(ਸਮਾਜ ਵੀਕਲੀ)
ਰੰਗਮੰਚ ਸਜਾ ਦਿੱਤਾ ਹੈ
ਸਟੇਜ ਸਕੱਤਰ ਨੇ ਪ੍ਰੋਗਰਾਮ ਸੁਣਾ ਦਿੱਤਾ ਹੈ
ਕੱਠਪੁਤਲੀਆਂ ਦਾ ਨਾਚ ਸ਼ੁਰੂ ਕਰ ਦਿੱਤਾ ਹੈ
ਕੱਠਪੁਤਲੀਆਂ ਨੱਚ ਰਹੀਆਂ ਹਨ
ਨਚਾਉਣ ਵਾਲੀਆਂ ਉਂਗਲਾਂ
ਨਚਾ ਰਹੀਆਂ ਹਨ,
ਦਰਸ਼ਕ ਤਾੜੀਆਂ ਮਾਰਦੇ ਹਨ
ਸੋਸ਼ਲ ਮੀਡੀਏ ਉਤੇ ਵੱਖਰੀ ਜੰਗ ਜਾਰੀ ਹੈ
ਨਾਟਕ ਦੀ ਪਟਕਥਾ ਦਾ ਕੌਣ ਲਿਖਾਰੀ ਹੈ ?
ਕਲਮਾਂ ਵਾਲੇ ਸੋਚਦੇ ਹਨ
ਨਾਟਕ ਵਾਂਗ ਇਸ ਕਠਪੁਤਲੀ ਨਾਚ ਦੇ
ਬਹੁਤ ਖੂਬਸੂਰਤ ਕਲਾਈਮੈਕਸ ਆਉਣਗੇ
ਹਾਸਾ, ਠੱਠਾ ਤੇ ਮਖੌਲ ਉਡਾਇਆ ਜਾ ਰਿਹਾ ਹੈ
ਸੇਵਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ
ਸਜ਼ਾ ਨੂੰ ਸੇਵਾ ਵਿੱਚ ਬਦਲ ਦਿੱਤਾ ਹੈ
ਜੱਟ ਜੱਟਾਂ ਦੇ ਭੋਲੂ ਨਰੈਣ ਦਾ
ਕੋਈ ਗ਼ੈਰ ਪੰਜਾਬੀ ਬੇਅਦਬੀ ਕਰੇ
ਤਾਂ ਸੋਧ ਦਿਓ, ਮਾਰ ਕੇ ਟੰਗ ਦਿਓ
ਜੇ ਕੋਈ ਸਮੂਹਿਕ ਬੇਅਦਬੀਆਂ ਕਰਵਾਏ
ਭਰੀ ਸਭਾ ਵਿੱਚ ਮੰਨੀ ਵੀ ਜਾਏ ਤਾਂ
ਸੇਵਾ ਕਰਨ ਦਾ ਹੁਕਮਨਾਮਾ ਜਾਰੀ ਕਰ ਦਿਓ
ਜੋੜੇ ਘਰ ਵਿੱਚ ਜੁੱਤੀਆਂ ਸਾਫ ਕਰ
ਬਾਥਰੂਮ ਸਾਫ਼ ਕਰ, ਚੋਬਦਾਰ ਬਣ
ਬਾਣੀ ਸੁਣ ਤੇ ਗਿਆਰਾਂ ਹਜ਼ਾਰ ਰੁਪਏ ਦੀ ਦੇਗ਼ ਕਰਾ
ਆਪਣੇ ਘਰ ਨੂੰ ਜਾ ਕੋਈ ਨਵਾਂ ਪਖੰਡ ਰਚਾ
ਕੱਠਪੁਤਲੀਆਂ ਦਾ ਨਾਚ ਜਾਰੀ ਹੈ
ਕੌਣ ਨਚਾ ਰਿਹਾ ਹੈ
ਹਰ ਇੱਕ ਕਦਮ, ਹਰ ਇੱਕ ਪਾਤਰ
ਆਪਣੀ ਭੂਮਿਕਾ ਨਿਭਾਅ ਰਿਹਾ
ਦਰਸ਼ਕ ਹੱਸਦੇ ਨੇ, ਚੀਕਾਂ ਮਾਰਦੇ ਨੇ
ਤਾੜੀਆਂ ਵਜਾਉਂਦੇ, ਪਾਤਰ ਆਪੋ ਆਪਣੀ
ਭੂਮਿਕਾ ਨਿਭਾਈ ਜਾਂਦੇ
ਲਿਖੇ ਲਿਖਾਏ ਡਾਈਲਾਗ ਬੋਲੀ ਜਾਂਦੇ
ਇਸ ਨਾਚ ਦੇ ਕਈ ਕਲਾਈਮੈਕਸ ਆ ਗਏ
ਹੋਰ ਵੀ ਆਉਣਗੇ, ਜਦ ਦਰਸ਼ਕ ਤਾੜੀਆਂ ਨਹੀਂ ਵਜਾਉਣਗੇ
ਸਗੋਂ ਨਾਚ ਦੀ ਅਸਲੀਅਤ ਨੂੰ ਸਮਝ ਕੇ
ਹੰਝੂ ਵਹਾਉਣਗੇ, ਇੱਕ ਦੂਜੇ ਨੂੰ ਸਮਝਾਉਣਗੇ
ਕੱਠਪੁਤਲੀਆਂ ਨੂੰ ਨਚਾਉਣ ਵਾਲਾ ਤਾਂ ਪਰਦੇ ਦੇ ਪਿੱਛੇ ਹੈ
ਉਹ ਨਜ਼ਰ ਨਹੀਂ ਆਉਂਦਾ, ਨਜ਼ਰ ਤਾਂ ਨਾਚ ਕਰਦੀਆਂ
ਕਠਪੁਤਲੀਆਂ ਪਾਰਟੀਆਂ ਬਦਲ ਬਦਲ ਕੇ
ਸਟੇਜ ਤੇ ਨਾਚ ਕਰਦੀਆਂ ਹਨ
ਕਠਪੁੱਤਲੀਆਂ ਦਾ ਨਾਚ ਕਰਵਾਉਣ ਵਾਲਾ
ਕਲਾਕਾਰ ਬਹੁਤ ਛਾਤਰ ਹੈ
ਉਹ ਹਰ ਕਦਮ ਤੇ ਦਰਸ਼ਕਾਂ ਦੀ ਨਬਜ਼ ਪਹਿਚਾਣ ਦਾ
ਦਰਸ਼ਕਾਂ ਵਿੱਚੋਂ ਆਪਣੇ ਕੰਮ ਆਉਣ ਵਾਲੇ ਪਛਾਣਦਾ
ਕਦੇ ਕਦੇ ਮਸ਼ਖਰਾ ਆਉਂਦਾ ਉਹ ਆਪਣੇ ਟੋਟਕੇ ਸਣਾਉਦਾ
ਦਰਸ਼ਕਾਂ ਨੂੰ ਹਸਾਉਂਦਾ ਤੇ ਭਰਮਾਉਂਦਾ
ਉਹ ਕਦੀ ਵੀ ਗੰਭੀਰ ਨਾ ਹੁੰਦਾ
ਉਹ ਤਾੜੀ ਮਾਰੀ ਕੇ ਹੱਸਦਾ ਤੇ ਦੱਸਦਾ
ਬੇਬੇ ਕਹਿੰਦੀ ਸੀ, ਹੱਸ ਕੇ ਗੱਲ ਕਰਨ ਵਾਲੇ ਦਾ
ਇਤਬਾਰ ਨਹੀਂ ਕਰੀਦਾ
ਉਸ ਤੋਂ ਪਾਸੇ ਹੋ ਕੇ ਖੜ੍ਹੀ ਦਾ।
ਸਟੇਜ ਤੇ ਮਸ਼ਖਰਾ ਮਸ਼ਖਰੀਆਂ ਕਰਦਾ
ਦੂਜੀਆਂ ਪਾਰਟੀਆਂ ਨੂੰ ਭੰਡਦਾ
ਆਪਣੀਆਂ ਕੱਛ ਵਿੱਚ ਤੇ ਦੂਜਿਆਂ ਦੀਆਂ ਹੱਥ ਵਿੱਚ
ਉਹ ਗੱਲਾਂ ਬਾਤਾਂ ਨਾਲ਼ ਚੁਟਕਲੇ ਸੁਣਾਉਂਦਾ
ਥੁੱਕ ਨਾਲ ਬੜੇ ਪਕਾਉਣ ਵਾਲਾ ਇਹ ਮਸ਼ਖਰਾ
ਕਠਪੁਤਲੀਆਂ ਨਚਾਉਣ ਵਾਲਿਆਂ ਦਾ ਸਾਥੀ ਬਣਿਆ ਹੋਇਆ ਹੈ
ਉਹਨਾਂ ਦੀ ਬੋਲੀ ਬੋਲਦਾ
ਬੋਲਣ ਦੀ ਖੱਟੀ ਖਾਂਦਾ ਪੀਂਦਾ
ਸਟੇਜ ਸਕੱਤਰ ਆਉਂਦਾ
ਅਗਲੇ ਨਾਟਕ ਤੇ ਨਾਚ ਤੇ ਪਾਰਟੀ ਨੂੰ
ਤਿਆਰ ਰਹਿਣ ਲਈ ਆਖਦਾ
ਉਹ ਦਰਸ਼ਕਾਂ ਦਾ ਮੂਡ ਦੇਖਦਾ
ਅਗਲੇ ਨਾਚ ਦੀ ਤਿਆਰੀ ਲਈ
ਪਰਦਾ ਡਿੱਗਦਾ
ਸਟੇਜ ਤੇ ਚਿਤਰਹਾਰ ਸ਼ੁਰੂ ਹੁੰਦਾ
ਅੱਧ ਨੰਗੀਆਂ ਨਾਚੀਆਂ ਭੋਗ ਦਾ ਜੋਗਾ ਕਰਦੀਆਂ
ਨੱਚ ਰਹੀਆਂ ਹਨ, ਡੀਜੇ ਦੀ ਕੰਨ ਪਾੜਵੀਂ ਆਵਾਜ਼
ਸੋਮ ਰਸ ਦਾ ਦੌਰ ਜਾਰੀ ਹੈ
ਨਾਟਕ ਤੇ ਨਾਚ ਜਾਰੀ ਹੈ
ਤਮਾਸ਼ਾ ਨਵਾਂ ਸ਼ੁਰੂ ਹੋਵੇਗਾ!
ਉਡੀਕ ਕਰੋ, ਆਪਣੀ ਜੇਬਾਂ ਤੇ ਬੱਚੇ ਸੰਭਾਲ ਕੇ ਰੱਖੋ
ਹੁਣ ਬੱਚੇ ਚੁੱਕਣ ਵਾਲਿਆਂ ਨੇ ਆਉਣਾ ਹੈ।
ਸੰਭਲੋ ਪੰਜਾਬੀਓ ਜ਼ੋਸ਼ ਤੇ ਹੋਸ਼ ਟਿਕਾਣੇ ਰੱਖੋ।
ਹੋਸ਼ ਟਿਕਾਣੇ ਲਿਆਉਣ ਲਈ ਤਿਆਰੀ ਹੈ।
ਕੱਠਪੁਤਲੀਆਂ ਦਾ ਨਾਚ ਜਾਰੀ ਹੈ।
—- ਬੁੱਧ ਸਿੰਘ ਨੀਲੋਂ
—–9464370823