ਕਵਿਤਾਵਾਂ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

,,,ਧਰਮ ਬਚਾਇਆ,,,,,,,

ਔਰੰਗਜ਼ੇਬ ਸੀ ਜੰਝੂ ਲਾਹੁੰਦਾ,
ਹਿੰਦੂਆਂ ਕਰੀ ਪੁਕਾਰ ਬਾਬਾ।
ਡੁੱਬਦਾ ਕੋਈ ਸਾਡਾ ਧਰਮ ਬਚਾਵੇ,
ਜਾਈਏ ਉਸ ਬਲਿਹਾਰ ਬਾਬਾ।
ਪੰਡਤਾਂ ਤੱਕਿਆ ਘਰ ਨਾਨਕ ਦਾ,
ਆ ਗਏ ਮੰਜ਼ਲਾਂ ਮਾਰ ਬਾਬਾ।
ਅਨੰਦਪੁਰ ਆ ਅਰਜ਼ੋਈ ਕੀਤੀ,
ਡਿੱਠਾ ਸੱਚ ਦਰਬਾਰ ਬਾਬਾ।
ਜਿੱਥੇ ਬੈਠੇ ਗੁਰੂ ਤੇਗਬਹਾਦਰ,
ਜੋ ਨੋਵੇਂ ਸੀ ਅਵਤਾਰ ਬਾਬਾ।
ਆ ਫਰਿਆਦੀ ਨੇ ਹੋਏ ਪੰਡਤ,
ਦਿੱਤੀ ਅਰਜ਼ ਗੁਜ਼ਾਰ ਬਾਬਾ।
ਸੁਣ ਕੇ ਬੇਨਤੀ ਸੱਚੇ ਸਤਿਗੁਰੂ,
ਹੋਏ ਦਿੱਲੀ ਵੱਲ ਤਿਆਰ ਬਾਬਾ।
ਤਿਲਕ ਜੰਝੂ ਦੀ ਜਾ ਰਾਖੀ ਕੀਤੀ,
ਸੀਸ ਦਿੱਤਾ ਸੀ ਵਾਰ ਬਾਬਾ।
ਭਾਈ ਦਿਆਲਾ,ਮਤੀ,ਸਤੀ ਦਾਸ ਜੀ,
ਉਨਾਂ ਵੀ ਮੰਨੀ ਨਾ ਹਾਰ ਬਾਬਾ।
ਜ਼ੁਲਮ ਦੇ ਅੱਗੇ ਝੁਕੇ ਨੀ ,ਪੱਤੋ,
ਝੁਕਿਆ ਵੈਰੀ ਆਖਰਕਾਰ ਬਾਬਾ।
ਤੇਗ ਬਹਾਦਰ ਹਿੰਦ ਦੀ ਚਾਦਰ ,
ਸਭ ਕਰਦੇ ਜੈ ਜੈ ਕਾਰ ਬਾਬਾ।

……ਮੇਰੀ ਦਾਦੀ……
ਬੜੀ ਪਿਆਰੀ ਦਾਦੀ ਮੇਰੀ,
ਬੁੱਕਲ ਦੇ ਵਿੱਚ ਪਾਉਂਦੀ ਹੈ।
ਜਦ ਵੀ ਨੀਂਦ ਨਾ ਆਵੇ ਮੈਨੂੰ,
ਚਿੜੀ ਦੀ ਬਾਤ ਸੁਣਾਉਂਦੀ ਹੈ।
ਉੱਠ ਸਵੇਰੇ ਰੱਬ ਰੱਬ ਕਰਦੀ,
ਸਭ ਦੀ ਸੁੱਖ ਮਨਾਉਂਦੀ ਹੈ।
ਜਦ ਮੰਮੀ ਤੋਂ ਮਾਰਾਂ ਪੈਂਦੀਆਂ,
ਉਹਲੇ ਮੈਨੂੰ ਲੁਕਾਉਂਦੀ ਹੈ।
ਸਿਆਣੇ ਬੱਚੇ ਕਹਿਣਾ ਮੰਨਦੇ,
ਫੇਰ ਮੈਨੂੰ ਸਮਝਾਉਂਦੀ ਹੈ।
ਕਦੇ ਕਿਸੇ ਨੂੰ ਨਾ ਕੌੜਾ ਬੋਲੇ,
ਨਾਲ ਪਿਆਰ ਬੁਲਾਉਂਦੀ ਹੈ।
ਜਾਹ ਬੇਟਾ ਮੁਆਫੀ ਮੰਗ ਲ਼ੈ,
ਖਹਿੜਾ ਮੇਰਾ ਛੱਡਵਾਂਉਂਦੀ ਹੈ।
ਜਦ ਮੈਂ ਨਾਲ ਬਾਹਰ ਨੂੰ ਜਾਵਾਂ,
ਚੀਜੀ ਮੈਨੂੰ ਦਿਵਾਉਂਦੀ ਹੈ।
ਦਾਦੀ ਮੇਰੀ ਰੂਪ ਰੱਬ ਦਾ,
ਪੱਤੋ, ਦੇ ਮਨ ਨੂੰ ਭਾਉਂਦੀ ਹੈ।

..ਮਹਿੰਗਾਈ ਦੀ ਮਾਰ…

ਗਰੀਬ ਬੰਦੇ ਦਾ ਹੈ ਜਿਉਣ ਕਾਹਦਾ,
ਮਹਿੰਗਾਈ ਤੋੜਿਆ ਲੱਕ ਬਾਬਾ।
ਰੁੱਖੀ ਮਿੱਸੀ ਖਾ ਮਸਾਂ ਟਾਇਮ ਲੰਘੇ,
ਬੁੱਤਾ ਆਪਣਾ ਲੈਂਦਾ ਧੱਕ ਬਾਬਾ।
ਚਾਲੀ ਰੁਪਏ ਕਿਲੋ ਮਿਲੇ ਆਟਾ,
ਜਾ ਪੁੱਛ ਦੁਕਾਨੋਂ ਬੇ ਸ਼ੱਕ ਬਾਬਾ।
ਹਜ਼ਾਰ ਰੁ: ਕਵਿੰਟਲ ਮਿਲੇ ਲੱਕੜ,
ਉਹ ਵੀ ਮਿਲਦੇ ਗਿੱਲੇ ਸੱਕ ਬਾਬਾ।
ਚੁੱਲ੍ਹਾ ਦੱਸੀ ਖਾਂ ਫਿਰ ਤਪੂ ਕਿਦਾਂ,
ਕਿੱਥੋਂ ਜਾਣੀ ਖਿਚੜੀ ਪੱਕ ਬਾਬਾ।
ਦਾਲਾਂ ਸਬਜ਼ੀਆਂ ਵੱਸੋਂ ਬਾਹਰ ਹੋਈਆਂ,
ਉਹਨਾਂ ਵੀ ਦਿੱਤੇ ਫੱਟੇ ਚੱਕ ਬਾਬਾ।
ਬਾਬਾ! ਖਾਵੇ ਫਿਰ ਕੀ ਛੱਡੇ ਬੰਦਾ,
ਮਨ ਸੋਚ ਸੋਚ ਜਾਂਦਾ ਅੱਕ ਬਾਬਾ।
ਫ਼ਿਕਰੀਂ ਬੰਦਾ ਬੁੱਢਾ ,ਪੱਤੋ, ਹੋ ਜਾਂਦਾ,
ਹਾਰ ਹੰਭ ਕੇ ਜਾਂਦਾ ਥੱਕ ਬਾਬਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

Previous articleਸੁਖਬੀਰ ਬਾਦਲ ਤੇ ਹਮਲਾ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਹੋਇਆ – ਭੁਪਿੰਦਰ ਸਿੰਘ
Next articleਧਿਆਨਪੂਰਵਕ ਪਤੰਗ ਉਡਾਉਣ ਬਾਰੇ ਬੱਚਿਆਂ ਨੂੰ ਸਮਝਾਇਆ