ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਬੀਤੀ ਸ਼ਾਮ ਲਗਭਗ 4 ਵਜੇ ਕਰੀਬੀ ਪਿੰਡ ਸਮਰਾੜੀ ਵਿਖੇ ਗੁੱਜਰ ਪਰਿਵਾਰ ਜਮਾਲਦੀਨ ਦੇ ਡੇਰੇ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਗੁੱਜਰ ਜਮਾਲਦੀਨ ਦੇ ਪੁੱਤਰ ਬਿੱਲੂ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 4 ਵਜੇ ਮੈਂ ਘਰ ਦਾ ਕੰਮ ਕਰ ਰਿਹਾ ਸੀ। ਇਸ ਦੌਰਾਨ ਮੈਂ ਘਰ ਦੇ ਇੱਕ ਕੋਨੇ ਤੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ। ਮੈਂ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੇ ਆਪਣੇ ਘਰ ਦੇ ਸਮਾਨ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਰਾਹਗੀਰ ਅਤੇ ਆਸ-ਪਾਸ ਦੇ ਕਿਸਾਨ ਵੀ ਅੱਗ ’ਤੇ ਕਾਬੂ ਪਾਉਣ ਲਈ ਆ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਕੇਂਦਰ ਫਿਲੌਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ ਪਰ ਕੁਝ ਹੀ ਸਮੇਂ ਵਿੱਚ ਉਨ੍ਹਾਂ ਦਾ ਡੇਰੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਕਾਰਨ ਬੈੱਡ, ਫਰਨੀਚਰ, ਘਰੇਲੂ ਰਾਸ਼ਨ, ਬਕਸੇ ਵਿੱਚ ਪਏ ਕੱਪੜੇ, ਬਿਸਤਰੇ ਅਤੇ ਕੁਝ ਨਕਦੀ ਸੜ ਕੇ ਸੁਆਹ ਹੋ ਗਏ। ਬਿੱਲੂ ਨੇ ਦੱਸਿਆ ਕਿ ਜੇਕਰ ਅੱਗ ਥੋੜ੍ਹੀ ਦੇਰ ਬਾਅਦ ਲੱਗੀ ਹੁੰਦੀ ਤਾਂ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਜਾਣਾ ਸੀ ਕਿਉਂਕਿ ਮੱਝਾਂ ਦਾ ਦੁੱਧ ਚੋਣ ਤੋਂ ਬਾਅਦ ਉਹ ਪਸ਼ੂਆਂ ਨੂੰ ਡੇਰੇ ਦੇ ਅੰਦਰ ਬੰਨ੍ਹਣ ਜਾ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸਬ ਇੰਸਪੈਕਟਰ ਨਿਰਮਲ ਸਿੰਘ ਚੌਕੀ ਇੰਚਾਰਜ ਅੱਪਰਾ ਵੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
*ਸੰਕਟ ‘ਚ ਘਿਰ ਗਿਆ ਗੁੱਜਰ ਪਰਿਵਾਰ-ਗੁੱਜਰ ਪਰਿਵਾਰ ਮੁਸੀਬਤ ਵਿੱਚ ਹੈ, ਕਿਉਂਕਿ ਪਰਿਵਾਰ ਦੇ ਸਿਰ ‘ਤੇ ਛੱਤ ਨਹੀਂ ਹੈ ਅਤੇ ਦਿਨ ਵਿੱਚ ਦੋ ਵਕਤ ਦਾ ਖਾਣਾ ਵੀ ਨਹੀਂ ਹੈ | ਕੜਾਕੇ ਦੀ ਠੰਡ ਵਿੱਚ ਪਰਿਵਾਰ ਦੇ ਸਿਰ ‘ਤੇ ਛੱਤ ਨਹੀਂ ਸੀ ਅਤੇ ਨਾ ਹੀ ਦੋ ਵਕਤ ਦਾ ਖਾਣਾ ਬਣਾਉਣ ਲਈ ਕੋਈ ਰਾਸ਼ਨ ਬਚਿਆ ਸੀ। ਇੱਥੇ ਗੁੱਜਰ ਪਰਿਵਾਰ ਪਿਛਲੇ 20 ਸਾਲਾਂ ਤੋਂ ਸਮਰਾੜੀ ਰੋਡ ‘ਤੇ ਆਪਣੇ ਪਰਿਵਾਰ ਦੇ 9 ਮੈਂਬਰਾਂ ਨਾਲ ਰਹਿ ਰਿਹਾ ਹੈ। ਨੇੜਲੇ ਖੇਤਾਂ ਦੇ ਕਿਸਾਨ ਸ. ਜੋਗਿੰਦਰ ਸਿੰਘ ਸੰਧੂ ਅਤੇ ਸ. ਉਮਰਰਾਜ ਸਿੰਘ ਸੰਧੂ ਦੇ ਪਰਿਵਾਰਕ ਮੈਂਬਰਾਂ ਨੇ ਕੜਾਕੇ ਦੀ ਠੰਢ ਵਿੱਚ ਪਰਿਵਾਰ ਲਈ ਖਾਣੇ ਅਤੇ ਰਾਤ ਦੇ ਠਹਿਰਨ ਦਾ ਪ੍ਰਬੰਧ ਕੀਤਾ। ਇਸ ਮੌਕੇ ਸਰਪੰਚ ਵਿਨੈ ਕੁਮਾਰ ਅੱਪਰਾ ਨੇ ਗੁੱਜਰ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਸੰਕਟ ਵਿੱਚੋਂ ਨਿਕਲ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly