ਕਰਨੈਲ ਸਿੰਘ ਐੱਮ.ਏ
(ਸਮਾਜ ਵੀਕਲੀ) ਕਾਲੇ ਸੰਘਣੇ, ਰੇਸ਼ਮੀ, ਸਿਹਤਮੰਦ ਅਤੇ ਸੁੰਦਰ ਲੰਮੇ ਵਾਲ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ । ਲੰਮੇ ਵਾਲ ਸਿਰ ਦਾ ਤਾਜ ਹਨ, ਇਹਨਾਂ ਦੀ ਗਿਣਤੀ 1 ਲੱਖ ਤੋਂ 1 ਲੱਖ 20 ਹਜ਼ਾਰ ਤੱਕ ਹੋ ਸਕਦੀ ਹੈ। ਇੱਕ ਵਾਲ ਦੀ ਉਮਰ ਕੁਝ ਮਹੀਨੇ ਤੋਂ ਲੈ ਕੇ ਇੱਕ ਸਾਲ ਤੱਕ ਹੋ ਸਕਦੀ ਹੈ । ਵਾਲ ਆਪਣੀ ਉਮਰ ਭੋਗ ਕੇ ਡਿੱਗ ਜਾਂਦੇ ਭਾਵ ਟੁੱਟ ਜਾਂਦੇ ਹਨ ਫਿਰ ਉਸ ਸਥਾਨ ਤੇ ਨਵੇਂ ਵਾਲ ਜਨਮ ਲੈਂਦੇ ਹਨ । ਇਸ ਤਰ੍ਹਾਂ ਰੋਜ਼ਾਨਾ 20 ਤੋਂ 100 ਦੇ ਲਗਭਗ ਵਾਲ ਡਿੱਗਦੇ ਹਨ । ਇੱਕ ਵਾਲ ਇੱਕ ਮਹੀਨੇ ਵਿੱਚ ਲਗਭਗ ਅੱਧਾ ਇੰਚ ਤੱਕ ਵੱਧਦਾ ਹੈ । ਇਹ ਗਤੀ ਸੌਣ ਸਮੇਂ ਜਾਂ ਠੰਡੇ-ਮਿੱਠੇ ਮੌਸਮ ਵਿੱਚ ਜ਼ਿਆਦਾ ਹੁੰਦੀ ਹੈ
ਲੰਮੇ ਵਾਲ ਤੰਦਰੁਸਤ ਸਰੀਰ ਦਾ ਹੀ ਇੱਕ ਹਿੱਸਾ ਹੁੰਦੇ ਹਨ । ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀ ਅਤੇ ਬਿਮਾਰੀਆਂ ਦਾ ਇਹਨਾਂ ਤੇ ਸਿੱਧਾ ਪ੍ਰਭਾਵ ਪੈਂਦਾ ਹੈ । ਜ਼ਿਆਦਾ ਪ੍ਰੋਟੀਨ ਅਤੇ ਤਾਜ਼ੇ ਫਲਾਂ ਦਾ ਵਾਲਾਂ ਦੇ ਤੰਦਰੁਸਤ ਤੇ ਚੰਗਾ ਪ੍ਰਭਾਵ ਪੈਂਦਾ ਹੈ । ਵਾਲਾਂ ਨੂੰ ਲੰਮਾ, ਮੁਲਾਇਮ, ਕਾਲੇ ਅਤੇ ਸੁੰਦਰ ਕਰਨ ਲਈ ਹਫਤੇ ਬਾਅਦ ਚਾਟੀ ਦੀ ਲੱਸੀ ਨਾਲ ਸਿਰ ਧੋਣਾ ਚਾਹੀਦਾ ਹੈ। ਸੁੱਕਾ ਆਂਵਲਾ ਤੇ ਸ਼ਿੱਕਾਕਾਈ 20-20 ਗ੍ਰਾਮ ਲੈ ਕੇ ਅੱਧਾ ਕਿੱਲੋ ਪਾਣੀ ਵਿੱਚ ਭਿਉਂ ਦਿਓ, ਇਹਨਾਂ ਦੋਹਾਂ ਚੀਜ਼ਾਂ ਦਾ ਮਿਸ਼ਰਣ ਕਰਕੇ, ਕੱਪੜ ਛਾਣ ਕਰਕੇ ਨਿਕਲੇ ਪਾਣੀ ਨਾਲ ਕੇਸਾਂ ਤੇ ਖੂਬ ਮਾਲਸ਼ ਕਰੋ। 20-25 ਮਿੰਟ ਬਾਅਦ ਇਸ਼ਨਾਨ ਕਰੋ, ਫਿਰ ਕੇਸ ਸੁੱਕਣ ਤੇ ਨਾਰੀਅਲ ਜਾਂ ਸਰੋਂ ਦਾ ਤੇਲ ਲਗਾਓ, ਇਸ ਪ੍ਰਯੋਗ ਨਾਲ ਵਾਲ ਲੰਮੇ, ਚਮਕਦਾਰ ਤੇ ਸੰਘਣੇ ਹੁੰਦੇ ਹਨ । ਵਾਲਾਂ ਨੂੰ ਹਫਤੇ ਵਿੱਚ ਘੱਟ ਤੋਂ ਘੱਟ ਇੱਕ ਵਾਰ ਜ਼ਰੂਰ ਧੋਣਾ ਚਾਹੀਦਾ ਹੈ । ਜੇਕਰ ਵਾਲ ਜ਼ਿਆਦਾ ਭਾਰੀ ਹੋਣ ਜਾਂ ਜ਼ਿਆਦਾ ਚਿਕਨੇ ਹੋਣ ਜਾਂ ਫਿਰ ਸ਼ਹਿਰ ਵਿੱਚ ਜੇਕਰ ਧੂੜ, ਮਿੱਟੀ, ਪ੍ਰਦੂਸ਼ਣ ਆਦਿ ਜ਼ਿਆਦਾ ਹੋਵੇ ਤਾਂ ਫਿਰ ਵਾਲਾਂ ਨੂੰ ਹਫਤੇ ਵਿੱਚ ਦੋ ਵਾਰ ਧੋ ਲੈਣਾ ਚਾਹੀਦਾ ਹੈ । ਵਾਲਾਂ ਨੂੰ ਧੋਣ ਤੋਂ ਬਾਅਦ ਸੁੱਕੇ ਤੌਲੀਏ ਨਾਲ ਪੂੰਝ ਕੇ ਭਾਵ ਸੁਕਾ ਕੇ ਖੁੱਲ੍ਹਾ ਛੱਡਣਾ ਚਾਹੀਦਾ ਹੈ । ਵਾਲ ਸਿੱਧੀ ਜਾਂ ਜ਼ਿਆਦਾ ਤੇਜ਼ ਧੁੱਪ ਵਿੱਚ ਅਤੇ ਹੇਅਰ ਡਰਾਈਵ ਨਾਲ ਨਹੀਂ ਸਕਾਉਣੇ ਚਾਹੀਦੇ। ਵਾਲਾਂ ਨੂੰ ਸਕਾਉਣ ਤੋਂ ਬਾਅਦ ਜੈਤੂਨ ਦੇ ਤੇਲ ਨਾਲ ਜਾਂ ਕਿਸੇ ਪੋਸ਼ਟਿਕ ਤੇਲ ਨਾਲ ਵਾਲਾਂ ਦੀ ਹੌਲੀ-ਹੌਲੀ ਮਾਲਸ਼ ਕਰਨੀ ਚਾਹੀਦੀ ਹੈ । ਇਸ ਤਰ੍ਹਾਂ ਕਰਨ ਨਾਲ ਵਾਲਾਂ ਨੂੰ ਟੁੱਟਣ ਤੋਂ ਬਚਾਇਆ ਜਾ ਸਕਦਾ ਹੈ।
ਅੱਜ ਕੱਲ ਮਾਰਕੀਟ ਵਿੱਚ ਕਈ ਤਰ੍ਹਾਂ ਦੇ ਸ਼ੈਂਪੂ ਉਪਲਬਧ ਹਨ ਜਿਵੇਂ ਕਿ ਹੈਡ ਐਂਡ ਸ਼ੋਲਡਰ, ਕਲੀਨਿਕ ਆਲ ਕਲੀਅਰ, ਪੈਨਟੀਨ, ਹਿਮਾਲਿਆ, ਕਲੀਨਿਕ ਐਕਟਿਵ, ਕਲੀਨਿਕ ਪਲੱਸ, ਸਨਸਿਲਕ, ਡਵ ਜ਼ੀਰੋ, ਅਯੂਰ, ਫਲੈਕਸ ਆਦਿ। ਇਸੇ ਤਰ੍ਹਾਂ ਵਾਲਾਂ ਨੂੰ ਲੰਮਾ ਕਰਨ ਦੇ ਲਈ ਵੀ ਕਈ ਤਰ੍ਹਾਂ ਦੇ ਤੇਲ ਮਿਲਦੇ ਹਨ ਜਿਵੇਂ ਨਾਰੀਅਲ, ਪੈਂਜੀ,ਅਰਿੰਡੀ, ਹਰਬਲ, ਡਾਬਰ, ਡਾਬਰ ਆਂਵਲਾ, ਸਰੋਂ ਦਾ ਤੇਲ, ਬ੍ਰਹਮੀ ਆਂਵਲਾ, ਸ਼ਾਂਤੀ ਆਂਵਲਾ, ਜਿਕਸ, ਮਹਾਭੁੰਗਰਾਜ ਆਦਿ । ਇਸ ਤੋਂ ਇਲਾਵਾ ਵਾਲਾਂ ਨੂੰ ਦੇਸੀ ਤਰੀਕਿਆਂ ਵੇਸਣ, ਦਹੀਂ, ਕਲੌਂਜੀ, ਲੱਸੀ, ਸਿੱਕਾਕਾਈ, ਰੀਠਿਆਂ, ਨਿੰਬੂ, ਅੰਡੇ, ਹਰੇ ਫਲ, ਹਲਦੀ, ਮੁਲਤਾਨੀ ਮਿੱਟੀ, ਆਂਵਲਾ, ਸਿਰਕਾ ਤੇ ਚਾਹ ਪੱਤੀ ਉਬਾਲ ਕੇ ਧੋਣ ਨਾਲ ਵੀ ਵਾਲ ਲੰਮੇ ਹੁੰਦੇ ਹਨ ।
ਸੁੰਦਰ ਤੇ ਲੰਮੇ ਵਾਲਾਂ ਦੀ ਇੱਛਾ ਹਰ ਇੱਕ ਦੇ ਮਨ ਵਿੱਚ ਹੁੰਦੀ ਹੈ । ਵਾਲਾਂ ਨੂੰ ਸੁੰਦਰ, ਸੰਘਣਾ, ਮੁਲਾਇਮ ਅਤੇ ਲੰਮਾ ਬਣਾਉਣ ਲਈ ਕਿੰਨਾ-ਕਿੰਨਾ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਪਰ ਇਹ ਜਾਣਕਾਰੀ ਕਿਤੋਂ ਵੀ ਨਹੀਂ ਮਿਲਦੀ । ਕਿਸੇ ਲੜਕੇ/ ਲੜਕੀ ਦੇ ਵਾਲਾਂ ਦੀ ਲੰਬਾਈ ਕਿੱਥੋਂ ਤੱਕ ਪਹੁੰਚੇਗੀ । ਇਹ ਉਸ ਦੇ ਖਾਨਦਾਨੀ ਸੁਭਾਅ ਤੇ ਨਿਰਭਰ ਕਰਦਾ ਹੈ। ਕਿਸੇ ਪਰਿਵਾਰ ਵਿੱਚ ਦੋ ਸਾਲ ਤੋਂ ਲੈ ਕੇ ਛੇ ਸਾਲ ਤੱਕ ਦੀ ਬਜਾਏ ਲਗਾਤਾਰ 25 ਸਾਲ ਤੱਕ ਬਿਨਾਂ ਰੋਕ ਟੋਕ ਦੇ ਵਾਲ ਵੱਧਦੇ ਰਹਿੰਦੇ ਹਨ । ਜੇਕਰ ਕਿਸੇ ਪਰਿਵਾਰ ਵਿੱਚ ਪੀੜ੍ਹੀ-ਦਰ-ਪੀੜ੍ਹੀ ਲੰਮੇ ਵਾਲ ਹੁੰਦੇ ਆਏ ਹੋਣ ਤਾਂ ਇਸ ਦਾ ਸਿਹਰਾ ਉਸਦੇ ਜੀਵਨ ਨੂੰ ਜਾਂਦਾ ਹੈ ਨਾ ਕਿ ਕਿਸੇ ਖ਼ਾਸ ਤੇਲ ਨੂੰ।
ਵਾਲਾਂ ਦੀ ਸੁੰਦਰਤਾ ਲਈ ਵਿਟਾਮਿਨ ਏ, ਬੀ ਤੇ ਈ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਹੈ । ਵਿਟਾਮਿਨ ‘ਏ’ ਲਈ ਦੁੱਧ, ਮੱਖਣ, ਹਰੀਆਂ ਸਬਜ਼ੀਆਂ, ਗਾਜਰ, ਪਪੀਤਾ, ਟਮਾਟਰ ਅੰਬ, ਕਾਜੂ, ਬਦਾਮ । ਵਿਟਾਮਿਨ ‘ਈ’ ਲਈ ਸਬਜ਼ੀਆਂ ਤੇ ਅਨਾਜ ਦੇ ਛਿਲਕੇ, ਪਪੀਤਾ, ਦੁੱਧ, ਮੀਟ ਦਾ ਸੂਪ । ਵਿਟਾਮਿਨ ‘ਈ’ ਲਈ ਸੋਇਆਬੀਨ, ਪੁੰਗਰੀ ਕਣਕ, ਸਫੋਲਾ, ਨਾਰੀਅਲ ਦਾ ਤੇਲ, ਘਿਓ, ਮੱਖਣ, ਟਮਟਰ ਤੇ ਅੰਗੂਰ ਆਦਿ। ਇਹ ਖਾਣ ਨਾਲ ਵਾਲ ਕਾਲੇ, ਚਮਕਦਾਰ, ਲੰਮੇ, ਸੰਘਣੇ ਤੇ ਸਿਹਤਮੰਦ ਬਣੇ ਰਹਿੰਦੇ ਹਨ।
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਵਾਲ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਰੋਮ, ਕੇਸ, ਬਾਲ, ਦੁਮ । ਇਹ ਕਿਹਾ ਜਾਂਦਾ ਹੈ ਤੇ ਸੁਣਨ ਵਿੱਚ ਵੀ ਆਇਆ ਹੈ ਕਿ ਜਿੰਨੀ ਛੇਤੀ ਵਾਲ ਕੱਟੇ ਜਾਣਗੇ ਉਨੀ ਹੀ ਤੇਜ਼ੀ ਨਾਲ ਵਾਲ ਵੱਧਦੇ ਹਨ । ਅੱਜ ਬਿਊਟੀ ਪਾਰਲਰਾਂ ਤੇ ਜਾ ਕੇ ਨੌਜਵਾਨ ਲੜਕੇ/ ਲੜਕੀਆਂ ਆਪਣੇ ਲੰਮੇ-ਲੰਮੇ ਵਾਲਾਂ ਨੂੰ ਕਟਵਾ ਕੇ ਆਪਣੇ ਖੂਬਸੂਰਤ ਚਿਹਰੇ ਨੂੰ ਵਿਗਾੜ ਰਹੇ ਹਨ । ਇਹ ਸਭ ਫੈਸ਼ਨ ਦੀ ਭੇਡ-ਚਾਲ ਮਗਰ ਲੱਗ ਕੇ ਲੜਕੇ /ਲੜਕੀਆਂ ਵਾਲ ਕਟਵਾ ਰਹੇ ਹਨ । ਲੰਮੇ-ਲੰਮੇ ਵਾਲਾਂ ਨੂੰ ਕਟਵਾ ਕੇ ਲੜਕੇ ਘੋਨ-ਮੋਨ ਹੋ ਰਹੇ ਹਨ/ ਹੋਈ ਜਾ ਰਹੇ ਹਨ ਤੇ ਲੜਕੀਆਂ ਜਿਨ੍ਹਾਂ ਦੇ ਤਿੰਨ- ਤਿੰਨ, ਚਾਰ-ਚਾਰ ਫੁੱਟ ਲੰਮੇ ਵਾਲ ਹੁੰਦੇ ਹਨ, ਉਹ ਆਪਣੀਆਂ ਲੰਮੀਆਂ-ਲੰਮੀਆਂ ਗੁੱਤਾਂ ਨੂੰ ਕਟਵਾ ਕੇ ਫੈਸ਼ਨ ਮਗਰ ਲੱਗ ਕੇ ਬੁਆਏਕੱਟ, ਪਟੇ, ਪੋਨੀ ਜਾਂ ਛੋਟੇ ਵਾਲ ਰੱਖ ਰਹੀਆਂ ਹਨ । ਗੁਰਸਿੱਖ ਪਰਿਵਾਰਾਂ ਦੇ ਲੜਕੇ-ਲੜਕੀਆਂ ਵੀ ਇਸ ਫੈਸ਼ਨ ‘ਚ ਪਿੱਛੇ ਨਹੀਂ ਹਨ।
ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਹੀ ਬਿਊਟੀ ਪਾਰਲਰ ਖੁੱਲ੍ਹੇ ਵੀ ਵੇਖੇ ਗਏ ਹਨ। ਇੱਥੋਂ ਤੱਕ ਕਿ ਘਰ-ਘਰ ਵਿੱਚ, ਗਲੀ-ਗਲੀ ਦੇ ਮੋੜ ਤੇ ਬਿਊਟੀ ਪਾਰਲਰ ਖੁੱਲ੍ਹੇ ਹੋਏ ਹਨ । ਲੜਕੇ-ਲੜਕੀਆਂ ਫਿਲਮਾਂ, ਫੈਸ਼ਨ ਪ੍ਰਸਤੀ ਤੇ ਆਧਾਰਿਤ ਟੀ. ਵੀ.ਪ੍ਰੋਗਰਾਮ ਦੇਖ ਕੇ ਉਸ ਤਰ੍ਹਾਂ ਦਾ ਪਹਿਰਾਵਾ ਤੇ ਹੇਅਰ ਸਟਾਈਲ ਬਣਾਉਣ ਨੂੰ ਪਹਿਲ ਦਿੰਦੇ ਹਨ । ਅੱਜ ਨੌਜਵਾਨ ਲੜਕੇ/ ਲੜਕੀਆਂ ਵਾਲਾਂ ਨੂੰ ਕਟਵਾਉਣ ਵਿੱਚ ਪਹਿਲ ਦਿੰਦੀਆਂ/ ਦਿੰਦੇ ਹਨ । ਪੰਜ ਪ੍ਰਤੀਸ਼ਤ ਤੋਂ ਵੀ ਘੱਟ ਹੀ ਲੜਕੇ/ ਲੜਕੀਆਂ ਇਹੋ ਜਿਹੇ ਹਨ ਜੋ ਵਾਲਾਂ ਨੂੰ ਸਹੀ ਸਲਾਮਤ ਰੱਖ ਰਹੇ /ਰਹੀਆਂ ਹਨ। ਜਿਨ੍ਹਾਂ ਨੇ ਕਦੇ ਵੀ ਬਿਊਟੀ ਪਾਰਲਰ ਜਾ ਕੇ ਵਾਲ ਨਹੀਂ ਕਟਵਾਏ, ਨਹੀਂ ਤਾਂ ਅੱਜ ਤੁਸੀਂ ਲੜਕੇ/ ਲੜਕੀਆਂ ਨੂੰ ਵਾਲ ਕਟਵਾਉਣ ਤੋਂ ਰੋਕੋਗੇ ਤਾਂ ਉਹ ਫਿਰ ਵੀ ਨਹੀਂ ਰੁਕਦੇ ਦੇਖੋ-ਦੇਖੀ ਆਪਣੇ ਦੋਸਤਾਂ /ਸਹੇਲੀਆਂ ਨਾਲ ਬਿਊਟੀ ਪਾਰਲਰਾਂ ਤੇ ਜਾ ਕੇ ਵਾਲ ਕਟਵਾ ਆਉਂਦੀਆਂ ਹਨ। ਜੇਕਰ ਘਰ ਆਉਣ ਤੇ ਮਾਂ-ਬਾਪ ਗੁੱਸੇ ਹੋਣ ਜਾਂ ਕਹਿਣ ਕਿ ਤੂੰ ਇਹ ਕੀ ਕਰ ਆਇਆ/ਆਈ ਤਾਂ ਅੱਗੋਂ ਜਵਾਬ ਦਿੰਦੇ ਹਨ ਕਿ ਅੱਗੇ ਤੋਂ ਨਹੀਂ ਕਟਵਾਵਾਂਗੇ । ਚਾਹੇ ਉਹਨਾਂ ਦਾ ਖਾਨਦਾਨ ਪੂਰਨ ਗੁਰਸਿੱਖ ਹੀ ਕਿਉਂ ਨਾ ਹੋਵੇ।
ਕਈ ਸਾਲ ਪਹਿਲਾਂ ਪਿੰਡ ਫਫੜੇ ਭਾਈ ਕੇ ਵਿਖੇ 3100 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਗਿਆ । ਬੱਚਿਆਂ ਦੇ ਲੰਮੇ ਕੇਸਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜੇਤੂ ਬੱਚਿਆਂ ਨੂੰ ਸਨਮਾਨਿਆ ਗਿਆ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮੁੱਚੇ ਪੰਜਾਬ ਦੇ ਪਿੰਡਾਂ /ਸ਼ਹਿਰਾਂ ਵਿੱਚ ਮਹੀਨੇ ਦੋ ਮਹੀਨੇ ਬਾਅਦ ਲੜਕੇ-ਲੜਕੀਆਂ ਦੇ ਲੰਮੇ ਕੇਸਾਂ ਦੇ ਮੁਕਾਬਲੇ ਕਰਵਾਉਣੇ ਚਾਹੀਦੇ ਹਨ । ਜਿਨ੍ਹਾਂ ਲੜਕੇ/ ਲੜਕੀਆਂ ਦੇ ਵਾਲ (ਕੇਸ) ਸਭ ਤੋਂ ਵੱਧ ਲੰਮੇ ਹੁੰਦੇ ਹਨ ਤੇ ਜਿਨ੍ਹਾਂ ਲੜਕੇ/ ਲੜਕਿਆਂ ਨੇ ਅੱਜ ਤੱਕ ਕਦੇ ਵਾਲਾਂ ਨੂੰ ਨਹੀਂ ਕਟਵਾਇਆ ਭਾਵ ਕੈਂਚੀ ਨਹੀਂ ਲਗਵਾਈ ਨਾ ਕਟਵਾਉਣ ਬਾਰੇ ਕਦੇ ਸੋਚਦੇ/ ਸੋਚਦੀਆਂ ਹਨ, ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ।
ਵਾਲਾਂ ਨੂੰ ਸੁੰਦਰ ਤੇ ਤੰਦਰੁਸਤ ਰੱਖਣ ਲਈ ਦਿਨ ਵਿੱਚ ਘੱਟੋ ਘੱਟ ਦੋ ਵਾਰ ਕੰਘੀ ਜ਼ਰੂਰ ਕਰੋ । ਪੋਸ਼ਟਿਕ ਅਤੇ ਸੰਤੁਲਿਤ ਭੋਜਨ, ਸਿਰ ਦੀ ਮਾਲਸ਼, ਸਫਾਈ ਅਤੇ ਕੰਘੀ ਕਰਨਾ ਹੀ ਸੁੰਦਰ, ਸੰਘਣੇ, ਚਮਕੀਲੇ ਅਤੇ ਤੰਦਰੁਸਤ ਵਾਲਾਂ ਦਾ ਆਧਾਰ ਹੈ । ਲੰਮੇ ਵਾਲਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਔਰਤ ਦਾ ਗਹਿਣਾ ਹਨ । ਲੰਮੇ ਵਾਲ ਲੜਕੇ /ਲੜਕੀਆਂ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ । ਭੁੱਲੇ ਭਟਕੇ ਹੋਏ ਲੜਕੇ ਲੜਕਿਆਂ ਨੂੰ ਆਪਣੇ ਹੁਸਨ ਦੀ ਸੰਭਾਲ ਕਰਨੀ ਚਾਹੀਦੀ ਹੈ ਤੇ ਸਿਰ ਦੇ ਤਾਜ ਨੂੰ ਉੱਚਾ ਕਰਕੇ ਚੱਲਣਾ ਸਿੱਖਣਾ ਚਾਹੀਦਾ ਹੈ।
ਇਹਨਾਂ ਸਤਰਾਂ ਦੇ ਲੇਖਕ ਨੇ ਕੁਝ ਲੜਕੀਆਂ ਤੇ ਔਰਤਾਂ ਦੇ ਲੰਮੇ ਵਾਲਾਂ ਬਾਰੇ ਫੀਚਰ ਲਿਖੇ ਸਨ। ਅੱਜ ਇਹ ਗੱਲ ਬੜੀ ਸ਼ਰਮਿੰਦਗੀ ਨਾਲ ਕਹਿਣੀ ਪੈ ਰਹੀ ਹੈ ਕਿ ਉਹਨਾਂ ਵਿੱਚੋਂ ਸਿਵਾਏ ਇੱਕ ਦੋ ਲੜਕੀਆਂ ਨੂੰ ਛੱਡ ਕੇ ਬਾਕੀ ਸਭ ਲੜਕੀਆਂ ਤੇ ਔਰਤਾਂ ਨੇ ਆਪਣੇ ਵਾਲ ਕਟਵਾ ਲਏ ਹਨ। ਅੱਜ ਸੜਕ ਤੇ ਜਾਂ ਗਲੀ ਮਹੱਲਿਆਂ ਵਿੱਚ ਜਾ ਰਹੀ ਲੜਕੀਆਂ/ਔਰਤਾਂ ਦੇ ਜਦੋਂ ਲੰਮੇ ਵਾਲ ਦੇਖਦਾ ਹਾਂ ਤਾਂ ਮਨ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਇਹਨਾਂ ਦੇ ਬਾਰੇ ਵੀ ਜ਼ਰੂਰ ਲਿਖਾਂ ਪਰ ਫਿਰ ਇਹ ਸੋਚ ਕੇ ਲੰਘ ਜਾਈਦਾ ਹੈ ਕਿ ਜੇਕਰ ਇਹਨਾਂ ਨੇ ਵੀ ਕੱਲ੍ਹ ਨੂੰ ਵਾਲ ਹੀ ਕਟਵਾ ਲਏ ਤਾਂ ਫਿਰ ਲਿਖਣ ਦਾ ਕੀ ਫਾਇਦਾ।
ਸਾਰੇ ਪਰਿਵਾਰਾਂ ਦੀਆਂ ਲੜਕੀਆਂ ਜਾਂ ਲੜਕੇ ਇੱਕ ਦੂਜੇ ਦੇ ਮਗਰ ਲੱਗ ਕੇ ਵਾਲ ਨਹੀਂ ਕਟਵਾਉਂਦੇ, ਕਈ ਵਾਲਾਂ ਨੂੰ ਚੰਗੀ ਤਰ੍ਹਾਂ ਸੰਭਾਲਦੇ ਹਨ ਭਾਵ ਦੇਖ-ਭਾਲ ਕਰਦੇ ਹਨ। ਅੰਤ ਵਿੱਚ ਕਹਾਂਗਾ ਕਿ ਲੰਮੇ ਵਾਲਾਂ ਨਾਲ ਜੋ ਸੁੰਦਰਤਾ ਹੁੰਦੀ ਹੈ ਉਹ ਤੁਸੀਂ ਵਾਲ ਕਟਵਾ ਕੇ ਨਹੀਂ ਪ੍ਰਾਪਤ ਕਰ ਸਕਦੇ । ਕਈ ਤਾਂ ਲੜਕੇ/ ਲੜਕੀਆਂ ਇਹੋ ਜਿਹੇ/ ਜਿਹੀਆਂ ਹਨ ਜੋ ਲੰਮੇ ਵਾਲ ਰੱਖਣਾ ਚਾਹੁੰਦੇ/ਚਾਹੁੰਦੀਆਂ ਹਨ ਪਰ ਉਹਨਾਂ ਦੇ ਵਾਲ ਕੁਦਰਤੀ ਲੰਮੇ ਹੀ ਨਹੀਂ ਹੁੰਦੇ, ਪਰ ਜਿਨ੍ਹਾਂ ਲੜਕੇ/ ਲੜਕੀਆਂ ਦੇ ਵਾਲ ਚਾਰ-ਪੰਜ ਫੁੱਟ ਲੰਮੇ ਹੁੰਦੇ ਹਨ ਉਹ ਕਹਿੰਦੇ/ ਕਹਿੰਦੀਆਂ ਹਨ ਕਿ ਸਾਨੂੰ ਵਾਲ ਧੋਣ ਵਿੱਚ ਕਠਿਨਾਈ ਆਉਂਦੀ ਹੈ। ਵਾਲ ਸਾਂਭਣੇ ਔਖੇ ਹਨ, ਵਾਲ ਸਕਾਉਣ ਤੇ ਬਹੁਤ ਸਮਾਂ ਲੱਗਦਾ ਹੈ, ਵਾਲ ਕੰਘੇ ਨਾਲ਼ ਛਡਾਉਣੇ ਔਖੇ ਹਨ ਆਦਿ । ਕੁਦਰਤ ਵੱਲੋਂ ਬਖਸ਼ੀ ਦਾਤ ਲੜਕੀ/ ਲੜਕੀਆਂ ਨੂੰ ਲੰਮੇ ਵਾਲ ਇੱਕ ਗਹਿਣਾ ਮਿਲਿਆ ਹੈ । ਇਸ ਨੂੰ ਸੰਭਾਲ ਕੇ ਰੱਖੋ, ਇਸ ਵਿੱਚ ਹੀ ਤੁਹਾਡੀ ਸ਼ਾਨ ਹੈ, ਤੁਹਾਡੀ ਇੱਜ਼ਤ ਹੈ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ।
Email : [email protected]
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly