ਬੁੱਧ ਬਾਣ

ਪੰਜਾਬ ਇੱਕ ਵਾਰ ਉਠਿਆ ਐ !

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ) ਬੀਤੇ ਦਿਨੀਂ ਜਿਵੇਂ ਕਾਲੇ ਪਾਣੀਆਂ ਦੇ ਖ਼ਿਲਾਫ਼ ਲੁਧਿਆਣਾ ਵਿੱਚ ਲਗਾਏ ਮੋਰਚੇ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਸਰਕਾਰ ਦੀਆਂ ਅੱਖਾਂ ਵਿੱਚ ਅੱਖਾਂ ਪਾੜ ਕੇ ਸ਼ਾਂਤ ਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ, ਉਸਨੂੰ ਦੇਖਦਿਆਂ ਲੱਗਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਆਪਣੇ ਭਵਿੱਖ ਨੂੰ ਬਚਾਉਣ ਲਈ ਹੋਸ਼ ਤੇ ਜੋਸ਼ ਮੌਜੂਦ ਹੈ। ਭਾਵੇਂ ਇਸ ਮੋਰਚੇ ਨੂੰ ਭਈਏ ਬਨਾਮ ਸਿੱਖ ਬਣਾਉਣ ਲਈ ਕੋਸ਼ਿਸ਼ ਕੀਤੀ ਗਈ। ਜਿਸ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਦੋਗਲਾ ਕਿਰਦਾਰ ਨਜ਼ਰ ਆਇਆ, ਉਸਨੂੰ ਸਮਝਣ ਦੀ ਲੋੜ ਹੈ। ਇੱਕ ਪਾਸੇ ਪੰਜਾਬ ਦੇ ਨੌਜਵਾਨਾਂ ਨੂੰ ਲੁਧਿਆਣਾ ਵਿੱਚ ਪੁੱਜਣ ਤੋਂ ਥਾਂ ਥਾਂ ਉੱਤੇ ਨਾਕਾਬੰਦੀ ਕਰਕੇ ਰੋਕਿਆ ਤੇ ਗ੍ਰਿਫਤਾਰ ਕੀਤਾ ਗਿਆ, ਉਥੇ ਦੂਜੇ ਪ੍ਰਵਾਸੀਆਂ ਨੂੰ ਬੁੱਢੇ ਨਾਲੇ ਉਪਰ ਵੱਡੀ ਪੱਧਰ ਉੱਤੇ ਇਕੱਠੇ ਹੋਣ ਦਾ ਮੌਕਾ ਦਿੱਤਾ। ਉਹਨਾਂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਦੋਗਲਾਪਣ ਉਸ ਵੇਲੇ ਚਕਨਾਚੂਰ ਹੋ ਗਿਆ ਜਦੋਂ ਪੰਜਾਬ ਦੇ ਨੌਜਵਾਨਾਂ ਨੇ ਸ਼ਾਂਤਮਈ ਰਹਿ ਕੇ ਪੁਲੀਸ ਦੀਆਂ ਸਾਰੀਆਂ ਰੋਕਾਂ ਨੂੰ ਵਗਾਹ ਮਾਰਿਆ। ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਕੁੱਝ ਦਿਨ ਦਾ ਸਮਾਂ ਮੰਗਿਆ ਹੈ, ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਗੰਦੇ ਨਾਲੇ ਨੂੰ ਲੈਣ ਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ ਚੰਡੀਗੜ੍ਹ ਵਿੱਚ ਮੀਟਿੰਗ ਸੱਦ ਲਈ ਹੈ। ਇਸ ਬੁੱਢੇ ਨਾਲੇ ਉਪਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਿੰਨੇ ਹਜ਼ਾਰ ਕਰੋੜ ਸਫ਼ਾਈ ਕਰਨ ਦੇ ਨਾਮ ਉੱਤੇ ਛਕ ਗਿਆ, ਇਸ ਦੀ ਵੀ ਜਾਂਚ ਪੜਤਾਲ ਕਰਨ ਦੀ ਲੋੜ ਹੈ। ਇਸ ਸਮੇਂ ਪੰਜਾਬ ਜਿਸ ਤਰ੍ਹਾਂ ਹੁਣ ਵੱਖ ਵੱਖ ਸੰਕਟਾਂ ਦੇ ਵਿੱਚ ਘਿਰਿਆ ਹੋਇਆ ਹੈ ਤੇ ਇਸ ਨੂੰ ਸਮਝ ਨਹੀਂ ਲੱਗਦੀ ਕਿ ਉਹ ਕਰੇ ਤਾਂ ਕੀ ਕਰੇ ? ਕਦੇ ਉਹ ਸਿਆਸੀ ਆਗੂਆਂ ਵੱਲ ਤੇ ਕਦੇ ਧਰਮ ਦੇ ਨਾਂ ਤੇ ਬਣੇ ਡੇਰਿਆਂ ਵੱਲ ਜਾਂਦਾ ਹੈ। ਉਸ ਦਾ ਦੋਵੇਂ ਧਿਰਾਂ ਸ਼ੋਸ਼ਣ ਕਰਦੀਆਂ ਹਨ। ਇਸ ਗੱਲ ਦਾ ਪੰਜਾਬ ਨੂੰ ਪਤਾ ਵੀ ਹੈ ਕਿ ਉਸ ਦੇ ਨਾਲ ਧੱਕਾ ਹੋ ਰਿਹਾ ਹੈ ਪਰ ਉਹ ਚੁੱਪ ਚਾਪ ਆਪਣੀ ਮਸਤੀ ਵਿੱਚ ਤੁਰਿਆ ਜਾ ਰਿਹਾ ਹੈ। ਪੰਜਾਬ ਕੁੱਝ ਵਿਦੇਸ਼ਾਂ ਨੂੰ ਤੇ ਕੁੱਝ ਮੜੀਆਂ ਨੂੰ ਜਾ ਰਿਹਾ ਹੈ । ਐਨੇ ਝੱਖੜਾਂ ਦੇ ਬਾਵਜੂਦ ਪੰਜਾਬ ਰੁਕਿਆ ਨਹੀਂ, ਝੁਕਿਆ ਨਹੀਂ। ਇੱਕ ਦਿਨ ਪੰਜਾਬ ਜਦੋਂ ਉਹਨਾਂ ਹਾਕਮਾਂ ਦੇ ਘਰਾਂ ਵੱਲ ਜਾਵੇਗਾ ਤਾਂ ਜਰੂਰ ਇੱਟ ਵਾਂਗ ਇੱਟ ਖੜਕਾ ਦੇਵੇਗਾ । ਪੰਜਾਬ ਵਿੱਚ ਬੰਦੇ ਬਹਾਦਰਾਂ ਦੀ ਕੋਈ ਘਾਟ ਨਹੀਂ, ਬਸ ਲੋੜ ਹੈ ਉਹਨਾਂ ਨੂੰ ਸਹੀ ਦਿਸ਼ਾ ਦੇਣ ਦੀ। ਇਹ ਸਹੀ ਦਿਸ਼ਾ ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਦੇ ਸਕਦਾ ਹੈ । ਸਾਨੂੰ ਆਪਣੇ ਦੁੱਖਾਂ ਦਰਦਾਂ ਦੀ ਦਵਾਈ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਪਵੇਗੀ । ਇਹੀ ਸਾਡਾ ਪਿਤਾ ਹੈ ਤੇ ਇਹੀ ਪ੍ਰੇਰਨਾ ਸ੍ਰੋਤ ਹੈ ਪਰ ਅਸੀਂ ਇਸ ਸਿਰਫ ਤੇ ਸਿਰਫ ਇਸ ਨੂੰ ਮੱਥਾ ਟੇਕਣ ਅਤੇ ਆਸਾਂ ਪੂਰੀਆਂ ਕਰਨ ਦਾ ਮਹਿਜ ਸਾਧਨ ਬਣਾ ਲਿਆ ਹੈ। ਸਾਨੂੰ ਅਤੀਤ ਤੋਂ ਸਬਕ ਲੈ ਕੇ ਵਰਤਮਾਨ ਵਿੱਚ ਭਵਿੱਖ ਦੀਆਂ ਯੋਜਨਾਵਾਂ ਬਣਾਉਣੀਆਂ ਪੈਣਗੀਆਂ, ਨਹੀਂ ਤਾਂ ਜਿਸ ਦਿਸ਼ਾ ਵੱਲ ਪੰਜਾਬ ਜਾ ਰਿਹਾ ਹੈ, ਉਹ ਕੋਈ ਸਵਰਗ ਨਹੀਂ, ਨਰਕ ਦਾ ਹਿੱਸਾ ਹੈ। ਭਾਵੇਂ ਲੋਕਾਂ ਦਾ ਧਰਤੀ ਤੇ ਦੇਸ਼ ਬਦਲ ਗਿਆ ਹੈ ਪਰ ਹਾਲਾਤ ਇੱਕ ਦਿਨ ਪੰਜਾਬ ਵਾਲੇ ਹੀ ਬਣਨਗੇ। ਉਦੋਂ ਪੰਜਾਬ ਕੀ ਕਰੇਗਾ ? ਆਓ ਆਪਾਂ ਆਪਣੀ ਪੀੜੀ ਹੇਠ ਸੋਟਾ ਦੇ ਦਈਏ।
====
ਯਾਰੀ ਲੱਗੀ ‘ਤੇ ਲਵਾ ਤੇ ਤਖ਼ਤੇ,
ਟੁੱਟੀ ਤੇ ਚੁਗਾਠ ਪੁੱਟ ਤੀ।
ਪਿਆਰ, ਸਿਆਸਤ ਤੇ ਜੰਗ ਵਿੱਚ ਸਭ ਕੁੱਝ ਸਦੀਵੀ ਨੀ ਹੁੰਦਾ। ਸਮਾਂ, ਸਥਾਨ ਤੇ ਗਰਜ਼ ਨਾਲ ਰਿਸ਼ਤੇ, ਸਾਂਝਾ, ਦੋਸਤੀ, ਸਥਿਤੀ ਬਦਲਣ ਵਿੱਚ ਦੇਰ ਨਹੀਂ ਲੱਗਦੀ। ਕਹਿੰਦੇ ਆ ਕਿ ਜਦੋਂ ਮਨੁੱਖ ਦਾ ਜਨਮ ਹੁੰਦਾ ਹੈ ਤੇ ਉਸ ਦਾ ਅੰਨ-ਜਲ, ਪੌਣ-ਪਾਣੀ ਤੇ ਮੌਤ ਸਭ ਦਾ ਲੇਖਾ ਉਸ ਵੇਲੇ ਹੋ ਜਾਂਦਾ ਹੈ। ਘਰ ਦੇ ਹਾਲਾਤ ਉਸ ਨੂੰ ਉਸਾਰਦੇ ਤੇ ਵਿਗਾੜਦੇ ਹਨ। ਮਨੁੱਖ ਦੀ ਉਸਾਰੀ ਵਿੱਚ ਜੇਕਰ ਕੋਈ ਚੰਗਾ ‘ਉਸਤਾਦ’ ਮਿਲ ਜਾਵੇ ਤਾਂ ਉਸ ਦੀ ਦਿੱਖ ਤਾਜ ਮਹਿਲ ਬਣ ਸਕਦੀ ਹੈ, ਜਿਸ ਨੂੰ ਲੋਕੀ ਫਿਰ ਦੂਰੋਂ ਦੂਰੋਂ ਤੱਕਣ ਆਉਂਦੇ ਹਨ। ਜੇ ਕੋਈ ਮਾੜਾ ਮਿਸਤਰੀ ਮਿਲ ਜਾਵੇ ਫੇਰ ਉਹ ਉਸ ਦੀ ਜੀਵਨ ਲੀਲਾ ਵਿੱਚ ਅਜਿਹੀ ਫਾਲ ਠੋਕ ਦੇਂਦਾ ਹੈ, ਫਿਰ ਉਹੀ ਮਨੁੱਖ ਸਾਰੀ ਜ਼ਿੰਦਗੀ ਚੀਕੀ ਜਾਂਦਾ ਹੈ, ਪਰ ਸਾਡੇ ਵਿੱਚ ਕਈਆਂ ਨੂੰ ਬਿਨਾਂ ਲੋੜ ਤੇ ਗੱਲ ਉਤੇ ਚੀਕਣ ਦੀ ਆਦਤ ਹੁੰਦੀ ਹੈ। ਉਹ ਚੰਗੇ ਭਲੇ ਹੀ ਚੀਕੀ ਜਾਂਦੇ ਹਨ। ਉਨ੍ਹਾਂ ਦੀਆਂ ਨਿੱਤ ਦੀਆਂ ਚੀਕਾਂ ਸੁਣ ਕੇ ਲੋਕੀ ਵੀ ਆਖਣ ਲੱਗ ਪੈਂਦੇ ਹਨ, ਇਹ ਤਾਂ ਐਂਵੇ ‘ਭੌਕੀ ਜਾਂਦੈ ਤੇ ਬੂਕੀ ਜਾਂਦਾ ਹੈ ‘। ਸਾਡੇ ਸੁਭਾਅ ਵਿੱਚ ਇਹ ਬਿਰਤੀ ਆਲੇ-ਦੁਆਲੇ ਵਿੱਚੋਂ ਹੀ ਆਉਂਦੀ ਹੈ, ਉਂਝ ਮਨੋਵਿਗਿਆਨੀਆਂ ਅਨੁਸਾਰ ‘ਹਾਲਾਤ’ ਹੀ ਮਨੁੱਖ ਦੇ ਦਿਮਾਗ ਦੀ ਉਸਾਰੀ ਕਰਦੇ ਹਨ। ਅਸੀਂ ਜਿਸ ਨੂੰ ਮਨ ਕਹਿੰਦੇ ਹਾਂ, ਇਹ ਅੱਥਰਾ ਘੋੜਾ ਐ, ਇਸ ਦੇ ਉਪਰ ਜੇ ਤਾਂ ਕੋਈ ‘ਸਿਕੰਦਰ’ ਵਰਗਾ ਸਵਾਰ ਹੈ ਤਾਂ ਉਹ ਦੁਨੀਆਂ ਨੂੰ ਜਿੱਤ ਸਕਦਾ, ਜੇ ਉਸ ਦੇ ਉਪਰ ਰਾਵਣ ਚੜ ਜਾਵੇ ਫਿਰ ਉਹ ਆਪਣੀ ਲੰਕਾ ਵੀ ਆਪ ਢਾਹ ਲੈਂਦਾ ਹੈ, ਪਰ ਇਹ ਸਭ ਹੁੰਦਾ ਹੈ, ਉਸਤਾਦ ਦੀ ਕ੍ਰਿਪਾ ਦੇ ਨਾਲ।
ਜਦੋਂ ਕੋਈ ਕਿਸੇ ਦੇ ਕੰਮ ਵਿੱਚ ਵਿਘਨ ਪਾਉਂਦਾ ਹੈ, ਅਸੀਂ ਉਸ ਨੂੰ ਨਹੀਂ, ਉਸਦੇ ‘ਉਸਤਾਦ’ ਨੂੰ ਪੁਣਦੇ ਆ। ਫਿਰ ਸਾਡੇ ਆਲੇ-ਦੁਆਲੇ ਅਜਿਹੇ ‘ਉਸਤਾਦਾਂ’ ਦੀ ਭੀੜ ਵੱਧ ਜਾਂਦੀ ਹੈ, ਜਿਹੜੇ ਤੁਹਾਡੇ ਨਾਲ ਹਮੇਸ਼ਾਂ ਹੀ ਉਸਤਾਦੀ ਕਰਨ ਦੀ ਤਾਕ ਵਿੱਚ ਰਹਿੰਦੇ ਹਨ। ਭਾਵੇਂ ਇਸ ਸੰਸਾਰ ਉਤੇ ਰਹਿਣਾ ਕਿਸੇ ਵੀ ਨਹੀਂ, ਪਰ ਅਸੀਂ ਦੂਜਿਆਂ ਦੀ ਜ਼ਿੰਦਗੀ ‘ਚ ਖਲਲ ਪਾਉਣ ਲਈ ਹਰ ਵੇਲੇ ਪੱਬਾਂ ਭਾਰ ਹੋਏ ਰਹਿੰਦੇ। ਜਦੋਂ ਬੰਦੇ ਦੀ ਸੋਚ ਦੂਜਿਆਂ ਦੀਆਂ ਟਾਕੀਆਂ ਲਾਉਣ ਦੀ ਬਣ ਜਾਵੇ ਤਾਂ ਉਹ ਫੇਰ ਹਰ ਵੇਲੇ ਹੱਥਾਂ ਦੀ ਸਫ਼ਾਈ ਦਿਖਾਉਂਦਾ ਰਹਿੰਦਾ ਹੈ। ਜਿਨਾਂ ਦੇ ਹੱਥ ਤੇ ਮੂੰਹ ਖੂਨ ਦੇ ਲਿਬੜੇ ਹੁੰਦੇ ਹਨ, ਉਹ ਹੀ ਦੂਜਿਆਂ ਨੂੰ ਖੂਨ ਪੀਣ ਤੋਂ ਰੋਕਣ ਦੀਆਂ ਨਸੀਹਤਾਂ ਦੇਂਦੇ ਹਨ। ਉਹ ਆਪਣਾ ਮੂੰਹ ਨਾ ਵੇਖਦੇ ਤੇ ਨਾ ਹੀ ਹੱਥ, ਉਹ ਤਾਂ ਹਰ ਵੇਲੇ ਸ਼ੀਸ਼ਾ ਚੁੱਕੀ ਫਿਰਦੇ ਰਹਿੰਦੇ ਹਨ। ਜਿੱਥੇ ਦਾਅ ਲੱਗਿਆ, ਉਸ ਨੂੰ ਵਿਖਾ ਕੇ ਦਾੜੀ ਮੁੰਨ ਲੈਂਦੇ ਹਨ। ਸਮਾਜ ਵਿੱਚ ਕਈਆਂ ਦਾ ਕਾਰੋਬਾਰ ਵੀ ਹੁਣ ਇਹ ਰਹਿ ਗਿਆ ਕਿ ਉਹ ਬਾਹਰੋਂ ਬਾਹਰੀ ਹੀ ਟੋਪੀ ਘੁੰਮਾਈ ਜਾਂਦੇ ਹਨ। ਹਰ ਵੇਲੇ ਉਹ ਹੱਥ ਵਿੱਚ ‘ਟੋਪੀ’ ਲਈ ਫਿਰਦੇ ਹਨ, ਜਿਸ ਦੇ ਵੀ ਫਿਟ ਆ ਗਈ ਪਾ ਦਿੰਦੇ ਹਨ। ਉਹ ਆਪਣਾ ਮੂੰਹ ਤੇ ‘ਕਾਰ ਸੇਵਾ’ ਦਾ ਫੱਟਾ ਲਾ ਕੇ ਰੱਖਦੇ ਹਨ। ਉਨ੍ਹਾਂ ਦਾ ‘ਟੋਕਰਾ’ ਹਮੇਸ਼ਾਂ ਅਸਮਾਨ ਦੇ ਦਰਸ਼ਨ ਕਰਦਾ ਰਹਿੰਦਾ ਤੇ ਭਰਦਾ ਰਹਿੰਦਾ ਹੈ। ਉਹ ਜਾਂਦੇ ਚੋਰ ਦੀ ਤੜਾਂਗੀ ਲਾਉਣੀ ਵੀ ਨਹੀਂ ਭੁੱਲਦੇ। ਇਹੋ ਜਿਹੇ ਆਦਮੀ ਦੀ ਸੋਚ ‘ਜੋਗੀ’ ਵਰਗੀ ਹੁੰਦੀ ਹੈ। ਜਿਹੜੀ ਹਮੇਸ਼ਾਂ ਦਰ-ਦਰ ਭਟਕਦੀ ਰਹਿੰਦੀ ਹੈ। ਉਹ ਕਿਸੇ ਬੋਹੜ ਵਾਂਗ ਛਾਂਵਾਂ ਨਹੀਂ ਕਰਦੇ। ਜਿਨਾਂ ਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ ਹੁੰਦਾ ਹੈ, ਉਨਾਂ ਦੇ ਹੱਥ ਹਮੇਸ਼ਾਂ ਅੱਡੇ ਹੀ ਰਹਿੰਦੇ ਹਨ। ਜਿਨਾਂ ਦੀ ਜ਼ਿੰਦਗੀ ਨੂੰ ਸਮੇਂ ਨੇ ‘ਟੱਪਰੀ’ ਬਣਾ ਦਿੱਤਾ, ਉਹ ਹਮੇਸ਼ਾਂ ਇੱਕ ਥਾਂ ਤੋਂ ਦੂਜੀ ਥਾਂ ਭਟਕਦੇ ਨਹੀਂ ਸਗੋਂ ਜ਼ਿੰਦਗੀ ਦੇ ਵੱਖ ਵੱਖ ਰੰਗ ਮਾਣਦੇ ਹਨ, ਪਰ ਜਿਹੜੇ ਹਰ ਵੇਲੇ ਦੂਜੇ ਦੀਆਂ ਟਾਕੀਆ ਲਾਉਣ ਤੇ ਰਹਿੰਦੇ ਹਨ, ਉਹ ਕਹਿੰਦੇ ਹਨ ਕਿ ਇਹ ਤਾਂ ‘ਭੱਠ ਛਾਣ ਦੇ’ ਫਿਰਦਾ, ਪਰ ਉਨਾਂ ਦਾ ਆਪਣੇ ਭੱਠ ‘ਚ ਪਿਆ ਸੋਨਾ ਕੰਨਾਂ ਨੂੰ ਵੱਢ-ਵੱਢ ਖਾਈ ਜਾਂਦਾ ਹੈ, ਪਰ ਉਹ ਦੂਜੇ ਦੀ ਭੱਠੀ ਉੱਤੇ ਪਕੌੜੇ ਤਲਣ ਦੀ ਤਾਕ ‘ਚ ਰਹਿੰਦੇ ਹਨ,,
ਜਿਨਾਂ ਨੂੰ ਬੇਗਾਨਿਆਂ ਤੰਦੂਰਾਂ ‘ਤੇ ਰੋਟੀਆਂ ਸੇਕਣ ਦੀ ਆਦਤ ਹੁੰਦੀ ਹੈ, ਉਹ ਘਰ ਕਦੇ ਚੁੱਲਾਂ ਨੀ ਬਾਲਦੇ, ਉਹ ਰਮਤੇ ਜੋਗੀ ਵਾਂਗ ਤੁਰਦੇ ਰਹਿੰਦੇ ਪਰ ਉਨ੍ਹਾਂ ਦਾ ਜੋਗ ਦੇ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ। ਉਹ ਰਿਸ਼ਤੇ ਤਾਂ ਉਨਾਂ ਨਾਲ ਜੋੜਦੇ ਜਿਨ੍ਹਾਂ ਦੀ ਉਨ੍ਹਾਂ ‘ਬਿੱਕ’ ਲਾਉਣੀ ਹੁੰਦੀ ਤੇ ਮੋਛੇ ਪਾਉਣੇ ਹੁੰਦੇ ਹਨ। ਉਹ ਆਪਣੇ ਘਰਾਂ ਨੂੰ ‘ਗੋਦਾਮ’ ਬਣਾਉਦੇਂ ਰਹਿੰਦੇ ਹਨ, ਪਰ ਉਹ ਆਪਣੇ ਮੋਦੀਖਾਨੇ ਵਿੱਚ ਬਾਬੇ ਨਾਨਕ ਵਾਂਗ ‘ਤੇਰਾ ਤੇਰਾ ਤੇਰਾ’ ਨਹੀਂ ਤੋਲਦੇ। ਸਗੋਂ ਉਹ ਤਾਂ ਹਮੇਸ਼ਾਂ ਇਹ ਆਖਦੇ ‘ਮੇਰਾ ਆ, ਮੇਰਾ ਓ’ ਕਰਦੇ ਹਨ। ਇਸੇ ਕਰਕੇ ਉਨਾਂ ਨੂੰ ਧਰਤੀ ‘ਤੇ ਫਿਰਦੀਆਂ ਨਿੱਕੀਆਂ-ਨਿੱਕੀਆਂ ਕੀੜੀਆਂ ਨਹੀਂ ਦਿਖਦੀਆਂ। ਉਹ ਬਿਜੜੇ ਵਾਂਗ ਆਲਣੇ ਨਹੀਂ ਬਣਾਉਂਦੇ, ਉਹ ਤਾਂ ਕਾਂ ਵਾਂਗ ਦੂਜਿਆਂ ਦੇ ਆਲਣਿਆਂ ‘ਚ ਆਂਡੇ ਦੇ ਕੇ ਉਡਾਰੀ ਮਾਰ ਜਾਂਦੇ ਹਨ। ਜਾਂਦੇ ਹੋਏ ਉਹ ਸਿਰਨਾਵਾਂ ਨਹੀਂ ਦੇ ਕੇ ਜਾਂਦੇ ਪਰ ਉਹ ਭੁੱਲ ਜਾਂਦੇ ਹਨ ਕਿ ਸਿਰਨਾਵਾਂ ਤਾਂ ਪਹਿਲਾਂ ਹੀ ਲਿਖਿਆ ਗਿਆ ਸੀ। ਇਸੇ ਕਰਕੇ ਅਸੀਂ ਆਪਣੇ ਹੀ ਸਿਰਨਾਵੇਂ ਉਤੇ ਦੂਜਿਆਂ ਦਾ ਨਾਂ ਲਿਖ ਕੇ ਚਿੱਠੀਆਂ ਪਾਉਂਦੇ ਰਹਿੰਦੇ ਹਾਂ। ਜਦੋਂ ਬੇਰੰਗ ਮੁੜਦੀਆਂ ਚਿੱਠੀਆਂ ਦਾ ਢੇਰ ਲੱਗਦਾ ਹੈ, ਫੇਰ ਅਸੀਂ ਆਖਦੇ ਹਾਂ। ‘ਯਾਰੀ ਤੋੜਗੇ ਬੱਕਰੀਆਂ ਵਾਲੇ, ਦੁੱਧ ਦੇ ਗਲਾਸ ਬਦਲੇ’ ਪਰ ਇੱਥੇ ਨਾ ਦੁੱਧ ਹੀ ਰਿਹਾ ਤੇ ਨਾ ਹੀ ਬੱਕਰੀਆਂ ਵਾਲੇ ਤੇ ਮਨ ਪ੍ਰਚਾਵੇ ਲਈ ਅਸੀਂ ਇਹ ਬੋਲੀ ਪਾ ਕੇ ਆਪਣਾ ਰਾਂਝਾ ਰਾਜੀ ਕਰ ਲੈਂਦੇ ਹਾਂ। ਹੁਣ ਤੁਸੀਂ ਆਪਣਾ ਰਾਂਝਾ ਰਾਜੀ ਕਰੋ।
ਹੁਣ ਤੇ ਅਗਲਿਆਂ ਨੇ ਪੰਜਾਬ ਦੀ ਚੁਗਾਠ ਈ ਪੁੱਟ ਦਿੱਤੀ ਐ। ਸਾਰੇ ਗੜਵਈ, ਝੋਲੀ ਚੱਕ, ਸੇਵਾਦਾਰ, ਟਕਸਾਲੀ, ਪੰਜਾਬ ਦੇ ਦੁਸ਼ਮਣ ਬਣ ਗਏ ਹਨ ਪਰ ਪੰਜਾਬ ਜੀਂਦਾ ਗੁਰਾਂ ਦੇ ਨਾਂ ‘ਤੇ। ਪੰਜਾਬ ਫਿਰ ਲੈ ਰਿਹਾ ਅੰਗੜਾਈਆਂ ਦੇਰ ਐ ਹਨੇਰ ਨਹੀਂ। ਲੋਕ ਆਪਣੀ ਸ਼ਕਤੀ ਦੀ ਪਛਾਣ ਕਰਨਗੇ, ਪੰਜਾਬ ਲਈ ਫਿਰ ਹਿੱਕ ਤਾਣ ਲੜਣਗੇ। ਪੰਜਾਬ ਵਾਲਿਆਂ ਹੁਣ ਚੁੱਪ ਚਾਪ ਤਮਾਸ਼ਾ ਦੇਖਣ ਦੀ ਰੁੱਤ ਨਹੀਂ, ਸਗੋਂ ਆਪਣੇ ਭਵਿੱਖ ਨੂੰ ਬਚਾਉਣ ਦੀ ਲੋੜ ਹੈ। ਹੁਣ ਅਵੇਸਲੇ ਨਾ ਹੋ ਜਾਇਓ, ਆਪਣੇ ਸੰਘਰਸ਼ ਨੂੰ ਜਮਹੂਰੀਅਤ ਤਰੀਕੇ ਨਾਲ ਸਿਰੇ ਲਾਉਣ ਦੀ ਲੋੜ। ਪੰਜਾਬ ਉਠਿਆ ਹੈ।

ਬੁੱਧ ਸਿੰਘ ਨੀਲੋਂ
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਅਫਵਾਹਾਂ ਕੰਮ ਵਾਲੀ ਥਾਂ ਦੇ ਸੱਭਿਆਚਾਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ?
Next articleਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਅੰਤਰ ਸਕੂਲ ਸਤਿਯੁਗ ਸੰਗੀਤ ਉਤਸਵ ਦਾ ਆਯੋਜਨ 200 ਵਿਦਿਆਰਥੀਆਂ ਨੇ ਲਿਆ ਭਾਗ