਨਾਲ ਕੰਮ ਤੇ ਜਾਣਾ ਪਿਆ।ਨੈਪੋਲੀਅਨ ਕਹਿੰਦਾ ਹੁੰਦਾ ਸੀ, ‘ਹਰ ਇੱਕ ਘੜੀ ਜੋ ਅਸੀਂ ਹੱਥੋਂ ਗਵਾਉਂਦੇ ਹਾਂ, ਸਾਡੀ ਬਦਕਿਸਮਤੀ ਦੇ ਖ਼ਜ਼ਾਨੇ ਵਿੱਚ ਜਮ੍ਹਾਂ ਹੁੰਦੀ ਰਹਿੰਦੀ ਹੈ।’ਸੋ ਵਕਤ ਦੀ ਪਾਬੰਦੀ ਸਾਡੇ ਲਈ ਬਹੁਤ ਜ਼ਰੂਰੀ ਹੈ । ਜੀਵਨ ਕਿੰਨਾ ਵੀ ਛੋਟਾ ਹੋਵੇ ਸਮੇਂ ਦੀ ਬਰਬਾਦੀ ਨਾਲ ਉਸ ਨੂੰ ਹੋਰ ਛੋਟਾ ਬਣਾ ਦਿੱਤਾ ਜਾਂਦਾ ਹੈ ਮਹਾਂ ਕਵੀ ਵੀਰ ਸਿੰਘ ਜੀ ਨੇ ਲਿਖਿਆ ਹੈ
ਹੋ !ਸੰਭਲ ਸੰਭਲ ਇਸ ਅੱਜ ਨੂੰ, ਇਹ ਬੀਤੇ ਮਹਾਰਸ ਪੀਂਦਿਆਂ।
ਹਰਿ ਰਸ ਵਿੱਚ ਮੱਤੇ ਖੀਵਿਆ ਹਰੀ ਰੰਗ ਹਰਿ ਕੀਰਤ ਚਾਹੁੰਦਿਆ।
ਜਿਸ ਨੇ ਸ਼ਾਮ ਨਹੀਂ ਸੰਭਾਲੀ ਉਸ ਦੀ ਸਵੇਰ ਕਦੇ ਵੀ ਚਾਨਣ ਵਾਲੀ ਨਹੀਂ ਹੋ ਸਕਦੀ ।
ਆਪ ਜੀ ਦਾ ਸ਼ੁਭ ਚਿੰਤਕ ਪਾਠਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349