ਸਮਾਜ ਵੀਕਲੀ ਯੂ ਕੇ-
ਜਲੰਧਰ (ਜੱਸਲ)- “ਸਿੱਖਿਆ ਹੀ ਵਿਦਿਆਰਥੀ ਦੇ ਮਿੱਥੇ ਹੋਏ ਟੀਚੇ ‘ਤੇ ਪਹੁੰਚਣ ਲਈ ਸਹਾਈ ਸਿੱਧ ਹੁੰਦੀ ਹੈ ਅਤੇ ਸਿੱਖਿਆ ਨਾਲ ਹੀ ਤੁਹਾਡੇ ਜ਼ਿੰਦਗੀ ਦੇ ਬੰਦ ਪਏ ਦਰਵਾਜ਼ੇ ਖੁੱਲ੍ਹਦੇ ਹਨ। ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ “ਐਜੂਕੇਸ਼ਨ” ਨੂੰ ਪਹਿਲਾ ਪੈਗਾਮ ਮੰਨਿਆ ਹੈ।” ਇਹ ਵਿਚਾਰ ਅੱਜ ਪ੍ਰਿੰਸੀਪਲ ਡਾ. ਦਰਸ਼ਨ ਸਿੰਘ ਦਰਸ਼ਨ ਸਾਬਕਾ ਉਪ ਸਿੱਖਿਆ ਅਫਸਰ ਜੀ ਨੇ ਬਾਬਾ ਸਾਹਿਬ ਜੀ ਦੇ ਪ੍ਰੀਨਿਰਵਾਣ ਦਿਵਸ ‘ਤੇ ਡਾ.ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਜਲੰਧਰ ਵਿਖੇ ਮੁੱਖ ਮਹਿਮਾਨ ਵਜੋਂ ਕਹੇ।
ਪ੍ਰਿੰਸੀਪਲ ਡਾ. ਦਰਸ਼ਨ ਸਿੰਘ ਜੀ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਵਿਚਾਰ ਨੂੰ ਦੁਹਰਾਉਂਦਿਆਂ ਕਿਹਾ ਕਿ ‘ਸਿੱਖਿਆ ਸ਼ੇਰਨੀ ਦਾ ਦੁੱਧ ਹੈ, ਜੋ ਪੀਵੇਗਾ ਉਹੀ ਦਹਾੜੇਗਾ।’ ਭਾਵ ਸਿੱਖਿਅਤ ਵਿਅਕਤੀ ਆਪਣੀ ਸੂਝਬੂਝ ਨਾਲ ਸਮਾਜ, ਦੇਸ਼ ਅਤੇ ਰਾਸ਼ਟਰ ਦੇ ਵਿਕਾਸ ਅਤੇ ਨਿਰਮਾਣ ਵਿੱਚ ਆਪਣਾ ਉੱਘਾ ਯੋਗਦਾਨ ਪਾਉਂਦਾ ਹੈ। ਜ਼ਿੰਦਗੀ ਵਿੱਚ ਸਫਲ ਮਨੁੱਖ ਬਣਦਾ ਹੈ। ਉਹ ਜਾਤ – ਪਾਤ, ਧਰਮ ਅਤੇ ਅੰਧ ਵਿਸ਼ਵਾਸਾਂ ਤੋਂ ਉੱਪਰ ਉੱਠ ਕੇ ਵਿਗਿਆਨਿਕ ਅਤੇ ਤਰਕ ਬੁੱਧੀ ਨਾਲ ਸਮਾਜ ਨੂੰ ਅੱਗੇ ਲਿਜਾਣ ਵਿੱਚ ਸਹਾਈ ਸਿੱਧ ਹੁੰਦਾ ਹੈ। ਬਾਬਾ ਸਾਹਿਬ ਜੀ ਨੇ ਸੰਕਲਪ ਲੈਂਦਿਆਂ ਕਿਹਾ ਸੀ ਕਿ “ਜਿਸ ਵਰਗ ਵਿੱਚ ਮੈਂ ਜਨਮ ਲਿਆ ਹੈ ਜੇਕਰ ਮੈਂ ਉਹਨਾਂ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਨਾ ਤੋੜ ਸਕਿਆ ਤਾਂ ਮੈਂ ਆਪਣਾ ਜੀਵਨ ਗੋਲੀ ਮਾਰ ਕੇ ਖਤਮ ਕਰਾਂਗਾ।” ਬਾਬਾ ਸਾਹਿਬ ਦਾ ਇਹ ਸੰਕਲਪ ਤੇ ਦ੍ਰਿੜ ਇਰਾਦਾ ਹੀ ਸੀ। ਜਿਸ ਕਰਕੇ ਉਹਨਾਂ ਨੇ ਵੱਧ ਤੋਂ ਵੱਧ ਗਿਆਨ ਹਾਸਲ ਕੀਤਾ, ਭਾਵੇਂ ਉਹਨਾਂ ਨੂੰ ਕਈ ਔਕੜਾਂ, ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇਸ ਲਈ ਵਿਦਿਆਰਥੀਆਂ ਨੂੰ ਵੀ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਸੰਕਲਪ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਬਾਬਾ ਸਾਹਿਬ ਦਾ ਫਲਸਫਾ ਸਮਾਨਤਾ, ਸੁਤੰਤਰਤਾ ਤੇ ਭਾਈਚਾਰੇ ‘ਤੇ ਆਧਾਰਿਤ ਹੈ।
ਸਕੂਲ ਦੇ ਪ੍ਰਿੰਸੀਪਲ, ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮਾਣਯੋਗ ਪ੍ਰਿੰਸੀਪਲ ਡਾਕਟਰ ਦਰਸ਼ਨ ਸਿੰਘ ਜੀ ਦਾ ਸਕੂਲ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਬਾਬਾ ਸਾਹਿਬ ਜੀ ਦੀ ਤਸਵੀਰ ‘ਤੇ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਪ੍ਰਿੰਸੀਪਲ ਪਰਮਜੀਤ ਜੱਸਲ ਨੇ ਕਿਹਾ ਕਿ ਤਾਂ ਬਾਬਾ ਸਾਹਿਬ ਜੀ ਨੇ ਆਪਣੇ ਨਿੱਜੀ ਸਕੱਤਰ ਸ਼੍ਰੀ ਨਾਨਕ ਚੰਦ ਰੱਤੂ ਨਾਲ ਸਮਾਜ ਦੀ ਚਿੰਤਾ ਕਰਦਿਆਂ ਕਿਹਾ ਸੀ ਕਿ “ਮੈਂ ਇਹ ਕਾਰਵਾਂ ਬੜੀਆਂ ਦੁੱਖਾਂ, ਤਕਲੀਫਾਂ ਨਾਲ ਇੱਥੇ ਤੱਕ ਲੈ ਕੇ ਆਇਆ ਹਾਂ, ਜੇ ਮੇਰੇ ਸ਼ਰਧਾਲੂ ਪੈਰੋਕਾਰ ਇਸ ਕਾਰਵਾਂ ਨੂੰ ਅੱਗੇ ਨਹੀਂ ਵਧਾ ਸਕਦੇ ਤਾਂ ਇਸ ਨੂੰ ਪਿੱਛੇ ਵੀ ਨਾ ਜਾਣ ਦੇਣ।” ਉਪਰੋਕਤ ਬਾਬਾ ਸਾਹਿਬ ਜੀ ਦੇ ਕਾਰਵਾਂ ਨੂੰ ਅੱਗੇ ਵਧਾਉਣ ਲਈ ਸਾਨੂੰ ਸਭ ਨੂੰ ਇੱਕਮੁੱਠ ਹੋ ਕੇ ਯਤਨਸ਼ੀਲ ਹੋਣਾ ਚਾਹੀਦਾ ਹੈ।
ਪ੍ਰਿੰਸੀਪਲ ਵੱਲੋਂ ਮੁੱਖ ਮਹਿਮਾਨ ਪ੍ਰਿੰਸੀਪਲ ਡਾਕਟਰ ਦਰਸ਼ਨ ਸਿੰਘ ਜੀ ਦਾ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਡਾ. ਦਰਸ਼ਨ ਸਿੰਘ ਜੀ ਵਲੋਂ ਸਕੂਲ ਨੂੰ ‘ਸਾਊਂਂਡ ਸਿਸਟਮ’ ਦਾਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਪ੍ਰਿੰਸੀਪਲ ਡਾਕਟਰ ਦਰਸ਼ਨ ਸਿੰਘ ਜੀ ਦੇ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ ਹੈ। ਸਮਾਗਮ ਵਿੱਚ ਸ੍ਰੀਮਤੀ ਸਤਵਿੰਦਰ ਕੌਰ ਵਾਈਸ ਪ੍ਰਿੰਸੀਪਲ, ਅਰੁਣ ਕੁਮਾਰ ਦੋਹਾ ਕਤਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।