ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਰਕਾਰੀ ਸਕੂਲ ਵਿੱਦਿਆ ਦਾ ਚਾਨਣ ਫੈਲਾਉਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਸਕੂਲਾਂ ਵਿੱਚ ਦਾਖਲਾ ਵੱਧ ਰਿਹਾ ਹੈ, ਇਹ ਗੱਲ ਸਮਾਜ ਸੇਵੀ ਤੇ ਵਪਾਰੀ ਪਰਮਜੀਤ ਸਿੰਘ ਸਚਦੇਵਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਤੋਵਾਲ ਵਿਖੇ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਹੀ। ਅਤੇ ਇਸ ਮੌਕੇ ਸਕੂਲ ਦੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ 25 ਵਿਦਿਆਰਥੀਆਂ ਨੂੰ ਜਗਜੀਤ ਸਿੰਘ ਸਚਦੇਵਾ ਯਾਦਗਾਰੀ ਸਕਾਲਰਸ਼ਿਪ ਮੁਹਿੰਮ ਤਹਿਤ ਵਜ਼ੀਫ਼ਾ ਰਾਸ਼ੀ ਵੰਡੀ ਗਈ ਇਨ੍ਹਾਂ ਵਿਦਿਆਰਥੀਆਂ ਨੂੰ 46 ਹਜ਼ਾਰ 500 ਰੁਪਏ ਦੇ ਵਜ਼ੀਫੇ ਦਿੱਤੇ ਗਏ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਮੈਡਲ ਵੀ ਦਿੱਤੇ ਗਏ। ਵਰਨਣਯੋਗ ਹੈ ਕਿ ਪਰਮਜੀਤ ਸਿੰਘ ਸਚਦੇਵਾ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਿਤਾ ਦੀ ਯਾਦ ਵਿੱਚ ਹਰ ਸਾਲ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਦੀ ਰਾਸ਼ੀ ਵੰਡਦੇ ਆ ਰਹੇ ਹਨ ਤਾਂ ਜੋ ਹੋਣਹਾਰ ਵਿਦਿਆਰਥੀ ਸਿੱਖਿਆ ਦੇ ਖੇਤਰ ਵਿੱਚ ਅੱਗੇ ਵੱਧ ਸਕਣ। ਇਸ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਚਦੇਵਾ ਨੇ ਕਿਹਾ ਕਿ ਵਿੱਦਿਆ ਦੀ ਰੋਸ਼ਨੀ ਨਾਲ ਤੁਸੀਂ ਆਪਣੇ ਜੀਵਨ ਵਿੱਚ ਬੁਲੰਦੀਆਂ ਨੂੰ ਛੂਹ ਸਕਦੇ ਹੋ, ਉਨ੍ਹਾਂ ਕਿਹਾ ਕਿ ਸਫਲਤਾ ਉਨ੍ਹਾਂ ਦੇ ਪੈਰ ਚੁੰਮਦੀ ਹੈ ਜਿਨ੍ਹਾਂ ਕੋਲ ਸਿੱਖਿਆ ਹੋਵੇ। ਪਰਮਜੀਤ ਸਚਦੇਵਾ ਨੇ ਕਿਹਾ ਕਿ ਵਿਦਿਆਰਥੀ ਜੀਵਨ ਦੌਰਾਨ ਕੀਤੀ ਮਿਹਨਤ ਦਾ ਫਲ ਸਾਰੀ ਉਮਰ ਮਿਲਦਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਅਤੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly