ਵੈਦ ਬਲਵਿੰਦਰ ਸਿੰਘ ਢਿੱਲੋ
(ਸਮਾਜ ਵੀਕਲੀ) ਹੁਣ ਤਾਂ ਦੁਨੀਆਂ ਭਰ ਦੇ ਚੀਨੀ, ਜਪਾਨੀ, ਮੁਗਲਈ, ਫਰੈਂਚ ਖਾਣੇ ਆਮ ਹੀ ਛੋਟੇ ਛੋਟੇ ਸ਼ਹਿਰਾਂ ਵਿੱਚ ਮਿਲ ਜਾਂਦੇ ਹਨ। ਪਰ ਅੱਜ ਤੋਂ ਤੀਹ ਪੈਂਤੀ ਸਾਲ ਪਹਿਲਾਂ ਤਾਂ ਕੋਈ ਸਾਡੇ ਪਿੰਡਾ ਕੀ, ਛੋਟੇ ਸ਼ਹਿਰਾਂ ਵਾਲੇ ਵੀ ਭਾਰਤ ਦੇ ਦੱਖਣੀ ਖਾਣੇ ਬਾਰੇ ਜਾ ਬਿਹਾਰ ਦੇ ਲਿੱਟੀ ਚੋਖਾ ਖਾਣੇ ਬਾਰੇ ਤੱਕ ਨਹੀਂ ਜਾਣਦੇ ਸਨ। ਬਸ ਵੱਡੀ dish ਪਨੀਰ ਪਕੌੜੇ, ਤਲਿਆ ਮੁਰਗਾ ਬਗੈਰਾ ਹੀ ਹੁੰਦੇ ਸਨ।
ਉਹਨਾਂ ਦਿਨਾਂ ਵਿੱਚ ਮੈਂ ਫੌਜ ਦੀ ਨੌਕਰੀ ਕਰਦਾ ਸੀ। ਸਾਡੇ ਲੰਗਰ ਦਾ ਇੰਚਾਰਜ ਇੱਕ ਮਦਰਾਸੀ ਬਣਿਆ ਤਾਂ ਉਸਨੇ ਬ੍ਰੇਕ ਫਾਸਟ ਵਿਚ ਉਪਮਾ ਬਣਾਇਆ। ਉਹ ਬਣਾਉਣਾ ਵੀ ਸੌਖਾ ਤੇ ਸਸਤਾ, ਪੇਟ ਵੀ ਖੁੱਲ੍ਹਾ ਭਰਦਾ। ਮੇਰੇ ਇੱਕ ਦੋਸਤ ਭੋਲਾ ਸਿੰਘ ਨੂੰ ਉਹ ਬਹੁਤ ਪਸੰਦ ਆਇਆ। ਉਹ, ਉਸ ਮਦਰਾਸੀ ਕੋਲੋਂ ਸਪੈਸ਼ਲ ਬਣਾਉਣਾ ਸਿੱਖ ਕੇ ਗਿਆ। ਤੇ ਘਰ ਜਾ ਕੇ ਪਤੀਲਾ ਭਰ ਕੇ ਬਣਾ ਕੇ ਬਹਿ ਗਿਆ। ਹੁਣ ਦੇਸੀ ਜੱਟਾਂ ਨੂੰ ਉਹ ਕਦ ਪਸੰਦ ਆਵੇ ? ਕੁਛ ਖਾਧਾ ਕੁਛ ਸੁੱਟਿਆ, ਉਹ ਛੁੱਟੀ ਕੱਟ ਕੇ ਰੈਜੀਮੈਂਟ ਵਾਪਿਸ ਆ ਗਿਆ।
ਕੁਛ ਦੇਰ ਬਾਅਦ ਮੈਂ ਛੁੱਟੀ ਗਿਆ। ਉਦੋਂ ਫੋਨ ਵਗੈਰਾ ਤਾਂ ਕੋਈ ਹੁੰਦੇ ਨਹੀਂ ਸੀ। ਸੋ ਫੌਜੀ ਆਮ ਹੀ ਇੱਕ ਦੂਸਰੇ ਦੇ ਘਰ ਸੁੱਖ ਸੁਨੇਹਾ ਦੇਣ ਜਾਂਦੇ ਰਹਿੰਦੇ ਸੀ। ਤੇ ਇੱਕ ਦੂਜੇ ਦਾ ਸਮਾਂਨ ਲਿਆਉਣਾ ਫੜਾਉਣਾ ਚਲਦਾ ਰਹਿੰਦਾ ਸੀ। ਮੈਨੂੰ ਉਹਦੇ ਭਰਾਵਾਂ ਨੇ ਰਾਤ ਨੂੰ ਆਉਣ ਨਾ ਦਿੱਤਾ। ਆਥਣੇ ਪੀਣ ਵੇਲੇ ਮੈਨੂੰ ਉਹਦਾ ਇੱਕ ਕੋਰਾ ਅਨਪੜ ਭਰਾ ਕਹਿੰਦਾ, ਬਾਈ ਫੌਜੀਆਂ, ਤੂੰ ਤਾਂ ਨੀ ਸਾਡੇ ਆਲੇ ਵਾਂਗੂੰ ਝੱਲ ਵਲੱਲੀਆਂ ਜਿਹੀਆਂ ਕਰਦਾ ਹੋਵੇਂਗਾ ? ਤੂੰ ਤਾਂ ਬਾਈ ਮੈਨੂੰ ਜਿਆਦਾ ਪੜਿਆ ਲਗਦਾ। ਮੈਂ ਪੁੱਛਿਆ, ਕਿਉ ਉਹਨੇ ਕੀ ਕਰਤਾ ?
ਕਹਿੰਦਾ ਯਾਰ, ਉਹਨੇ ਤਾਂ ਇੱਕ ਦਿਨ ਸਾਰਾ ਟੱਬਰ ਭੁੱਖਾ ਮਾਰਤਾ। ਕਹਿੰਦਾ, ਮੈਂ ਥੋਨੂੰ ਇੱਕ ਬਾਹਰਲੀ ਚੀਜ਼ ਬਣਾ ਕੇ ਖਵਾਉਣੀ ਆ। ਪਤੰਦਰ ਨੇ ਇੱਕ ਤਾਂ ਊਈਂ ਗਿਆਰਾਂ ਵਜਾਤੇ। ਬਾਅਦ ਵਿਚ ਲੂਣ ਜੇ ਵਾਲਾ ਕੜਾਹ ਬਣਾ ਕੇ ਬਹਿ ਗਿਆ। ਅਸੀਂ ਤਾਂ ਭਾਈ ਉਹਦੀ ਝਾਕ ਚ ਆਪ ਵੀ ਭੁੱਖੇ ਮਰੇ ਤੇ ਡੰਗਰ ਵੀ ਭੁੱਖੇ ਮਾਰਤੇ ਕਿ ਖੌਰੇ ਅੱਜ ਸਾਡੇ ਘਰੇ ਕਿ ਬਣਨਾ। ਫਿਰ ਸਿਖਰ ਦੁਪਿਹਰੇ ਕੱਖ ਵੱਢ ਕੇ ਲਿਆਂਦੇ ਕਿਤੇ।
ਮੈਂ ਹੱਸ ਕੇ ਕਿਹਾ, ਨਹੀਂ ਭਾਈ ਮੈਂ ਨਹੀਂ ਕਰਦਾ ਹੁੰਦਾ। ਹੁਣ ਉਹਨੂੰ ਕਿਵੇਂ ਦੱਸਦਾ ਕਿ ਆਉਣ ਵੇਲੇ ਮੈਂ ਵੀ ਉਹੀ ਬਣਾ ਕੇ ਖ਼ਾ ਕੇ ਆਇਆ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly