ਨਵੀਂ ਦਿੱਲੀ— ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸੇ ਦੌਰਾਨ ਮੁਹੰਮਦ ਯੂਨਸ ਸਰਕਾਰ ਨੇ ਅਗਰਤਲਾ ਮਾਮਲੇ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ। ਹਾਲ ਹੀ ‘ਚ ਅਗਰਤਲਾ ‘ਚ ਬੰਗਲਾਦੇਸ਼ ਦੇ ਡਿਪਲੋਮੈਟਿਕ ਮਿਸ਼ਨ ‘ਚ ਭੰਨਤੋੜ ਦੀ ਘਟਨਾ ਸਾਹਮਣੇ ਆਈ ਸੀ, ਜਿਸ ‘ਤੇ ਬੰਗਲਾਦੇਸ਼ ਸਰਕਾਰ ਨੇ ਆਪਣਾ ਵਿਰੋਧ ਦਰਜ ਕਰਵਾਇਆ ਸੀ। ਅੰਤਰਿਮ ਸਰਕਾਰ ਦੇ ਕਾਨੂੰਨੀ ਮਾਮਲਿਆਂ ਦੇ ਸਲਾਹਕਾਰ ਨੇ ਵਿਰੋਧ ਦਰਜ ਕਰਾਉਂਦੇ ਹੋਏ ਕਿਹਾ ਕਿ ਭਾਰਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਸ਼ੇਖ ਹਸੀਨਾ ਦਾ ਬੰਗਲਾਦੇਸ਼ ਨਹੀਂ ਹੈ। ਦਰਅਸਲ ਮਾਮਲਾ ਅਜਿਹਾ ਹੈ ਕਿ ਹਿੰਦੂ ਸੰਤ ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫਤਾਰੀ ਅਤੇ ਬੰਗਲਾਦੇਸ਼ ‘ਚ ਹਿੰਦੂ ਭਾਈਚਾਰੇ ‘ਤੇ ਹੋ ਰਹੇ ਹਮਲਿਆਂ ਦੇ ਵਿਰੋਧ ‘ਚ ਸੋਮਵਾਰ ਨੂੰ ਉੱਤਰ-ਪੂਰਬੀ ਰਾਜ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ‘ਚ ਹਜ਼ਾਰਾਂ ਲੋਕਾਂ ਨੇ ਵਿਸ਼ਾਲ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਬੰਗਲਾਦੇਸ਼ ਦੇ ਸਹਾਇਕ ਹਾਈ ਕਮਿਸ਼ਨ ‘ਚ ਦਾਖਲ ਹੋ ਕੇ ਕਥਿਤ ਤੌਰ ‘ਤੇ ਭੰਨਤੋੜ ਕੀਤੀ। ਵਿਦੇਸ਼ ਮੰਤਰਾਲੇ ਨੇ ਇਸ ਘਟਨਾ ਨੂੰ ਬੇਹੱਦ ਅਫਸੋਸਨਾਕ ਦੱਸਿਆ ਹੈ। ਬੰਗਲਾਦੇਸ਼ ਦੇ ਡਿਪਲੋਮੈਟਿਕ ਮਿਸ਼ਨ ਨੂੰ ਤੋੜ-ਮਰੋੜ ਕੇ ਰੱਖਣ ਦੇ ਦੋਸ਼ ਵਿੱਚ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਲਾਪਰਵਾਹੀ ਲਈ ਸੱਤ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵਧਦੇ ਤਣਾਅ ਦਰਮਿਆਨ ਮੰਗਲਵਾਰ ਨੂੰ ਖਬਰ ਆਈ ਕਿ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਭਾਰਤੀ ਹਾਈ ਕਮਿਸ਼ਨਰ ਪ੍ਰਣਯ ਵਰਮਾ ਨੂੰ ਤਲਬ ਕੀਤਾ ਹੈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਬੰਗਲਾਦੇਸ਼ ਵਿੱਚ ਭਾਰਤੀ ਹਾਈ ਕਮਿਸ਼ਨਰ ਪ੍ਰਣਯ ਵਰਮਾ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਦੇ ਵਿੱਚ ਵਿਆਪਕ ਅਤੇ ਬਹੁ-ਆਯਾਮੀ ਸਬੰਧ ਹਨ, ਜਿਨ੍ਹਾਂ ਨੂੰ ਕਿਸੇ ਇੱਕ ਮੁੱਦੇ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਬੰਗਲਾਦੇਸ਼ ਨਾਲ ਨਿਰੰਤਰ, ਸਥਿਰ ਅਤੇ ਉਸਾਰੂ ਸਬੰਧ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਇਹ ਟਿੱਪਣੀ ਵਿਦੇਸ਼ ਮੰਤਰਾਲੇ ਵਿੱਚ ਕਾਰਜਕਾਰੀ ਵਿਦੇਸ਼ ਸਕੱਤਰ ਰਿਆਜ਼ ਹਮੀਦੁੱਲਾ ਨਾਲ ਮੁਲਾਕਾਤ ਤੋਂ ਬਾਅਦ ਕੀਤੀ।
ਬੰਗਲਾਦੇਸ਼ ਦਾ ਤਿੱਖਾ ਰਵੱਈਆ
ਕਾਨੂੰਨੀ ਮਾਮਲਿਆਂ ਦੇ ਸਲਾਹਕਾਰ ਆਸਿਫ ਨਜ਼ਰੁਲ ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ, “ਅਸੀਂ ਸਮਾਨਤਾ ਅਤੇ ਆਪਸੀ ਸਨਮਾਨ ਉੱਤੇ ਆਧਾਰਿਤ ਦੋਸਤੀ ਵਿੱਚ ਵਿਸ਼ਵਾਸ ਰੱਖਦੇ ਹਾਂ। ਸ਼ੇਖ ਹਸੀਨਾ ਸਰਕਾਰ ਨੇ ਚੋਣਾਂ ਤੋਂ ਬਿਨਾਂ ਸੱਤਾ ਵਿੱਚ ਬਣੇ ਰਹਿਣ ਲਈ ਭਾਰਤ ਪੱਖੀ ਨੀਤੀ ਅਪਣਾਈ, ਪਰ ਭਾਰਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਸ਼ੇਖ ਹਸੀਨਾ ਦਾ ਬੰਗਲਾਦੇਸ਼ ਨਹੀਂ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly