ਇਹ ਪੈਗ ਵਿਦ…..

ਰਮੇਸ਼ ਸੇਠੀ ਬਾਦਲ
ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ)  ਕੌਫ਼ੀ ਵਿਦ ਦਾ ਮੇਰਾ ਇਹ ਪ੍ਰੋਗਰਾਮ ਲਗਭਗ ਪਿਛਲੇ ਦੋ ਸਾਲ ਤੋਂ ਚੱਲ ਰਿਹਾ ਹੈ। ਜਲਦੀ ਹੀ ਇਸਦਾ XXXਵਾਂ ਐਪੀਸੋਡ ਪਾਠਕਾਂ ਨਾਲ ਸਾਂਝਾ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਿਆਸੀ ਸਖਸ਼ੀਅਤਾਂ, ਮੌਜੂਦਾ ਤੇ ਸਾਬਕਾ ਵਿਧਾਇਕ, ਕਲਾਕਾਰ, ਸਾਹਿਤਕਾਰ, ਚਿੱਤਰਕਾਰ, ਡਾਕਟਰ, ਪ੍ਰਿੰਸੀਪਲ, ਗਾਇਕ, ਸੀ ਏ, ਵਕੀਲ, ਜੱਜ ਸਾਹਿਬਾਨ, ਪੀਸੀਐਸ ਅਫਸਰ ਤੇ ਸਮਾਜਸੇਵੀ  ਇਸ ਵਿੱਚ ਹਿੱਸਾ ਲੈਣ ਆਏ। ਉਹਨਾਂ ਨੇ ਖੁੱਲ੍ਹ ਕੇ ਆਪਣੇ ਵਿਚਾਰ ਦਿੱਤੇ। ਕਿਉਕਿ ਇਸ ਪ੍ਰੋਗਰਾਮ ਵਿੱਚ ਕੋਈਂ ਰਿਕਾਰਡਿੰਗ ਨਹੀਂ ਹੁੰਦੀ ਸਭ ਨੇ ਸੱਚ ਹੀ ਬੋਲਿਆ। ਤਕਰੀਬਨ ਕੋਈਂ ਹਫਤਾ ਖਾਲੀ ਨਹੀਂ ਰਿਹਾ। ਜਦੋਂ ਕੋਈਂ ਸਖਸ਼ੀਅਤ ਨਾ ਆਈ ਹੋਵੇ। ਡੱਬਵਾਲੀ ਵਿੱਚ ਇਹ ਪ੍ਰੋਗਰਾਮ ਸਫਲ ਸੀ ਤੇ ਬਠਿੰਡਾ ਜਾਕੇ ਇਸਦਾ ਦਾਇਰਾ ਹੋਰ ਵੀ ਵਿਸ਼ਾਲ ਹੋ ਗਿਆ। ਮੈਂ ਸਭ ਦਾ ਧੰਨਵਾਦੀ ਹਾਂ।
ਕਹਿੰਦੇ ਲੇਖਕ ਤੇ ਕਵੀ ਹਮੇਸ਼ਾ ਕਲਪਨਾ ਦੀ ਉਡਾਰੀ ਮਾਰਦੇ ਹਨ। ਜੇ ਮੇਰਾ ਇਹ ਪ੍ਰੋਗਰਾਮ #ਕੌਫ਼ੀ_ਵਿਦ ਦੀ ਬਜਾਇ #ਏ_ਪੈਗ_ਵਿਦ ਨਾਮ ਤੇ ਹੁੰਦਾ ਤਾਂ ਕੀ ਹੋਣਾ ਸੀ?  ਜਦੋਂ ਇਸ ਬਾਰੇ ਸੋਚਿਆ ਤਾਂ ਮਹਿਸੂਸ ਹੋਇਆ। ਕਿ ਪਹਿਲੀ ਗੱਲ ਤਾਂ ਫਿਰ ਇਸ ਦਾ ਸਮਾਂ ਸ਼ਾਮੀ ਪੰਜ ਵਜੇ ਦੀ ਬਜਾਇ ਰਾਤੀ ਅੱਠ ਵਜੇ ਦੇ ਕਰੀਬ ਹੁੰਦਾ। ਦੂਜਾ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਵਾਲਿਆਂ ਦੀ ਨਿੱਤ ਲਾਈਨ ਲੱਗੀ ਹੁੰਦੀ। ਕਦੇ ਕਦੇ ਤਾਂ ਇੱਕ ਤੋਂ ਵੱਧ ਸੈਲੀਬ੍ਰਿਟੀ ਇਕੱਠੇ ਹੋ ਜਾਣੈ ਸੀ। ‘ਪਹਿਲੇ ਮੈਂ’ ‘ਪਹਿਲੇ ਮੈਂ’ ਦਾ ਸ਼ੋਰ ਹੋਣਾ ਸੀ। ਹੁਣ ਅਕਸਰ ਹੀ ਗੱਲਾਂ ਕਰਦਿਆਂ ਦੀ ਕੌਫ਼ੀ ਪਈ ਠੰਡੀ ਹੋ ਜਾਂਦੀ ਹੈ। ਫਿਰ ਸਵਾਲ ਪੁੱਛਣ ਦੀ ਨੌਬਤ ਨਹੀਂ ਸੀ ਆਉਣੀ। ਅਗਲੇ ਨੇ ਪਹਿਲਾ ਪੈਗ ਲਾਕੇ ਤੋਤੇ ਵਾੰਗੂ ਬੋਲਣਾ ਸ਼ੁਰੂ ਕਰ ਦੇਣਾ ਸੀ। ਕਈ ਤਾਂ ਦਾਰੂ ਵੀ ਆਪਣੀ ਨਾਲ ਹੀ ਲਿਆਉਂਦੇ।  ਕਈਆਂ ਨੇ ਮੇਰੇ ਵਾਲੀ ਬਾਕੀ ਬਚੀ ਵੀ ਨਾਲ ਚੁੱਕ ਲਿਜਾਣੀ ਸੀ। ਕਈਆਂ ਨੂੰ ਐਪੀਸੋਡ ਤੋਂ ਬਾਅਦ ਘਰੇ ਛੱਡਣ ਦੀ ਸੇਵਾ ਵੀ ਮੈਨੂੰ ਹੀ ਨਿਭਾਉਣੀ ਪੈਣੀ ਸੀ। ਕੁਝ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਸਮੇ ਆਪਣਾ ਸਹਾਇਕ ਵੀ ਨਾਲ ਲਿਆਉਣਾ ਸੀ। ਸੌਂਫ਼ੀ ਬੰਦਿਆਂ ਨੇ ਮੇਰੇ ਪ੍ਰੋਗਰਾਮ ਦਾ ਹਿੱਸਾ ਨਹੀਂ ਸੀ ਬਣਨਾ। ਉਹਨਾਂ ਨੇ ਇਸਨੂੰ ਇਕ ਤਰਫਾ ਪ੍ਰੋਗਰਾਮ ਕਹਿਕੇ ਇਸ ਦੀ ਨਿੰਦਿਆ ਕਰਨੀ ਸੀ।  ਸ਼ੁਕਰ ਹੈ ਮੈਂ ਖੁਦ ਨਹੀਂ ਪੀਂਦਾ। ਇਹ ਕੋਰੀ ਕਲਪਨਾ ਹੀ ਹੈ। ਹਾਂ ਇਕ ਗੱਲ ਹੋਰ ਹੁਣ ਤਾਂ ਮੈਡਮ ਵੀ ਕਦੇ ਕਦੇ ਕਿਸੇ ਮਹਿਮਾਨ ਲਈ ਖੁਦ ਪਕੌੜੇ ਬਣਾ ਦਿੰਦੀ ਹੈ। ਫਿਰ ਤਾਂ ਲੰਮੇ ਐਪੀਸੋਡ ਤੋਂ ਅੱਕੀ ਨੇ ਮੇਰਾ ਖੁਦ ਦਾ ਪਕੌੜਾ ਬਣਾ ਦੇਣਾ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹੰਕਾਰ ਤੇ ਗਿਆਨ!
Next articleਸਰੋਂ-ਫੁੱਲਾ ਸੂਟ