ਨੌਜਵਾਨ ਭਾਰਤ ਸਭਾ ਤੇ ਮਜਦੂਰ ਯੂਨੀਅਨ ਵਲੋਂ ਮਿਲ ਕੇ ਹੱਲੋਮਾਜਰਾ ਵਿੱਚ ਰੋਸ ਮਾਰਚ ਕੀਤਾ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਮਨੁੱਖੀ ਅਧਿਕਾਰ ਦਿਹਾੜੇ ਮੌਕੇ ਨੌਜਵਾਨ ਭਾਰਤ ਸਭਾ, ਕਾਰਖਾਨਾ ਮਜਦੂਰ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਵੱਲੋਂ ਚੰਡੀਗੜ੍ਹ ਦੇ ਹੱਲੋਮਾਜਰਾ ਇਲਾਕੇ ਵਿੱਚ ਰੋਸ ਮਾਰਚ ਕੀਤਾ ਗਿਆ। ਨਾਅਰਿਆਂ, ਤਖਤੀਆਂ ਅਤੇ ਪੋਸਟਰਾਂ ਜਰੀਏ ਲੋਕਾਂ ਤੱਕ ਮਨੁੱਖੀ ਅਧਿਕਾਰ ਕੀ ਹੁੰਦੇ ਹਨ ਅਤੇ ਅੱਜ ਕਿਵੇਂ ਭਾਰਤ ਵਿੱਚ ਇਹਨਾਂ ਦਾ ਘਾਣ ਹੋ ਰਿਹਾ ਹੈ ਬਾਰੇ ਦੱਸਿਆ ਗਿਆ। ਮਾਰਚ ਵਿੱਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਯੂਨੀਅਨ ਵਿਚਲੀ ਮੋਦੀ ਸਰਕਾਰ ਅਤੇ ਸੂਬਾ ਸਰਕਾਰਾਂ ਲਗਾਤਾਰ ਲੋਕਾਂ ਦੇ ਜਮਹੂਰੀ ਹੱਕਾਂ ‘ਤੇ ਡਾਕਾ ਮਾਰ ਰਹੀਆਂ ਹਨ ਅਤੇ ਸਰਮਾਏਦਾਰਾਂ ਲਈ ਵੱਧ ਮੁਨਾਫੇ ਖੱਟਣ ਅਤੇ ਬੇਖੌਫ ਲੁੱਟ ਕਰਨ ਦਾ ਰਾਹ ਪੱਧਰਾ ਕਰ ਰਹੀਆਂ ਹਨ। ਜਿਸਦੇ ਸਿੱਟੇ ਵਜੋਂ ਸਭ ਤੋਂ ਵੱਧ ਮਾਰ ਕਿਰਤੀਆਂ-ਮਜਦੂਰਾਂ ਨੂੰ ਝੱਲਣੀ ਪੈ ਰਹੀ ਹੈ। ਪਿਛਲੇ ਸਮੇਂ ਚ ਪੁਰਾਣੇ ਕਿਰਤ ਕਨੂੰਨਾਂ ਨੂੰ ਸੋਧ ਕੇ ਚਾਰ ਨਵੇਂ ਕਿਰਤ ਕੋਡ ਲਿਆਂਦੇ ਗਏ ਜੋ ਕਿ ਮਜਦੂਰਾਂ-ਕਿਰਤੀਆਂ ਦੇ ਨਿਗੂਣੇ ਕਿਰਤ ਹੱਕਾਂ ਉੱਤੇ ਵੱਡੇ ਕੱਟ ਲਾਉਣ ਦਾ ਸਾਧਨ ਹਨ। ਇਸੇ ਤਰ੍ਹਾਂ ਪਿਛਲੇ ਦਿਨੀਂ ਅੰਗਰੇਜੀ ਹਕੂਮਤ ਦੇ ਸਮੇਂ ਤੋਂ ਚੱਲੇ ਆ ਰਹੇ ਫੌਜਦਾਰੀ ਕਨੂੰਨਾਂ ਨੂੰ ਸੋਧਣ ਦੇ ਨਾਂਅ ਹੇਠ ਨਵੇਂ ਫੌਜਦਾਰੀ ਕਨੂੰਨ ਲਾਗੂ ਕੀਤੇ ਗਏ ਹਨ। ਭਾਂਵੇ ਕਿ ਪਹਿਲਾਂ ਦੇ ਬਣੇ ਕਨੂੰਨਾਂ ਦਾ ਖਾਸਾ ਵੀ ਲੋਕ ਵਿਰੋਧੀ ਸੀ, ਪਰ ਨਵੇਂ ਲਿਆਂਦੇ ਕਨੂੰਨ ਪਹਿਲੇ ਕਨੂੰਨਾਂ ਤੋਂ ਹੋਰ ਵੀ ਵੱਧ ਜਾਬਰ ਅਤੇ ਲੋਕ ਵਿਰੋਧੀ ਹਨ। ਜੋ ਲੋਕਾਂ ਦੇ ਧਰਨਾ-ਮੁਜਾਹਰਾ ਕਰਨ ਅਤੇ ਆਪਣੀਆਂ ਜਾਇਜ ਮੰਗਾਂ ਲਈ ਕਿਸੇ ਵੀ ਤਰ੍ਹਾਂ ਅਵਾਜ ਬੁਲੰਦ ਕਰਨ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਦਾ ਸਾਧਨ ਹਨ। ਪਿਛਲੇ ਕਾਨੂੰਨਾਂ ਦਾ ਸ਼ਿਕਾਰ ਬਣਾਏ ਅਨੇਕਾਂ ਸਿਆਸੀ ਕਾਰਕੁੰਨ ਪੱਖਪਾਤੀ ਕਾਨੂੰਨ ਦੇ ਮੁਤਾਬਕ ਵੀ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਸੜ ਰਹੇ ਹਨ। ਇਸ ਲਈ ਸਾਰੇ ਇਨਸਾਫ ਪਸੰਦ ਲੋਕਾਂ, ਮਜਦੂਰਾਂ ਅਤੇ ਕਿਰਤੀਆਂ ਨੂੰ ਇਹਨਾਂ ਜਾਬਰ ਕਨੂੰਨਾਂ ਦੀ ਖਿਲਾਫਤ ਕਰਨੀ ਚਾਹੀਦੀ ਹੈ ਅਤੇ ਮਨੁੱਖੀ ਅਧਿਕਾਰ ਦਿਵਸ ਮੌਕੇ ਆਪਣੇ ਜਾਇਜ ਹੱਕਾਂ ਲਈ ਅਵਾਜ ਬੁਲੰਦ ਕਰਨੀ ਚਾਹੀਦੀ ਹੈ।

ਅੰਤ ਵਿੱਚ ਹੇਠਲੇ ਨਾਅਰਿਆਂ ਨਾਲ ਮਾਰਚ ਦੀ ਸਮਾਪਤੀ ਕੀਤੀ ਗਈ:-
ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਅਤੇ ਸਿੱਖ ਕੈਦੀਆਂ ਨੂੰ ਰਿਹਾਅ ਕਰੋ।
ਨਵੇਂ ਫ਼ੌਜਦਾਰੀ ਕਾਨੂੰਨ ਵਾਪਸ ਲਓ।
ਲੋਟੂ ਕਿਰਤ ਕੋਡ ਵਾਪਸ ਲਓ।
ਜਮਹੂਰੀ ਹੱਕਾਂ ਉੱਤੇ ਹਮਲੇ ਕਰਨੇ ਬੰਦ ਕਰੋ।
ਨੌਜਵਾਨ ਭਾਰਤ ਸਭਾ ਤੋਂ ਹਰਸ਼, ਕਾਰਖਾਨਾ ਮਜਦੂਰ ਯੂਨੀਅਨ ਤੋਂ ਮਾਨਵ ਅਤੇ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਵੱਲੋਂ ਮਨਿਕਾ ਵੱਲੋਂ ਗੱਲ ਰੱਖੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਿਪਟੀ ਕਮਿਸ਼ਨਰ ਵੱਲੋਂ ਸਾਰੇ ਖਾਦ ਡੀਲਰਾਂ ਨੂੰ ਹੁਕਮ ਸਬਸਿਡੀ ਖਾਦ ਦੀ ਵਿਕਰੀ ਵਿੱਚ ਕੋਈ ਵੀ ਟੈਗਿੰਗ ਨਾ ਕੀਤੀ ਜਾਵੇ
Next articleਯੁਵਕ ਸੇਵਾਵਾਂ ਵਿਭਾਗ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਈ