ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੀ ਸੇਵਾਵਾਂ ਨਿਭਾਉਣਗੇ ਮੈਨੇਜਰ ਗੁਰਬਖਸ਼ ਸਿੰਘ , ਮੋਹਨ ਸਿੰਘ ਬਾਜਵਾ ਰਿਲੀਵ ਹੋ ਕੇ ਵਾਪਸ ਪਰਤੇ ਗੁ. ਸੰਗ ਢੇਸੀਆਂ

ਸੁਲਤਾਨਪੁਰ ਲੋਧੀ , (ਸਮਾਜ ਵੀਕਲੀ) (ਪੱਤਰ ਪ੍ਰੇਰਕ)–  ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਮੈਨੇਜਰ ਭਾਈ ਗੁਰਬਖਸ਼ ਸਿੰਘ ਬੱਚੀਵਿੰਡ ਦੀ ਬਦਲੀ ਦੇ ਹੁਕਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਰੱਦ ਕਰ ਦਿੱਤੇ ਗਏ ਹਨ । ਜਿਸ ਕਾਰਨ ਉਹ ਪਹਿਲਾਂ ਵਾਂਗ ਆਪਣੀ ਸੇਵਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸੁਚਾਰੂ ਪ੍ਰਬੰਧਾਂ ਲਈ ਜਾਰੀ ਰੱਖਣਗੇ । ਇਲਾਕੇ ਦੀਆਂ ਸਮੂਹ ਧਾਰਮਿਕ ਸਿੱਖ ਜਥੇਬੰਦੀਆਂ ਤੇ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦਾ ਨਿੱਘਾ ਸਵਾਗਤ ਕਰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ।
ਇਸ ਸਬੰਧੀ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਬਖਸ਼ ਸਿੰਘ ਬੱਚੀਵਿੰਡ ਨੇ ਵੱਖ ਵੱਖ ਸਥਾਨਕ ਗੁਰਦੁਆਰਿਆਂ ਵਿਚ ਪ੍ਰਬੰਧਾਂ ਸਬੰਧੀ ਜਾਇਜਾ ਲੈਣ ਉਪਰੰਤ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਬਤੌਰ ਮੈਨੇਜਰ ਚਾਰਜ ਸੰਭਾਲਣ ਵਾਲੇ ਸਰਦਾਰ ਮੋਹਨ ਸਿੰਘ ਬਾਜਵਾ ਨੂੰ ਰਿਲੀਵ ਕਰ ਦਿੱਤਾ ਗਿਆ ਹੈ ਤੇ ਉਹ ਵਾਪਸ ਆਪਣੇ ਪਹਿਲੇ ਸਥਾਨ ਗੁਰਦੁਆਰਾ ਸੰਗ ਢੇਸੀਆਂ ਵਿਖੇ ਡਿਊਟੀ ਤੇ ਪਰਤ ਗਏ ਹਨ। ਮੈਨੇਜਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸੰਤ ਬਾਬਾ ਸ਼ਬੇਗ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਨਵੇ ਪਾਖਾਨੇ, ਬਾਥਰੂਮ ਤੇ ਜੋੜਾ ਘਰ ਦੀ ਬਣਾਈ ਜਾ ਰਹੀ ਇਮਾਰਤ ਦੇ ਜਲਦੀ ਲੈਂਟਰ ਪਾਏ ਜਾਣਗੇ ।  ਉਨ੍ਹਾਂ ਦੱਸਿਆ ਕਿ ਇਸਤੋਂ ਇਲਾਵਾ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਮੂਲ ਮੰਤਰ ਉਚਾਰਨ ਅਸਥਾਨ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਸੇਵਕ ਜਥਾ ਬਰਮਿੰਘਮ ਤੇ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਾਲੇ ਮਹਾਂਪੁਰਸ਼ਾਂ ਵੱਲੋਂ ਮਿਲ ਕੇ ਦੁਨੀਆਂ ਦੇ ਵਿਲੱਖਣ ਅਜੂਬੇ ਮੂਲ ਮੰਤਰ ਅਸਥਾਨ ਦੇ ਨਿਰਮਾਣ ਦੀ ਕਾਰ ਸੇਵਾ ਸਿਖਰਾਂ ਤੇ ਚੱਲ ਰਹੀ ਹੈ ।ਉਨ੍ਹਾਂ ਦੱਸਿਆ ਕਿ ਇਸ ਪਾਵਨ ਅਸਥਾਨ ਤੇ ਅੰਮ੍ਰਿਤ ਵੇਲੇ ਰੋਜਾਨਾ ਸਤਿਗੁਰੂ ਦੇ ਪ੍ਰਕਾਸ਼ ਸਮੇ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੋਣ ਤੇ ਸੇਵਾ ਸਿਮਰਨ ਕਰਨ ਲਈ ਪਹੁੰਚ ਰਹੀਆਂ ਹਨ ।
ਇਸੇ ਤਰ੍ਹਾਂ ਹੀ ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਵੀ ਨਵੇ ਬਾਥਰੂਮ ਤੇ ਲੈਟਰੀਨ, ਪਿਸ਼ਾਬਘਰ ਤੇ ਹੋਰ ਵੱਖ ਵੱਖ ਇਮਾਰਤਾਂ ਆਦਿ ਬਣਾਉਣ ਦੀ ਕਾਰ ਸੇਵਾ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਚੱਲ ਰਹੀ ਹੈ । ਮੈਨੇਜਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸੰਤ ਬਾਬਾ ਜਗਤਾਰ ਸਿੰਘ ਵੱਲੋਂ ਜਿੱਥੇ ਪਹਿਲਾਂ 550 ਸਾਲਾ ਪ੍ਰਕਾਸ਼ ਪੁਰਬ ਮੌਕੇ 7 ਮੰਜਿਲਾ ਸਰਾਂ ਬੇਬੇ ਨਾਨਕੀ ਨਿਵਾਸ, ਦਰਸ਼ਨੀ ਡਿਊੜੀ ਤੇ ਦੋ ਮੰਜਲਾ ਸ਼ਾਨਦਾਰ ਲੰਗਰ ਹਾਲ ਬਣਾਇਆ ਗਿਆ ਸੀ ਤੇ ਹੁਣ ਲੰਗਰ ਹਾਲ ਦੇ ਨਾਲ ਹੀ ਗੁਰੂ ਕੇ ਲੰਗਰ ਦੀ ਰਸੋਈ ਦੀ ਵੱਡੀ ਇਮਾਰਤ  ਤਿਆਰ ਕੀਤੀ ਜਾ ਰਹੀ ਹੈ । ਇਸ ਸਮੇ ਉਨ੍ਹਾਂ ਨਾਲ ਗੁਰਦੁਆਰਾ ਬੇਰ ਸਾਹਿਬ ਦੇ ਸਮੂਹ ਸਟਾਫ ਨੇ ਸ਼ਿਰਕਤ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨੌਜਵਾਨ ਆਗੂ ਤੇ ਸਮਾਜ ਸੇਵੀ ਅਰਵਿੰਦਰ ਸਿੰਘ ਜੌਲੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਾਰਡ ਨੰਬਰ 24 ਤੋਂ ਉਮੀਦਵਾਰ ਐਲਾਨਿਆ
Next articleਸਿਰਜਣਾ ਕੇਂਦਰ ਵੱਲੋਂ ਬਹੁਪੱਖੀ ਲੇਖਕ ਫ਼ਕੀਰ ਚੰਦ ਤੁੱਲੀ ਦਾ 1 ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਭਲਕੇ