ਮੰਗਤਿਆਂ ਵਰਗਾ

ਬਰਜਿੰਦਰ ਕੌਰ ਬਿਸਰਾਓ
ਬਰਜਿੰਦਰ ਕੌਰ ਬਿਸਰਾਓ
 (ਸਮਾਜ ਵੀਕਲੀ) ਸੁਖਬੀਰ ਅਤੇ ਜਸਵੰਤ ਦੀ ਦੋਸਤੀ ਬਾਰੇ ਪਿੰਡ ਵਿੱਚ ਕੌਣ ਨਹੀਂ ਜਾਣਦਾ ਸੀ। ਜਸਵੰਤ ਸੁਖਬੀਰ ਤੋਂ ਦੋ ਕੁ ਸਾਲ ਵੱਡਾ ਸੀ ਪਰ ਸਕੂਲ ਵੇਲੇ ਤੋਂ ਹੀ ਉਹਨਾਂ ਦਾ ਆਪਸ ਵਿੱਚ ਗੂੜ੍ਹਾ ਪਿਆਰ ਸੀ। ਸੁਖਬੀਰ ਦਾ ਪਿਓ ਬਹੁਤਾ ਮਿਹਨਤੀ ਨਾ ਹੋਣ ਕਰਕੇ ਬਚਪਨ ਤੋਂ ਹੀ ਘਰ ਦੀ ਜ਼ਿੰਮੇਵਾਰੀ ਉਸ ਦੇ ਸਿਰ ਤੇ ਸੀ ਜਿਸ ਕਰਕੇ ਉਹ ਪੜ੍ਹਾਈ ਦੇ ਨਾਲ ਨਾਲ ਘਰ ਵਿੱਚ ਰੱਖੇ ਡੰਗਰ ਪਸ਼ੂਆਂ ਦੀ ਸਾਂਭ ਸੰਭਾਲ ਵਿੱਚ ਮਾਂ ਦਾ ਹੱਥ ਵਟਾਉਂਦਾ। ਜ਼ਮੀਨ ਚਾਹੇ ਠੇਕੇ ਤੇ ਦਿੱਤੀ ਹੁੰਦੀ ਪਰ ਉਸ ਦਾ ਸਾਰਾ ਹਿਸਾਬ ਕਿਤਾਬ ਆਪ ਰੱਖਦਾ ਕਿਉਂਕਿ ਉਸ ਨੂੰ ਆਪਣੇ ਪਿਓ ਤੇ ਭਰੋਸਾ ਨਹੀਂ ਸੀ ਹੁੰਦਾ ਕਿ ਕਦ ਉਹ ਪੈਸੇ ਬਾਹਰੋ ਬਾਹਰ ਲੈਕੇ ਉਡਾ ਦੇਵੇ। ਓਧਰ ਜਸਵੰਤ ਦੇ ਘਰ ਦੇ ਹਾਲਾਤ ਉਸ ਤੋਂ ਬਿਲਕੁਲ ਉਲਟ ਸਨ। ਜਸਵੰਤ ਦੇ ਪਿਓ ਕੋਲ ਜ਼ਮੀਨ ਜ਼ਿਆਦਾ ਸੀ ਤੇ ਉਹ ਬਹੁਤ ਮਿਹਨਤੀ ਇਨਸਾਨ ਸੀ। ਜਸਵੰਤ ਆਪਣੇ ਪਿਓ ਦੇ ਸਿਰ ਤੇ ਬੇਫ਼ਿਕਰੀ ਦਾ ਜੀਵਨ ਬਤੀਤ ਕਰਦਾ। ਉਸ ਦਾ ਇੱਕ ਛੋਟਾ ਭਰਾ ਵੀ ਸੀ ਜੋ ਅੱਠ ਪੜ੍ਹ ਕੇ ਆਪਣੇ ਪਿਓ ਨਾਲ ਖੇਤੀ ਕਰਨ ਲੱਗ ਪਿਆ ਸੀ।
        ਸੁਖਬੀਰ ਤੇ ਜਸਵੰਤ ਨੇ ਸਕੂਲ ਦੀ ਪੜ੍ਹਾਈ ਖ਼ਤਮ ਕਰਕੇ ਕਾਲਜ ਵਿੱਚ ਦਾਖਲਾ ਲੈ ਲਿਆ ਸੀ। ਦੋਹਾਂ ਨੇ ਇੱਕੋ ਕਾਲਜ ਵਿੱਚ ਇਕੱਠਿਆਂ ਨੇ ਬੀ. ਏ ਪਾਸ ਕਰ ਲਈ ਸੀ। ਜਸਵੰਤ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਪਿੰਡ ਦੇ ਮੋਹਤਬਰਾਂ ਵਿੱਚ ਉੱਠਣ ਬੈਠਣ ਲੱਗਾ। ਸਵੇਰ ਨੂੰ ਹੀ ਚਿੱਟਾ ਦੁੱਧ ਧੋਤਾ ਕੁੜਤਾ ਪਜਾਮਾ ਪਾ ਕੇ ਘਰੋਂ ਨਿਕਲ ਜਾਂਦਾ ਤੇ ਆਥਣ ਹੋਏ ਮੁੜਦਾ। ਇਸ ਤਰ੍ਹਾਂ ਉਹ ਖੂਬ ਐਸ਼ ਪ੍ਰਸਤੀ ਦਾ ਜੀਵਨ ਬਤੀਤ ਕਰਦਾ। ਓਧਰ ਸੁਖਬੀਰ ਨੇ ਆਪਣੇ ਘਰ ਦੇ ਹਾਲਾਤ ਦੇਖਦੇ ਹੋਏ ਸਰਕਾਰੀ ਕਲਰਕੀ ਦੇ ਕਾਗਜ਼ ਭਰੇ ਤਾਂ ਚੰਗੀ ਕਿਸਮਤ ਨਾਲ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ। ਉਹ ਪਹਿਲਾਂ ਤਾਂ ਪਿੰਡੋਂ ਹੀ ਨੌਕਰੀ ਤੇ ਰੋਜ਼ ਆਉਣਾ ਜਾਣਾ ਕਰਦਾ ਪਰ ਉਸ ਦਾ ਵਿਆਹ ਹੋ ਜਾਣ ਤੋਂ ਬਾਅਦ ਜਿੱਥੇ ਨੌਕਰੀ ਮਿਲੀ ਸੀ ਉੱਥੇ ਹੀ ਸਰਕਾਰੀ ਕੁਆਰਟਰ ਵਿੱਚ ਰਹਿਣ ਲੱਗਾ ਸੀ ਕਿਉਂਕਿ ਉਸ ਦੀ ਪਤਨੀ ਵੀ ਉਸ ਨਾਲ ਹੀ ਸਰਕਾਰੀ ਨੌਕਰੀ ਕਰਦੀ ਸੀ।ਹਫ਼ਤੇ ਬਾਅਦ ਉਹ ਪਿੰਡ ਗੇੜਾ ਮਾਰਦਾ ਤਾਂ ਜਸਵੰਤ ਨੂੰ ਜ਼ਰੂਰ ਮਿਲ ਕੇ ਜਾਂਦਾ। ਉਹਨਾਂ ਦੀ ਦੋਸਤੀ ਉਵੇਂ ਬਰਕਰਾਰ ਸੀ। ਆਪਣੇ ਪਿਓ ਤੇ ਭਰਾ ਦੇ ਸਿਰ ਤੇ ਜਸਵੰਤ ਦਾ ਰਹਿਣ ਸਹਿਣ ਸੁਖਬੀਰ ਦੇ ਮੁਕਾਬਲੇ ਚਾਹੇ ਬਹੁਤ ਉੱਚਾ ਲੱਗਦਾ ਸੀ ਪਰ ਉਸ ਵਿੱਚ ਨਿਰਾ ਖੋਖਲਾਪਣ ਨਜ਼ਰ ਆਉਂਦਾ ਸੀ। ਚਾਰ ਕੁ ਸਾਲ ਬਾਅਦ ਜਸਵੰਤ ਦਾ ਵੀ ਵਿਆਹ ਹੋ ਗਿਆ ਸੀ ਪਰ ਉਸ ਦਾ ਘਰ ਦੇ ਕੰਮਾਂ ਵਿੱਚ ਕੋਈ ਧਿਆਨ ਨਹੀਂ ਸੀ,ਉਹੀ ਬਾਪੂ ਅਤੇ ਭਰਾ ਦੇ ਸਿਰ ਤੇ ਸਰਦਾਰੀ ਕਰਦਾ। ਜਦੋਂ ਤੱਕ ਉਸ ਦਾ ਛੋਟਾ ਭਰਾ ਕੁਆਰਾ ਸੀ ਕੋਈ ਫ਼ਰਕ ਨਾ ਪਿਆ ਪਰ ਜਿਵੇਂ ਹੀ ਛੋਟੇ ਦਾ ਵਿਆਹ ਹੋਇਆ ਤਾਂ ਉਸ ਦਾ ਇਸ ਤਰ੍ਹਾਂ ਬਿਨਾਂ ਕੰਮ ਕਾਰ ਕੀਤੇ ਐਸ਼ਪ੍ਰਸਤੀ ਕਰਨਾ ਸਭ ਨੂੰ ਚੁਭਣ ਲੱਗਾ। ਘਰ ਵਿੱਚ ਕਲੇਸ਼ ਰਹਿਣ ਲੱਗਿਆ। ਬਾਪੂ ਨੇ ਜਸਵੰਤ ਨੂੰ ਉਸ ਦੇ ਹਿੱਸੇ ਦੀ ਜ਼ਮੀਨ ਦੇ ਕੇ ਤੇ ਘਰ ਵਿੱਚੋਂ ਤੀਜਾ ਹਿੱਸਾ ਦੇ ਕੇ ਅੱਡ ਕਰ ਦਿੱਤਾ। ਉਹ ਆਪਣੇ ਹਿੱਸੇ ਦੀ ਜ਼ਮੀਨ ਠੇਕੇ ਤੇ ਦੇ ਕੇ ਗੁਜ਼ਾਰਾ ਕਰਦਾ। ਪਰ ਪਿੰਡ ਦੇ ਮੋਹਤਬਰਾਂ ਨਾਲ ਲਿਸ਼ ਲਿਸ਼ ਕਰਦੇ ਚਿੱਟੇ ਕੱਪੜੇ ਪਾ ਕੇ ਕਦੇ ਕਿਸੇ ਮੰਤਰੀ ਨੂੰ ਤੇ ਕਦੇ ਕਿਸੇ ਸੰਤਰੀ ਨੂੰ ਮਿਲਣ ਵਾਲ਼ੀਆਂ ਆਦਤਾਂ ਉਸੇ ਤਰ੍ਹਾਂ ਬਰਕਰਾਰ ਰਹੀਆਂ । ਹੁਣ ਘਰ ਦਾ ਗੁਜ਼ਾਰਾ ਔਖਾ ਹੁੰਦਾ। ਸੁੱਖ ਨਾਲ ਘਰ ਵਿੱਚ ਦੋ ਬੱਚੇ ਵੀ ਹੋ ਗਏ ਸਨ। ਜਦ ਕਦੇ ਸੁਖਬੀਰ ਉਸ ਕੋਲ ਆਉਂਦਾ ਤਾਂ ਉਸ ਦਾ ਘਰ ਦੇ ਗੁਜ਼ਾਰੇ ਨੂੰ ਲੈ ਕੇ ਰੋਣਾ ਧੋਣਾ ਈ ਨਾ ਮੁੱਕਦਾ।
                  ਸਮਾਂ ਬੀਤਦਾ ਗਿਆ। ਸੁਖਬੀਰ ਨੌਕਰੀ ਵਿੱਚ ਤਰੱਕੀ ਕਰਦਾ ਕਰਦਾ ਅਫ਼ਸਰ ਬਣ ਗਿਆ ਸੀ।ਉਸ ਨੇ ਆਪਣੇ ਬੱਚੇ ਵੀ ਪੜ੍ਹਾ ਲਿਖਾ ਕੇ ਵਿਦੇਸ਼ ਭੇਜ ਦਿੱਤੇ ਸਨ, ਸ਼ਹਿਰ ਵਿੱਚ ਵਧੀਆ ਕੋਠੀ ਬਣਾ ਲਈ ਸੀ, ਪਿੰਡੋਂ ਜ਼ਮੀਨ ਦਾ ਠੇਕਾ ਆ ਜਾਂਦਾ ਸੀ । ਜਸਵੰਤ ਦੇ ਬੱਚੇ ਵੀ ਵਧੀਆ ਪੜ੍ਹਦੇ ਸਨ ਪਰ ਜਦ ਉਹਨਾਂ ਦੀਆਂ ਫੀਸਾਂ ਭਰਨੀਆਂ ਹੁੰਦੀਆਂ ਤਾਂ ਉਹ ਸੁਖਬੀਰ ਤੋਂ ਪੈਸੇ ਉਧਾਰੇ ਮੰਗਣ ਲਈ ਫੋਨ ਤੇ ਫੋਨ ਕਰ ਕੇ ਉਸ ਦੀ ਜਾਨ ਖਾ ਲੈਂਦਾ ਤੇ ਉਹੀ ਬਹਾਨਾ ਹੁੰਦਾ ਕਿ ਅਗਲੇ ਠੇਕੇ ਤੇ ਮੋੜ ਦੇਵੇਗਾ। ਹੁਣ ਤਾਂ ਉਸ ਦੀ ਨਿੱਤ ਮੰਗਣ ਦੀ ਆਦਤ ਤੋਂ ਸੁਖਬੀਰ ਵੀ ਅੱਕ ਜਾਂਦਾ ਪਰ ਫਿਰ ਵੀ ਬਚਪਨ ਦਾ ਸਾਥੀ ਹੋਣ ਕਰਕੇ ਉਹ ਉਸ ਦਾ ਵੇਲ਼ਾ ਕੁਵੇਲਾ ਸਾਰ ਦਿੰਦਾ। ਸੁਖਬੀਰ ਤੇ ਉਸ ਦੀ ਪਤਨੀ ਦੀ ਰਿਟਾਇਰਮੈਂਟ ਹੋਈ ਤਾਂ ਜਸਵੰਤ ਦੀ ਉਧਾਰ ਮੰਗਣ ਦੀ ਰਕਮ ਵੀ ਵਧ ਗਈ। ਉਹ ਉਸ ਨੂੰ ਫ਼ੋਨ ਕਰਕੇ ਉਸ ਦੀ ਜਾਨ ਹੀ ਖਾ ਗਿਆ।ਇਸ ਵਾਰ ਜਸਵੰਤ ਨੇ ਸੁਖਬੀਰ ਅੱਗੇ ਦੋ ਲੱਖ ਰੁਪਏ ਦੀ ਮੰਗ ਰੱਖ ਦਿੱਤੀ। ਕੁਝ ਦਿਨ ਤਾਂ ਸੁਖਬੀਰ ਟਾਲ ਮਟੋਲ ਕਰਦਾ ਰਿਹਾ ਪਰ ਜਦ ਉਸ ਨੇ ਉਸ ਦਾ ਖਹਿੜਾ ਹੀ ਨਾ ਛੱਡਿਆ ਤਾਂ ਸੁਖਬੀਰ ਨੇ ਉਸ ਨੂੰ  ਇੱਕ ਲੱਖ ਰੁਪਏ ਦੋ ਮਹੀਨੇ ਖਾਤਰ ਉਧਾਰੇ ਦੇ ਦਿੱਤੇ।
            ਚਾਰ ਕੁ ਮਹੀਨੇ ਤਾਂ ਸੁਖਬੀਰ ਨੇ ਜਸਵੰਤ ਤੋਂ ਉਧਾਰ ਦਿੱਤੇ ਪੈਸੇ ਨਾ ਮੰਗੇ । ਉਸਨੇ ਬੜੀ ਨਰਮਾਈ ਨਾਲ ਜਦ ਪੈਸੇ ਮੋੜਨ ਲਈ ਫੋਨ ਕਰਨਾ ਤਾਂ ਉਸ ਨੇ ‘ਅਗਲੇ ਮਹੀਨੇ ਪੱਕਾ’ ਕਹਿ ਕੇ ਟਾਲ ਮਟੋਲ ਕਰਦੇ ਨੇ ਸਾਲ ਕੱਢ ਦਿੱਤਾ। ਹੁਣ ਸੁਖਬੀਰ ਨੇ ਉਸ ਨੂੰ ਫ਼ੋਨ ਕਰਨਾ ਤਾਂ ਉਸ ਨੇ ਜਾਂ ਤਾਂ ਚੁੱਕਣਾ ਹੀ ਨਾ ਤੇ ਜਾਂ ਉਸ ਦੇ ਮੁੰਡੇ ਨੇ ਆਖ ਦੇਣਾ,” ਪਾਪਾ ਜੀ ਤਾਂ….ਪਿੰਡ ਦੇ ਸਰਪੰਚ ਨਾਲ ….ਐਧਰ ਕੰਮ ਗਏ ਹੋਏ ਹਨ ….ਓਧਰ ਕੰਮ ਗਏ ਹੋਏ ਹਨ….ਉਹ ਫੋਨ ਤਾਂ ਘਰ ਭੁੱਲ ਗਏ…!” ਹੁਣ ਸੁਖਬੀਰ ਨਾਲ਼ੋਂ ਜ਼ਿਆਦਾ ਉਸ ਦੀ ਪਤਨੀ ਨੂੰ ਉਸ ਦੇ ਦੋਸਤ ਤੇ ਗੁੱਸਾ ਆਉਂਦਾ। ਇੱਕ ਦਿਨ ਉਸ ਨੇ ਸੁਖਬੀਰ ਨੂੰ ਕਿਹਾ,”……. ਦੋ ਮਹੀਨੇ ਲਈ ਕਹਿਕੇ….. ਦੋ ਸਾਲ ਕੱਢ ਦਿੱਤੇ ਨੇ…. ਹੁਣ ਫ਼ੋਨ ਕਰਨ ਦੀ ਕੋਈ ਲੋੜ ਨਹੀਂ…. ਆਉਂਦੇ ਐਤਵਾਰ…ਆਪ ਜਾ ਕੇ ਮੰਗ ਕੇ ਲਿਆਓ…..।”
“…..ਮੈਨੂੰ ਤਾਂ ਬਚਪਨ ਦੀ ਦੋਸਤੀ ਦੀ ਸ਼ਰਮ ਖਾ ਜਾਂਦੀ ਐ…. ਐਵੇਂ ਵਿਗਾੜ ਪੈਂਦਾ ਪੈਂਦਾ ਵਿਗਾੜ ਪੈ ਜਾਂਦਾ….!” ਸੁਖਬੀਰ ਬੋਲਿਆ।
“….. ਵਿਗਾੜ ਦਾ ਤੁਹਾਨੂੰ ਜ਼ਿਆਦਾ ਫ਼ਿਕਰ ਐ…..ਉਸ ਨੂੰ ਨਹੀਂ….?” ਪਤਨੀ ਬੋਲੀ।
ਗੱਲ ਤਾਂ ਪਤਨੀ ਦੀ ਠੀਕ ਸੀ ਇਸ ਲਈ ਉਸ ਨੇ ਅੱਗੋਂ ਜਵਾਬ ਦੇਣਾ ਮੁਨਾਸਿਬ ਨਾ ਸਮਝਿਆ।
            ਅਗਲੇ ਐਤਵਾਰ ਸੁਖਬੀਰ ਸਵੇਰੇ ਜਲਦੀ ਹੀ ਪਿੰਡ ਲਈ ਨਿਕਲ ਗਿਆ। ਉਹ ਜਸਵੰਤ ਨੂੰ ਜਾਣਦਾ ਸੀ ਕਿ ਜੇ ਕਿਤੇ ਦੇਰ ਨਾਲ ਗਿਆ ਤਾਂ ਉਸ ਨੇ ਫੇਰ ਕਿਧਰੇ ਪਾਸੇ ਨੂੰ ਨਿਕਲ ਜਾਣਾ ਸੀ। ਜਿਵੇਂ ਹੀ ਉਹ ਜਸਵੰਤ ਦੇ ਖੁੱਲ੍ਹੇ ਗੇਟ ਅੱਗੇ ਆਪਣੀ ਕਾਰ ਖੜ੍ਹੀ ਕਰਕੇ ਵਿਹੜੇ ਵਿੱਚ ਗਿਆ ਤਾਂ ਇੱਕ ਪਾਸੇ ਓਟੇ ਵਿੱਚ ਉਸ ਦੀ ਪਤਨੀ ਚੁੱਲ੍ਹੇ ਤੇ ਨਾਸ਼ਤਾ ਬਣਾ ਰਹੀ ਸੀ ਤੇ ਉਹ ਕੋਲ਼ ਹੀ ਕੁਰਸੀ ਤੇ ਬੈਠ ਕੇ ਹੱਥ ਵਿੱਚ ਥਾਲ਼ੀ ਫੜੀ ਖਾਣਾ ਖਾ ਰਿਹਾ ਸੀ। ਸੁਖਬੀਰ ਨੂੰ ਵੇਖਦੇ ਸਾਰ ਬੋਲਿਆ,”…..ਆ ਬਈ ਬੇਲੀਆ….. ਅੱਜ ਕਿੱਧਰ ਨੂੰ ਸਵੇਰੇ ਸਵੇਰੇ….?…..(ਆਪਣੀ ਘਰਵਾਲੀ ਨੂੰ) ….ਚਾਹ ਦੇ ਬਈ ਮੇਰੇ ਯਾਰ ਨੂੰ….(ਉਹ ਕੋਲ਼ ਪਈ ਦੂਜੀ ਕੁਰਸੀ ਤੇ ਬੈਠੇ ਸੁਖਬੀਰ ਨੂੰ ਸਟੀਲ ਦੇ ਗਿਲਾਸ ਵਿੱਚ ਚਾਹ ਫੜਾਉਂਦੀ ਹੈ)
“….. ਮੈਂ ਸੋਚਿਆ ਪਿੰਡ ਦੀ ਖ਼ਬਰਸਾਰ ਈ ਲੈ ਆਵਾਂ…. ਨਾਲ਼ੇ ਤੈਨੂੰ ਮਿਲ਼ ਜਾਵਾਂ….!” ਸੁਖਬੀਰ ਚਾਹ ਦੀ ਘੁੱਟ ਭਰਦਿਆਂ ਬੋਲਿਆ।
” ਚੱਲ ਆਹ ਤਾਂ ਤੂੰ ਵਧੀਆ ਕੀਤਾ…. ਤੂੰ ਤਾਂ ਸ਼ਹਿਰ ਰਹਿ ਕੇ ਵੀ…. ਸਾਡੇ ਨਾਲੋਂ ਵੱਧ ਪਿੰਡ ਦੀ ਖ਼ਬਰਸਾਰ ਰੱਖਦੈਂ….!”(ਦੋਵੇਂ ਜਣੇ ਹੱਸ ਪੈਂਦੇ ਹਨ)
  ਸੁਖਬੀਰ ਦਸ ਪੰਦਰਾਂ ਮਿੰਟ ਐਧਰ ਓਧਰ ਦੀਆਂ ਗੱਲਾਂ ਮਾਰਦਾ ਰਹਿੰਦਾ ਹੈ ਕਿ ਸ਼ਾਇਦ ਕਿਧਰੇ ਉਹ ਆਪਣੇ ਆਪ ਪੈਸਿਆਂ ਦੀ ਗੱਲ ਕਰੂਗਾ ਪਰ ਇੱਥੇ ਤਾਂ ਮਾਮਲਾ ਈ ਉਲ਼ਟ ਸੀ। ਜਿਸ ਨੇ ਪੈਸੇ ਲੈਣੇ ਸਨ ਉਹ ਗੱਲ ਸ਼ੁਰੂ ਕਰਨ ਦੀ ਚਿੰਤਾ ਵਿੱਚ ਸੀ ਕਿ ਉਹ ਆਪਣੇ ਬੇਲੀ ਤੋਂ ਕਿਹੜੇ ਮੂੰਹ ਨਾਲ ਪੈਸੇ ਮੰਗੇ ਤੇ ਜਿਸ ਨੇ ਪੈਸੇ ਦੇਣੇ ਸਨ ਉਹ ਬੇਫ਼ਿਕਰ ਐਧਰ ਓਧਰ ਦੀਆਂ ਗੱਲਾਂ ਮਾਰਦਾ ਵਕਤ ਲੰਘਾ ਰਿਹਾ ਸੀ। ਹਿੰਮਤ ਜਿਹੀ ਕਰਕੇ ਸੁਖਬੀਰ ਬੋਲਿਆ,”…… ਮੈਂ…..ਓਹ ਲੱਖ ਰੁਪਏ ਦੀ ਗੱਲ ਕਰਨ ਆਇਆ ਸੀ…. ਤੂੰ….ਦੋ ਮਹੀਨੇ ਕਿਹਾ ਸੀ…. ਹੁਣ ਤਾਂ ਦੋ ਸਾਲ ਹੋ ਗਏ ਨੇ….. ਮੈਂ ਕਹਿਨਾਂ….. ਜੇ ਤੇਰਾ ਹੱਥ ਤੰਗ ਐ….. ਤਾਂ ਤੂੰ ਪੰਜਾਹ – ਪੰਜਾਹ ਹਜ਼ਾਰ ਕਰਕੇ…. ਦੋ ਵਾਰੀ ਵਿੱਚ ਮੋੜ ਦੇ……!”
“…….ਯਾਰ…. ਤੂੰ ਤਾਂ….ਜਮ੍ਹਾਂ ਈ ਸ਼ਰਮ ਲਾਹ ਦਿੱਤੀ ਐ…. ਕਦੇ ਤੂੰ… ਫ਼ੋਨ ਕਰਕੇ ਜਵਾਕਾਂ ਨੂੰ ਤੰਗ ਕਰਦਾਂ ….. ਕਦੇ ਮੈਨੂੰ….. ਅੰਨ੍ਹੀ ਕਮਾਈ ਆ ਤੈਨੂੰ…… ਰਿਟਾਇਰਮੈਂਟ ਦਾ ਕੱਠਾ ਹੋਇਆ…..ਪਤਾ ਨੀ ਕਿੰਨੇ ਲੱਖਾਂ ਰੁਪਏ ਮਿਲੇ ਨੇ….. ਜ਼ਮੀਨ ਦਾ ਠੇਕਾ ਤੈਨੂੰ ਆਉਂਦਾ…… ਹਜੇ ਵੀ ਤੈਨੂੰ ਸ਼ਰਮ ਨੀ ਆਉਂਦੀ…… ਮੈਂ ਨਿਆਣਾ ਤਾਂ ਨੀ….. ਜਦੋਂ ਮੇਰੇ ਕੋਲ ਹੋਣਗੇ….. ਮੈਂ ਆਪੇ ਤੇਰੇ ਮੱਥੇ ਮਾਰਨੇ ਆ…… ਤੇਰੇ ਕੋਲ ਚਾਰ ਪੈਸੇ ਤਾਂ ਕੀ ਆ ਗੇ …… ਤੇਰੇ ਸਿਰ ਤੇ ਜ਼ਿਆਦਾ ਲਾਲਚ ਭਾਰੂ ਹੋ ਗਿਆ……ਤੂੰ ਤਾਂ ਜਮਾਂ ਮੰਗਤਿਆਂ ਵਰਗਾ ਬਣ ਗਿਆ ….. ਓਹਨਾਂ ਤੋਂ ਵੀ ਗਿਆ ਗੁਜ਼ਰਿਆ…..!” ਜਸਵੰਤ ਬੋਲੀ ਜਾ ਰਿਹਾ ਸੀ।
           ਸੁਖਬੀਰ ਦੇ ਕੰਨਾਂ ਵਿੱਚ” ਮੰਗਤਿਆਂ ਵਰਗਾ ” ਸ਼ਬਦ ਗੂੰਜ ਰਿਹਾ ਸੀ ਤੇ ਸਿਰ ਸਾਂ ਸਾਂ ਕਰ ਰਿਹਾ ਸੀ। ਜਦ ਉਹ ਬਿਨਾਂ ਦੁਆ ਸਲਾਮ ਕੀਤਿਆਂ ਉੱਠ ਕੇ ਆਪਣੀ ਕਾਰ ਵੱਲ ਨੂੰ ਆ ਰਿਹਾ ਸੀ ਉਸ ਨੂੰ ਸੱਚ ਮੁੱਚ ਆਪਣਾ ਆਪ “ਮੰਗਤਿਆਂ ਵਰਗਾ” ਜਾਪ ਰਿਹਾ ਸੀ ਕਿਉਂਕਿ ਉਸ ਨੇ ਤਾਂ ਇਸ ਤੋਂ ਇੱਕ ਦੋ ਵਾਰ ਮੰਗਣ ਤੇ ਲੱਖ ਰੁਪਿਆ ਲੈ ਲਿਆ ਸੀ ਤੇ ਇਸ ਨੂੰ ਆਪਣੇ ਹੀ ਪੈਸੇ ਮੰਗਦੇ ਨੂੰ ਦੋ ਸਾਲ ਹੋ ਗਏ ਸਨ ਅਤੇ ਅੱਜ ਉਹ ਜਸਵੰਤ ਦੇ ਦਰ ਤੋਂ ਬਿਨਾਂ ਖੈਰ ਪਏ ਖ਼ਾਲੀ ਹੱਥ ਮੁੜ ਰਿਹਾ ਸੀ।
9988901324

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਟਰਾਂਸਪੋਰਟ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਸ: ਲਾਭ ਸਿੰਘ ਚਾਹਿਲ ਦੇ ਨਮਿੱਤ ਅੰਤਿਮ ਅਰਦਾਸ 8 ਦਸੰਬਰ ਨੂੰ ਪਿੰਡ ਪੜੋਲ ਵਿਖੇ ।
Next articleਸਰਕਾਰੀ ਮਿਡਲ ਸਕੂਲ ਸੁੰਨੜਵਾਲ, ਸਿੱਧਪੁਰ ਤੇ ਭੇਟਾਂ ਦੇ ਬੱਚਿਆਂ ਨੇ ਵਿੱਦਿਅਕ ਟੂਰ ਲਗਾਇਆ