ਐਨ.ਆਰ.ਆਈ. ਡਾ. ਜਸਬੀਰ ਸਿੰਘ ਕੰਗ ਪਹੁੰਚੇ ਇਤਿਹਾਸਕ ਭੂਮੀ ਅੰਬੇਡਕਰ ਭਵਨ

ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਟਰੱਸਟੀ ਐਨ.ਆਰ.ਆਈ. ਡਾ. ਜਸਬੀਰ ਸਿੰਘ ਦਾ ਸਨਮਾਨ ਕਰਦੇ ਹੋਏ।

ਜਲੰਧਰ (ਸਮਾਜ ਵੀਕਲੀ)  ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਨੋਟ ਵਿੱਚ ਕਿਹਾ ਕਿ ਅਮਰੀਕਾ ਦੇ ਯੂਬਾ ਸਿਟੀ ਵਿੱਚ ਸਿੱਖ ਹੈਰੀਟੇਜ ਦੀ ਸਥਾਪਨਾ ਕਰਨ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਊੱਘੇ ਬੁੱਧੀਜੀਵੀ ਡਾ. ਜਸਬੀਰ ਸਿੰਘ ਕੰਗ ਆਪਣੀ ਪਤਨੀ ਸ਼੍ਰੀਮਤੀ ਕੰਗ ਅਤੇ ਦੇਸ਼ ਭਗਤ ਯਾਦਗਾਰ ਹਾਲ ਦੇ ਸੀਨੀਅਰ ਟਰੱਸਟੀ ਭੈਣ ਜੀ ਸੁਰਿੰਦਰ ਕੁਮਾਰੀ ਕੋਛੜ ਸਮੇਤ ਇਤਿਹਾਸਕ ਭੂਮੀ ਅੰਬੇਡਕਰ ਪਹੁੰਚੇ, ਜਿੱਥੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ 27 ਅਕਤੂਬਰ, 1951 ਨੂੰ ਆਏ ਅਤੇ ਲੱਖਾਂ ਲੋਕਾਂ ਨੂੰ ਸੰਬੋਧਿਤ ਹੋਏ ਸਨ। ਅੰਬੇਡਕਰ ਭਵਨ ਟਰੱਸਟ ਦੇ ਮੈਂਬਰਾਂ ਸਰਵ ਸ਼੍ਰੀ ਡਾ. ਜੀ. ਸੀ. ਕੌਲ, ਬਲਦੇਵ ਰਾਜ ਭਾਰਦਵਾਜ,ਹਰਮੇਸ਼ ਜਸਲ, ਮਹਿੰਦਰ ਸੰਧੂ ਅਤੇ ਭਵਨ ਦੇ ਕੇਅਰ ਟੇਕਰ ਨਿਰਮਲ ਬਿੰਜੀ ਨੇ ਉਨ੍ਹਾਂ ਦਾ ਹਾਰਦਿਕ ਸਵਾਗਤ ਕੀਤਾ। ਅੰਬੇਡਕਰ ਭਵਨ ਦੇ ਟਰੱਸਟੀਆਂ ਨਾਲ ਵਿਚਾਰ-ਚਰਚਾ ਕਰਦਿਆਂ ਡਾ. ਕੰਗ ਨੇ ਦੱਸਿਆ ਕਿ ਅਮਰੀਕਾ ਦੀਆਂ ਕਈ ਕੰਪਨੀਆਂ ਵਿੱਚ ਕੰਮ ਕਰਦੇ ਕਈ ਭਾਰਤੀਆਂ ਵਿੱਚ ਜਾਤੀ ਵਿਤਕਰੇ ਦੀ ਭਾਵਨਾ ਵੀ ਪ੍ਰਚਲਤ ਹੈ।ਉਨ੍ਹਾਂ ਕਿਹਾ ਕਿ ਇਸ ਜਾਤੀ ਵਿਤਕਰੇ ਦੇ ਵਿਰੁੱਧ ਲਿਆਂਦੇ ਗਏ ਸੈਨੇਟ ਬਿੱਲ 403 ਨੂੰ ਸਦਨ ਵਿੱਚੋਂ ਪਾਸ ਕਰਵਾਉਣ ਲਈ ਉਨ੍ਹਾਂ ਨੇ ਅੰਦੋਲਨਕਾਰੀ ਪੀੜਤਾਂ ਦਾ ਡੱਟ ਕੇ ਸਾਥ ਦਿੱਤਾ, ਜਦਕਿ ਵਿਤਕਰੇ ਦੇ ਸ਼ਿਕਾਰ ਸਮਾਜ ਦੇ ਕਈ ਲੋਕਾਂ ਨੇ ਜਾਤੀ ਵਿਤਕਰਾ ਕਰਨ ਵਾਲੇ ਅਤੇ ਇਸ ਬਿੱਲ ਦਾ ਵਿਰੋਧ ਕਰਨ ਵਾਲਿਆਂ ਨੂੰ ਮੁਕੰਮਲ ਸਹਿਯੋਗ ਦਿੱਤਾ। ਐਸਬੀ-403 ਬਿਲ ਸਦਨ ਵਿੱਚੋਂ ਤਾਂ ਭਾਰੀ ਮੱਤ ਨਾਲ ਪਾਸ ਹੋ ਗਿਆ, ਪਰ ਸਟੇਟ ਗਵਰਨਰ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਅਖੌਤੀ ਉੱਚ ਵਰਗਾਂ ਨੇ ਸੰਗਠਨਾਤਮਕ ਪੱਧਰ ਤੇ ਅਮਰੀਕਾ ਵਰਗੇ ਸਹੀ ਅਰਥਾਂ ਵਾਲੇ ਲੋਕਤੰਤਰਕ ਦੇਸ਼ ਵਿੱਚ ਵੀ ਭਾਰਤ ਦੀ ਇਸ ਜਾਤੀ ਪ੍ਰਥਾ ਨੂੰ ਬੜ੍ਹਾਵਾ ਦਿੱਤਾ ਹੈ।
ਅੰਬੇਡਕਰ ਭਵਨ ਦੇ ਟਰੱਸਟੀਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਡਾ. ਕੰਗ ਨੇ ਭਵਨ ਵਿੱਚ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਨਾਲ ਸੰਬੰਧਿਤ ਅਹਿਮ ਘਟਨਾਵਾਂ ਨੂੰ ਇੱਕ ਮਿਊਜ਼ੀਅਮ ਦੀ ਸਥਾਪਨਾ ਕਰਕੇ ਰੂਪਮਾਨ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਮੰਤਵ ਪੂਰਤੀ ਲਈ ਉਹ ਟਰੱਸਟ ਨੂੰ ਸਮੇਂ ਸਮੇਂ ਤੇ ਸਲਾਹ ਮਸ਼ਵਰਾ ਦੇਣ ਲਈ ਤਤਪਰ ਰਹਿਣਗੇ। ਯਾਦ ਰਹੇ ਕਿ ਡਾ. ਕੰਗ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਅਮਰੀਕਾ ਵਿੱਚ ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਦੀ ਸ਼ੁਰੂਆਤੀ ਆਮਦ ਅਤੇ ਉਥੋਂ ਦੀ ਨਾਗਰਿਕਤਾ ਹਾਸਲ ਕਰਨ ਲਈ 1899 ਤੋਂ ਕੀਤੇ ਗਏ ਸੰਘਰਸ਼, ਸਿੱਖਾਂ ਵੱਲੋਂ ਆਪਣੇ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਿਕ ਵਿਕਾਸ ਅਤੇ ਅਮਰੀਕਾ ਦੇ ਹਰ ਖੇਤਰ ਵਿੱਚ ਪਾਏ ਗਏ ਯੋਗਦਾਨ ਨੂੰ ‘ਸਿੱਖ ਹੈਰੀਟੇਜ ਇਨ ਅਮਰੀਕਾ’ ਮਿਊਜ਼ੀਅਮ ਦੀ ਸਥਾਪਨਾ ਕਰਕੇ ਪੰਜਾਬੀਆਂ ਦੇ ਸਦੀਵੀ ਗੁਣਾਂ ਲਗਨ, ਮਿਹਨਤ, ਕਿਰਤ ਅਤੇ ਦ੍ਰਿੜਤਾ ਨੂੰ ਪਛਾਣ ਦਿੱਤੀ ਹੈ। ਟਰੱਸਟ ਦੇ ਜਨਰਲ ਸਕੱਤਰ ਡਾ. ਜੀ.ਸੀ. ਕੌਲ ਨੇ ਕੈਲੀਫੋਰਨੀਆ ਤੋਂ ਛਪਦੇ ਹਫਤਾਵਰੀ ‘ਦੇਸ਼ ਦੁਆਬਾ’ ਅਤੇ ‘ਅੰਬੇਡਕਰ ਟਾਈਮਜ਼’ ਦੇ ਮੁੱਖ ਸੰਪਾਦਕ ਸ੍ਰੀ ਪ੍ਰੇਮ ਕੁਮਾਰ ਚੁੰਬਰ ਦੇ ਯਤਨਾਂ ਦੁਆਰਾ ਡਾ. ਜਸਵੀਰ ਸਿੰਘ ਕੰਗ ਅਤੇ ਅੰਬੇਡਕਰ ਭਵਨ ਦੇ ਟਰੱਸਟੀਆਂ ਦਰਮਿਆਨ ਆਯੋਜਿਤ ਇਸ ਪਹਿਲੀ ਸਦਭਾਵਨਾ-ਮਿਲਣੀ ਤੇ ਤਸੱਲੀ ਪ੍ਰਗਟ ਕਰਦਿਆਂ ਡਾ. ਕੰਗ ਸਮੇਤ ਸ੍ਰੀ ਪ੍ਰੇਮ ਚੁੰਬਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਡਾ. ਕੰਗ ਨੇ ਅੰਬੇਡਕਰ ਭਵਨ ਦੇ ਵਿਕਾਸ ਲਈ ਗਿਆਰਾਂ ਹਜਾਰ ਰੁਪਏ ਦਾ ਯੋਗਦਾਨ ਪਾਇਆ। ਇਸ ਮੌਕੇ ਤੇ ਦੇਸ਼ ਭਗਤ ਯਾਦਗਾਰ ਹਾਲ ਦੇ ਸੀਨੀਅਰ ਟਰੱਸਟੀ ਭੈਣ ਜੀ ਸੁਰਿੰਦਰ ਕੁਮਾਰੀ ਕੋਛੜ ਨੂੰ ਅੰਬੇਡਕਰ ਭਵਨ ਦੇ ਫਾਊਂਡਰ ਟਰੱਸਟੀ ਸ੍ਰੀ ਲਾਹੌਰੀ ਰਾਮ ਬਾਲੀ ਦੁਆਰਾ ਲਿਖਤ ਪੁਸਤਕਾਂ ‘ਡਾ. ਅੰਬੇਡਕਰ ਜੀਵਨ ਤੇ ਮਿਸ਼ਨ’ ਅਤੇ ਸਵੈਜੀਵਨੀ ‘ਅੰਬੇਡਕਰੀ ਹੋਨੇ ਕਾ ਅਰਥ’ ਭੇਟ ਕੀਤੀਆਂ ਗਈਆਂ।
ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.), ਜਲੰਧਰ

2. ਐਨ.ਆਰ.ਆਈ. ਡਾ: ਜਸਬੀਰ ਸਿੰਘ ਦੀ ਫੇਰੀ ਦੀਆਂ ਝਲਕੀਆਂ।

Previous articleਜਿੰਦਗੀ ਜਿਉਣ ਦੇ ਜ਼ਜ਼ਬੇ ਨੂੰ ਤੇ ਸਾਥ ਦੇਣ ਵਾਲੇ ਕਦਰਦਾਨਾਂ ਦੀ ਸੋਚ ਨੂੰ ਸਲਾਮ
Next articleਸੋਚੋ ਕਦੇ