ਹੰਕਾਰ ਤੇ ਗਿਆਨ!

ਹਰਚਰਨ ਪ੍ਰਹਾਰ 
ਹਰਚਰਨ ਪ੍ਰਹਾਰ 
(ਸਮਾਜ ਵੀਕਲੀ) ਕੁਝ ਕਿਤਾਬਾਂ ਪੜ੍ਹ ਕੇ ਜਾਂ ਐਧਰੋਂ ਓਧਰੋਂ ਜਾਣਕਾਰੀ ਇਕੱਠੀ ਕਰਕੇ ਗਿਆਨਵਾਨ ਜਾਂ ਵਿਦਵਾਨ ਹੋਣ ਦਾ ਭਰਮ ਬੰਦੇ ਨੂੰ ਅਕਸਰ ਹੋ ਜਾਂਦਾ ਹੈ। ਉਸ ਬਾਹਰੋਂ ਇਕੱਠੇ ਕੀਤੇ ਗਿਆਨ ਨਾਲ਼ ਬੰਦਾ ਹੰਕਾਰੀ ਵੀ ਹੋ ਜਾਂਦਾ। ਜਦਕਿ ਉਸਨੂੰ ਇਹ ਸਮਝ ਨਹੀਂ ਲਗਦੀ ਕਿ ਜਿਸਨੂੰ ਉਹ ਗਿਆਨ ਸਮਝਦਾ ਹੈ, ਉਹ ਤਾਂ ਸਿਰਫ ਜਾਣਕਾਰੀ ਹੈ, ਜਿਸਨੂੰ ਦਿਮਾਗ ਨੇ ਜਮਾਂ ਕਰ ਲਿਆ ਹੈ। ਅੱਜ ਇੰਟਰਨੈਟ ਅਜਿਹੀ ਜਾਣਕਾਰੀ ਨਾਲ਼ ਭਰਿਆ ਪਿਆ ਹੈ। ਗਿਆਨ ਉਹ ਸੂਝ (Wisdom) ਹੈ, ਜੋ ਬਾਹਰੋਂ ਨਹੀਂ, ਸਾਡੇ ਅੰਦਰੋਂ ਪ੍ਰਗਟ ਹੁੰਦੀ ਹੈ। ਇਸੇ ਕਰਕੇ ਪੜ੍ਹੇ-ਲਿਖੇ ਜਾਂ ਡਿਗਰੀਆਂ ਪ੍ਰਾਪਤ ਵਿਅਕਤੀ ਮੂਰਖ ਵੀ ਹੋ ਸਕਦੇ ਹਨ ਤੇ ਕੋਰੇ ਅਨਪੜ੍ਹ ਲੋਕ ਬੜੇ ਸੂਝਵਾਨ ਵੀ ਹੋ ਸਕਦੇ ਹਨ ਜਾਂ ਇਸ ਤੋਂ ਉਲਟ ਵੀ ਹੋ ਸਕਦਾ ਹੈ।
ਬਾਹਰਲੀ ਜਾਣਕਾਰੀ (ਗਿਆਨ?) ਦਾ ਹੰਕਾਰ ਹੋ ਜਾਣਾ ਤਾਂ ਅਕਸਰ ਵਾਪਰ ਜਾਂਦਾ ਹੈ, ਪਰ ਆਪਣੇ ਹੰਕਾਰ ਦਾ ਗਿਆਨ ਹੋ ਜਾਵੇ, ਇਹ ਕ੍ਰਿਸ਼ਮਾ ਆਮ ਨਹੀਂ ਵਾਪਰਦਾ। ਇਹ ਹੀ ਅਸਲੀ ਸਿਆਣਪ ਹੈ। ਇਹ ਸਿਆਣਪ ਅਸੀਂ ਥੋੜੀ ਬਹੁਤ ਆਪਣੀ ਸਮਝ ਨਾਲ਼ ਮਾਨਸਿਕ ਤੌਰ ਤੇ ਪੂਰਨ ਹੋਸ਼ ਵਿੱਚ ਜਾਂ ਜਾਗਰੂਕ ਹੋ ਕੇ ਹੀ ਪੈਦਾ ਕਰ ਸਕਦੇ ਹਾਂ, ਨਹੀਂ ਤਾਂ ਗਿਆਨ ਦਾ ਨਸ਼ਾ ਵੀ ਦੂਜੇ ਨਸ਼ਿਆਂ ਵਾਂਗ ਮਨੁੱਖ ਨੂੰ ਇਤਨਾ ਬੇਹੋਸ਼ ਕਰ ਦਿੰਦਾ ਹੈ ਕਿ ਉਸਨੂੰ ਕੋਈ ਹੋਸ਼ ਨਹੀਂ ਰਹਿੰਦੀ। ਬਾਕੀ ਨਸ਼ੇ ਤਾਂ ਕੁਝ ਘੰਟਿਆਂ ਬਾਅਦ ਉੱਤਰ ਜਾਂਦੇ ਨੇ, ਪਰ ਗਿਆਨ ਦੇ ਹੰਕਾਰ ਦਾ ਨਸ਼ਾ ਉਤਰਨਾ ਬੜਾ ਮੁਸ਼ਕਲ ਹੋ ਜਾਂਦਾ। ਇਸ ਨਸ਼ੇ ਨੇ ਮਨੁੱਖੀ ਇਤਿਹਾਸ ਵਿੱਚ ਬੜੇ ਉਪੱਦਰ ਕੀਤੇ ਹਨ ਤੇ ਅੱਜ ਵੀ ਹੋ ਰਹੇ ਹਨ।
ਮਨ ਦੇ ਜਜਬਾਤਾਂ ਤੇ ਭਾਵਨਾਵਾਂ ਦੇ ਪ੍ਰਭਾਵ ਹੇਠ ਜੀਵਨ ਬਸਰ ਕਰਨ ਨਾਲ਼ ਹੰਕਾਰ ਤੋਂ ਛੁਟਕਾਰਾ ਨਹੀਂ ਹੋ ਸਕਦਾ ਤੇ ਆਪਣੇ ਆਪੇ ਦੀ ਪਹਿਚਾਣ ਹੀ ਇਸ ਨਸ਼ੇ ਤੋਂ ਮੁਕਤ ਕਰ ਸਕਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲੂਣ ਵਾਲਾ ਕੜਾਹ
Next articleਇਹ ਪੈਗ ਵਿਦ…..