ਸਮਾਜ ਵੀਕਲੀ ਯੂ ਕੇ-
ਧੁੰਦ ‘ਚ ਤੁਰਦੇ ਲੋਕਾਂ ਦੇ ਨਾਲ ਕਦੇ ਵੀ ਕੁੱਝ ਵੀ ਹੋ ਸਕਦਾ ਹੈ,
ਖ਼ਬਰਾਂ ਸੁਣਕੇ ਭੜਕ ਨਾ ਜਾਣਾ ਨਵਾਂ ਤਾਂ ਕੁੱਝ ਵੀ ਹੋ ਸਕਦਾ ਹੈ।
ਗਿਰਗਟ ਵੀ ਹੁਣ ਰੰਗ ਬਦਲਣਾ ਸਿੱਖਦੀ ਵਿੱਚ ਅਕੈਡਮੀਆਂ,
ਕੁਦਰਤ ਵੀ ਪਰੇਸ਼ਾਨ ਕਿ ਮਾੜਾ ਉਸ ਨਾਲ ਕੁੱਝ ਵੀ ਹੋ ਸਕਦਾ ਹੈ।
ਕੁੱਝ ਤਾਂ ਰੌਸ਼ਨਦਾਨ ਮਨਾਂ ਦੇ ਖੋਲ੍ਹੇ ਫੋਨਾਂ ਕੈਮਰਿਆਂ,
ਨਹੀਂ ਤਾਂ ਕਿਰਪਾ ਲੱਭਦੇ ਭਗਤਾਂ ਦੇ ਨਾਲ ਕੁੱਝ ਵੀ ਹੋ ਸਕਦਾ ਹੈ।
ਭਾਵੁਕ ਹੋਕੇ, ਸ਼ੱਕੀ ਮਨ ਚੋਂ ਜੀਭੋਂ ਚੱਲੇ ਤੀਰਾਂ ਲਈ
ਮਾਫ਼ੀ ਕਹਿਕੇ ਗਲ੍ਹ ਲੱਗ ਜਾਈਏ ਤਾਂ ਹੀ ਕੁੱਝ ਵੀ ਹੋ ਸਕਦਾ ਹੈ।
ਮੈਲਾ ਮਨ ਵੀ ਕੁੰਜ ਬਦਲਕੇ ਸ਼ੁਕਰ ਦੀ ਬੁੱਕਲ ਬਹਿ ਜਾਵੇ
ਜ਼ਹਿਰ ‘ਚੋਂ ਪੈਦਾ ਨਾਗਮਣੀ ਦੇ ਵਰਗਾ ਕੁੱਝ ਵੀ ਹੋ ਸਕਦਾ ਹੈ।
ਪਿਆਰ ਵਪਾਰ ਦੋਸਤੀ ਸ਼ਾਦੀ ਚੱਲ ਪਏ ਜਦੋਂ ਮੋਬਾਈਲਾਂ ਤੇ,
ਠੱਗੀ, ਧੋਖਾ, ਕਤਲ, ਬੇਇੱਜ਼ਤੀ ਸਮਝੋ ਕੁੱਝ ਵੀ ਹੋ ਸਕਦਾ ਹੈ।
ਚੁੱਪ ਜਦੋਂ ਸ਼ਮਸ਼ਾਨਾਂ ਵਰਗੀ ਬਣੇ ਪਸੰਦ ਹਕੂਮਤ ਦੀ,
ਗ਼ੈਰਤਮੰਦ ਅਵਾਮ ਦੇ ਹੱਥੋਂ ਕਦੇ ਵੀ ਕੁੱਝ ਵੀ ਹੋ ਸਕਦਾ ਹੈ।
ਹੱਦੋਂ ਵੱਧ ਨਿਵਾਣ ਜੇ ‘ਰੱਤੜਾ’ ਨਜ਼ਰ ਆਵੇ ਕਿਰਦਾਰਾਂ ਦੀ,
ਖ਼ਤਰਿਆਂ ਅੰਦਰ ਘਿਰੀ ਕੌਮ ਦਾ ਕਦੇ ਵੀ ਕੁੱਝ ਵੀ ਹੋ ਸਕਦਾ ਹੈ।