(ਸਮਾਜ ਵੀਕਲੀ)
ਸੋਹਣੇ, ਸੁਨੱਖੇ ਮੁੰਡੇ
ਗੁਰਵਿੰਦਰ ਦੀ ਇਹ ਦਿਲੀ ਇੱਛਾ ਸੀ ਕਿ ਉਸ ਦਾ ਵਿਆਹ ਕਿਸੇ ਸੋਹਣੇ, ਸੁਨੱਖੇ ਮੁੰਡੇ ਨਾਲ ਹੋਵੇ। ਆਖਰ ਉਸ ਦੀ ਇਹ ਇੱਛਾ ਪੂਰੀ ਹੋ ਗਈ। ਉਸ ਦਾ ਵਿਆਹ ਕੁੱਲੇਵਾਲ ਪਿੰਡ ਵਿੱਚ ਸੋਹਣੇ, ਸੁਨੱਖੇ ਸ਼ਾਮ ਨਾਲ ਹੋ ਗਿਆ। ਉਸ ਨੇ ਸ਼ਾਮ ਦਾ ਘਰ ਬਾਰ ਦੇਖਣ ਦੀ ਵੀ ਲੋੜ ਨਹੀਂ ਸੀ ਸਮਝੀ। ਉਸ ਦਾ ਵਿਆਹ ਹੋਏ ਨੂੰ ਤਿੰਨ ਮਹੀਨੇ ਹੀ ਹੋਏ ਸਨ ਕਿ ਉਸ ਨੂੰ ਸ਼ਾਮ ਦੇ ਘਰ ਦੀ ਅਸਲੀਅਤ ਦਾ ਪਤਾ ਲੱਗ ਗਿਆ। ਸ਼ਾਮ ਆਪਣੇ ਵੱਡੇ ਭਰਾ ਅਤੇ ਛੋਟੇ ਭਰਾ ਨਾਲ ਮਿਲ ਕੇ ਕੰਮ ਕਰਦਾ ਸੀ। ਤਿੰਨਾਂ ਨੂੰ ਜੋ ਕੁੱਝ ਮਿਲਦਾ, ਉਹ ਵੱਡਾ ਭਰਾ ਰੱਖ ਲੈਂਦਾ ਤੇ ਅੱਗੇ ਆਪਣੀ ਪਤਨੀ ਨੂੰ ਦੇ ਦਿੰਦਾ। ਉਹ ਰੱਜ ਕੇ ਕੰਜੂਸ ਸੀ। ਉਹ ਨਿੱਤ ਵਰਤੋਂ ਦੀਆਂ ਚੀਜ਼ਾਂ ਲੈਣ ਨੂੰ ਵੀ ਪੈਸੇ ਨਹੀਂ ਸੀ ਦਿੰਦੀ। ਉਹ ਮੰਗਣ ਤੇ ਸ਼ਾਮ ਨੂੰ ਵੀ ਕੁੱਝ ਨਹੀਂ ਸੀ ਦਿੰਦੀ ਪਰ ਕਹਿੰਦਾ ਕੁੱਝ ਨਾ ਕਿਉਂਕਿ ਉਸ ਦਾ ਆਪਣਾ ਦਿਮਾਗ਼ ਕੰਮ ਨਹੀਂ ਸੀ ਕਰਦਾ। ਜੇ ਗੁਰਵਿੰਦਰ ਸ਼ਾਮ ਨੂੰ ਕੁੱਝ ਕਹਿੰਦੀ, ਤਾਂ ਉਹ ਜਾ ਕੇ ਆਪਣੀ ਵੱਡੀ ਭਰਜਾਈ ਨੂੰ ਦੱਸ ਦਿੰਦਾ। ਵੱਡੀ ਭਰਜਾਈ ਗੁਰਵਿੰਦਰ ਨੂੰ ਵੱਧ, ਘੱਟ ਬੋਲ ਕੇ ਚੁੱਪ ਕਰਾ ਦਿੰਦੀ। ਇਸ ਤਰ੍ਹਾਂ ਬਹੁਤਾ ਸਮਾਂ ਨਾ ਲੰਘਿਆ।ਗੁਰਵਿੰਦਰ ਆਪਣੇ ਪੇਕੇ ਆ ਕੇ ਆਪਣੀ ਮੰਮੀ ਕੋਲ ਰਹਿਣ ਲੱਗ ਪਈ।
ਅੱਜ ਜਦੋਂ ਗੁਰਵਿੰਦਰ ਦੀ ਭਾਣਜੀ ਮਨਜੀਤ ਦਾ ਫੋਨ ਆਇਆ ਕਿ ਉਸ ਦਾ ਰਿਸ਼ਤਾ ਸੋਹਣੇ, ਸੁਨੱਖੇ ਮੁੰਡੇ ਨਾਲ ਹੁੰਦਾ ਆ,ਤਾਂ ਉਸ ਨੇ ਮਨਜੀਤ ਨੂੰ ਝੱਟ ਆਖਿਆ, “ਮਨਜੀਤ ਮੁੰਡਿਆਂ ਦੇ ਰੰਗ, ਰੂਪ ਨ੍ਹੀ ਦੇਖੀਦੇ। ਸਗੋਂ ਕੰਮ, ਅਕਲ ਤੇ ਘਰ, ਬਾਰ ਦੇਖੀਦੇ ਆ। ਮੈਂ ਸੋਹਣੇ, ਸੁਨੱਖੇ ਨਾਲ ਵਿਆਹ ਕਰਵਾ ਕੇ ਪਛਤਾ ਰਹੀ ਆਂ। ਉਸ ਵੇਲੇ ਜੇਕਰ ਮੈਂ ਇਹ ਸਭ ਕੁੱਝ ਦੇਖਿਆ ਹੁੰਦਾ, ਤਾਂ ਅੱਜ ਪੇਕੀਂ ਨਾ ਬੈਠੀ ਹੁੰਦੀ।” ਮਨਜੀਤ ਨੂੰ ਗੱਲ ਸਮਝ ਆ ਗਈ ਤੇ
ਉਸ ਨੇ ਗੁਰਵਿੰਦਰ ਦੀ ਹਾਂ ਵਿੱਚ ਹਾਂ ਮਿਲਾ ਕੇ ਫੋਨ ਬੰਦ ਕਰ ਦਿੱਤਾ।
***************
ਜ਼ਲੀਲ
ਲਕਸ਼ਮੀ ਕਰਿਆਨਾ ਸਟੋਰ ਤੇ ਕੰਮ ਕਰਦੇ ਨੂੰ ਸੋਢੀ ਨੂੰ ਇੱਕ ਸਾਲ ਹੋ ਚੱਲਿਆ ਸੀ। ਕਰਿਆਨੇ ਸਟੋਰ ਦੇ ਮਾਲਕ ਹਰੀਸ਼ ਨੇ ਸੋਢੀ ਨੂੰ ਛੇ ਕੁ ਮਹੀਨਿਆਂ ਦੀ ਤਨਖਾਹ ਬੜੀ ਮੁਸ਼ਕਲ ਨਾਲ ਦਿੱਤੀ ਸੀ। ਜੇਬ ਚੋਂ ਪੈਸੇ ਕੱਢਣ ਵੇਲੇ ਜਿਵੇਂ ਉਸ ਨੂੰ ਸੱਪ ਹੀ ਸੁੰਘ ਜਾਂਦਾ ਸੀ। ਅੱਜ ਮਹੀਨੇ ਦੀ ਦਸ ਤਰੀਕ ਹੋ ਗਈ ਸੀ, ਪਰ ਹਰੀਸ਼ ਨੇ ਸੋਢੀ ਨੂੰ ਤਨਖਾਹ ਨਹੀਂ ਦਿੱਤੀ ਸੀ। ਸੋਢੀ ਨੇ ਹੌਸਲਾ ਕਰਕੇ ਹਰੀਸ਼ ਨੂੰ ਆਖਿਆ,” ਅੰਕਲ ਜੀ, ਮੇਰੇ ਡੈਡੀ ਨੇ ਕੁੱਛ ਦਿਨ ਹੋਏ, ਪੇਟ ਦੀ ਸਕੈਨਿੰਗ ਕਰਵਾਈ ਸੀ। ਉਸ ਦੇ ਪਿੱਤੇ ‘ਚ ਪੱਥਰੀ ਆ। ਮੇਰੇ ਡੈਡੀ ਨੇ ਅਪਰੇਸ਼ਨ ਕਰਵਾਣਾ ਆਂ। ਮੈਨੂੰ ਬਾਕੀ ਰਹਿੰਦੇ ਮਹੀਨਿਆਂ ਦੀ ਤਨਖਾਹ ਦੇ ਦਿਉ, ਤਾਂ ਕਿ ਮੇਰਾ ਡੈਡੀ ਅਪਰੇਸ਼ਨ ਕਰਵਾ ਸਕੇ।”
” ਤੂੰ ਹਰ ਵੇਲੇ ਤਨਖਾਹ, ਤਨਖਾਹ ਕਰੀ ਜਾਇਆ ਕਰ। ਤੇਰੀ ਤਨਖਾਹ ਦੇ ਪੈਸਿਆਂ ਨਾਲ ਕਿਹੜਾ ਤੇਰੇ ਡੈਡੀ ਦਾ ਅਪਰੇਸ਼ਨ ਹੋ ਜਾਣਾ। ਨਾਲੇ ਪੈਸੇ ਮੈਂ ਤੈਨੂੰ ਉਦੋਂ ਦੇਵਾਂਗਾ, ਜਦੋਂ ਮੇਰੇ ਕੋਲ ਹੋਣਗੇ। ਹਾਲੇ ਚੁੱਪ ਕਰਕੇ ਏਦਾਂ ਹੀ ਕੰਮ ਕਰੀ ਜਾਹ। ਜੇ ਨਹੀਂ ਕੰਮ ਕਰਨਾ, ਤਾਂ ਇੱਥੋਂ ਚੱਲਦਾ ਬਣ।” ਹਰੀਸ਼ ਨੇ ਗੁੱਸੇ ‘ਚ ਆਖਿਆ।
” ਪੈਸੇ ਤਾਂ ਮੈਂ ਲੈ ਕੇ ਹੀ ਜਾਊਂਗਾ, ਚਾਹੇ ਜੋ ਮਰਜ਼ੀ ਹੋ ਜਾਵੇ।”
” ਅੱਛਾ, ਹੁਣ ਤੇਰੇ ‘ਚ ਆਕੜ ਵੀ ਆ ਗਈ ਆ। ਇਸ ਤੋਂ ਪਹਿਲਾਂ ਕਿ ਮੈਂ ਤੈਨੂੰ ਧੱਕੇ ਮਾਰ ਕੇ ਕੱਢਾਂ, ਚੁੱਪ ਕਰਕੇ ਇੱਥੋਂ ਦਫਾ ਹੋ ਜਾ।” ਹਰੀਸ਼ ਨੇ ਹੋਰ ਤਲਖੀ ਨਾਲ ਕਿਹਾ।
ਹੋਰ ਜ਼ਲੀਲ ਹੋਣ ਨਾਲੋਂ ਸੋਢੀ ਨੇ ਉੱਥੋਂ ਜਾਣਾ ਹੀ ਠੀਕ ਸਮਝਿਆ। ਉਹ ਨਿਰਾਸ਼ ਹੋ ਕੇ ਹੌਲੀ, ਹੌਲੀ ਆਪਣੇ ਘਰ ਨੂੰ ਤੁਰ ਪਿਆ। ਉਹ ਘਰ ਪਹੁੰਚਣ ਹੀ ਵਾਲਾ ਸੀ ਕਿ ਪਿੱਛੋਂ ਸਾਈਕਲ ਤੇ ਆ ਰਹੇ ਉਸ ਦੇ ਗੁਆਂਢੀ ਭੀਰੇ ਨੇ ਆਖਿਆ, ” ਮੈਂ ਲਕਸ਼ਮੀ ਕਰਿਆਨਾ ਸਟੋਰ ਤੋਂ ਖਾਣ-ਪੀਣ ਦਾ ਸਾਮਾਨ ਲੈਣ ਗਿਆ ਸੀ। ਮੈਨੂੰ ਸਾਮਾਨ ਦਿੰਦਾ, ਦਿੰਦਾ ਹਰੀਸ਼ ਠਾਹ ਕਰਦਾ ਥੱਲੇ ਡਿੱਗ ਪਿਆ। ਹੁਣ ਉਸ ਨੂੰ ਗੱਡੀ ‘ਚ ਪਾ ਕੇ ਰਾਜਾ ਹਸਪਤਾਲ ਲੈ ਗਏ ਆ। ਪਤਾ ਨ੍ਹੀ ਹੁਣ ਵਿਚਾਰੇ ਦਾ ਕੀ ਹਾਲ ਆ?”
” ਇਹ ਤਾਂ ਬਹੁਤ ਮਾੜਾ ਹੋਇਆ।” ਏਨਾ ਕਹਿ ਕੇ ਸੋਢੀ ਆਪਣੇ ਘਰ ਅੰਦਰ ਚਲਾ ਗਿਆ। ਫਿਰ ਪਤਾ ਨਹੀਂ ਕੀ ਸੋਚ ਕੇ ਉਸ ਨੇ ਆਪਣੇ ਡੈਡੀ ਵਾਲਾ ਸਾਈਕਲ ਚੁੱਕਿਆ ਤੇ ਰਾਜਾ ਹਸਪਤਾਲ ਨੂੰ ਤੁਰ ਪਿਆ, ਜੋ ਕਿ ਉਸ ਦੇ ਘਰ ਤੋਂ ਬਾਰਾਂ ਕੁ ਕਿਲੋਮੀਟਰ ਦੂਰ ਸੀ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼ਹੀਦ ਭਗਤ ਸਿੰਘ ਨਗਰ)-144526
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly