ਵਿਤਕਰਾ

ਜ..ਦੀਪ ਸਿੰਘ 'ਦੀਪ'

(ਸਮਾਜ ਵੀਕਲੀ) ਆਪਣੀ ਬੱਚੀ ਨਾਲ ਸੁੱਤੀ ਪਈ ਨੂੰ ਦਰਵਾਜ਼ੇ ਦੀ ਚਰ-ਚਰ ਦੀ ਆਵਾਜ਼ , ਚੀਕ ਅਤੇ ਆਓ ਜੀ………ਜੀ ਆਇਆਂ ਨੂੰ…… ਦੀਆਂ ਰਲਮੀਆਂ ਮਿਲੀਆਂ ਆਵਾਜ਼ਾਂ ਨੇ ਉਸ ਨੂੰ ਜਗਾ ਦਿੱਤਾ। ਮਿਹਰ ਨੇ ਦੇਖਿਆ ਕਿ ਦਰਵਾਜੇ ਉੱਪਰ ਉਸਦੀ ਸੱਸ ਹੱਥ ਵਿੱਚ ਝੋਲਾ ਫੜੀ ਖੜੀ ਸੀ ਅਤੇ ਅੰਦਰ ਆਉਂਦੇ ਹੋਏ ਆਖ ਰਹੀ ਸੀ,” ਆਈ ਭੈਣੇ……. ਆਉਣਾ ਹੀ ਸੀ , ਹੁਣ ਜੱਗ ਦੀਆਂ ਰੀਤਾਂ ਵੀ ਤਾਂ ਨਿਭਾਉਣੀਆਂ ਹੀ ਪੈਂਦੀਆਂ ਨੇ।” ਭੂਆ ਮਿਹਰ ਦੇ ਮੰਜੇ ਕੋਲ ਕੁਰਸੀ ਰੱਖ ਕੇ ਪਾਣੀ ਲੈਣ ਚਲੀ ਗਈ ਮਿਹਰ ਨੇ ਉੱਠ ਕੇ ਪੈਰੀ ਹੱਥ ਲਾਉਣੇ ਚਾਹੇ ਪਰ ਸੱਸ ਨੇ ਕੁਰਸੀ ਉੱਤੇ ਬੈਠਦੇ ਹੋਏ ਹੱਥ ਨਾਲ ਲੇਟੇ ਰਹਿਣ ਦਾ ਇਸ਼ਾਰਾ ਕੀਤਾ ਅਤੇ ਉਸਦੀ ‘ਸਤਿ ਸ੍ਰੀ ਅਕਾਲ’ ਦੇ ਜਵਾਬ ਵਿੱਚ ਸਿਰ ਹਿਲਾ ਦਿੱਤਾ। ਮਿਹਰ ਨੇ ਘਰ ਦੀ ਰਾਮ ਸਤ ਪੁੱਛੀ ਪਰ ਉਹ ਉਸ ਦੀ ਗੱਲ ਦਾ ਜਵਾਬ ਦਿੱਤੇ ਬਿਨਾਂ ਹੀ ਬੋਲੀ………”ਮੇਰੇ ਤਾਂ ਪਹਿਲਾਂ ਹੀ ਤਿੰਨ ਧੀਆਂ ਸੀ ਹੁਣ ਤੂੰ ਵੀ ਇਹ ਪੱਥਰ ਜੰਮ ਕੇ ਮੇਰੇ ਮੱਥੇ ਮਾਰਿਆ।” ਬੋਲ ਸੁਣ ਕੇ ਜਾਪਿਆ ਜਿਵੇਂ ਮਿਹਰ ਦਾ ਅੰਦਰ ਪਾਟ ਗਿਆ ਹੋਵੇ ਉਸ ਨੂੰ ਆਸ ਸੀ ਕਿ ਉਸ ਨੂੰ ਨਾ ਸਹੀ ਉਸ ਦੀ ਸੱਸ ਆ ਕੇ ਉਸਦੀ ਧੀ ਨੂੰ ਤਾਂ ਪਿਆਰ ਦੁਲਾਰ ਕਰੇਗੀ । ਉਸ ਦੇ ਅੰਦਰ ਗੁੱਸੇ ਦਾ ਗੁਬਾਰ ਉੱਠਿਆ ਉਸ ਦਾ ਦਿਲ ਕੀਤਾ ਕਿ ਉਹ ਮੰਜੀ ਤੋਂ ਉੱਠੇ ਅਤੇ ਆਪਣੀ ਉਸ ਕਲਮੂੰਹੀ ਸੱਸ ਦਾ ਮੂੰਹ ਨੋਚ ਲਵੇ; ਪਰ ਅਗਲੇ ਹੀ ਪਲ ਉਸਨੂੰ ਜਪਿਆ ਜਿਵੇਂ ਨਾ ਤਾਂ ਉਸ ਵਿੱਚ ਸਾਹ ਸੱਤ ਸੀ ਅਤੇ ਨਾ ਹੀ ਉਸਦੇ ਹੌਸਲੇ ਵਿੱਚ। ਮਿਹਰ ਦੀ ਭੂਆ ਸਾਰੀ ਸਥਿਤੀ ਭਾਂਪ ਗਈ ਅਤੇ ਜਲਦੀ ਗੱਲ ਸੰਭਾਲਦੀ ਹੋਈ ਬੋਲੀ,” ਚਲੋ ਭੈਣ ਜੀ ….ਮੈਂ ਤੁਹਾਡੇ ਲਈ ਮੰਜੀ ਡਾਹ ਕੇ ਪੱਖਾ ਚਲਾ ਦਿੰਦੀ ਹਾਂ ; ਤੁਸੀਂ ਗਰਮੀ ਚੋਂ ਆਏ ਹੋ” ਅਤੇ ਉਠਾ ਕੇ ਆਪਣੇ ਨਾਲ ਲੈ ਗਈ। ਮਿਹਰ ਨੇ ਇੱਕ ਲੰਮਾ ਸਾਹ ਲਿਆ ਅਤੇ ਅੱਖਾਂ ਬੰਦ ਕਰਕੇ ਲੇਟ ਗਈ। ਉਸ ਨੂੰ ਆਪਣੀ ਧੀ ਦੀ ਆਉਣ ਵਾਲੀ ਜ਼ਿੰਦਗੀ ਅਤੇ ਆਪਣੀ ਪਿਛਲੀ ਜ਼ਿੰਦਗੀ ਦਾ ਝੌਲਾ ਪੈਣ ਲੱਗਾ ਉਸ ਨੂੰ ਯਾਦ ਆਇਆ ਕਿ ਉਹ ਬਚਪਨ ਕਿਵੇਂ ਉਹ ਬਚਪਨ ਵਿੱਚ ਮਸਤੀਆਂ ਅਠਖੇਲੀਆਂ ਕਰਦੀ ਮੌਜਾਂ ਕਰਦੀ ਸੀ। ਸਾਰੇ ਉਸ ਉੱਤੇ ਕਿੰਨਾ ਪਿਆਰ ਲੁਟਾਉਂਦੇ ਸੀ। ਉਹ ਸਭ ਦੀ ਕਿੰਨੀ ਲਾਡਲੀ ਸੀ ਉਹ ਜਦ ਵੀ ਛੁੱਟੀਆਂ ਵਿੱਚ ਆਪਣੀ ਭੂਆ ਕੋਲ ਜਾਂਦੀ ਹੁੰਦੀ ਸੀ ਤਾਂ ਉੱਥੇ ਉਸਨੂੰ ਸਾਰੇ ਬੜਾ ਪਿਆਰ ਕਰਦੇ ਇਸ ਕਰਕੇ ਉੱਥੇ ਉਸਦਾ ਦਿਲ ਵੀ ਵਾਹਵਾ ਲੱਗਦਾ ਸੀ ਮਾਂ ਤੋਂ ਬਿਨਾਂ ਦਾਦੀ ਨੇ ਉਸਨੂੰ ਬੜਾ ਔਖਾ ਹੋ ਕੇ ਪਾਲਿਆ ਸੀ ਮਾਂ ਦੇ ਹਿੱਸੇ ਤਾਂ ਪਿਆਰ ਉਸਨੂੰ ਆਪਣੀ ਦਾਦੀ ਅਤੇ ਭੂਆ ਤੋਂ ਹੀ ਮਿਲਿਆ ਸੀ। ਮਿਹਰ ਦੇ ਪਿਤਾ ਨੇ ਵੀ ਉਸ ਨੂੰ ਬੜੇ ਲਾਡਾਂ ਨਾਲ ਪੁੱਤਾਂ ਵਾਂਗ ਪਾਲਿਆ ਸੀ ਉਹ ਉਸਨੂੰ ਧੀ ਕਹਿਣ ਦੀ ਬਜਾਏ ਹਮੇਸ਼ਾ ਪੁੱਤ ਕਹਿ ਕੇ ਬੁਲਾਉਂਦਾ ਸੀ ਉਹ ਆਪਾਂ ਭਾਵੇਂ ਕਿੰਨਾ ਵੀ ਔਖਾ ਕਿਉਂ ਨਾ ਹੁੰਦਾ ਉਸਨੇ ਕਦੇ ਮਿਹਰ ਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਸੀ ਹੋਣ ਦਿੱਤੀ ਉਹ ਆਪਣੇ ਆਪ ਨੂੰ ਕੋਈ ਰਾਜਕੁਮਾਰੀ ਸਮਝਦੀ ਸੀ ਤੇ ਬਾਬਲ ਉਸ ਨੂੰ ਕੋਈ ਦੇਸਾਂ ਦਾ ਰਾਜਾ ਲੱਗਦਾ ਜੋ ਉਸਦੇ ਮੂੰਹੋਂ ਕਈ ਹਰ ਚੀਜ਼ ਹਾਜ਼ਰ ਕਰ ਦਿੰਦਾ ਸੀ। ਦੁੱਖਾਂ ਤੋਂ ਅਣਜਾਣ ਉਸਦੀ ਜ਼ਿੰਦਗੀ ਦਾ ਇਹ ਖੁਸ਼ਨੁਮਾ ਸੁਪਨਾ ਉਦੋਂ ਟੁੱਟਿਆ ਜਦੋਂ ਉਸ ਦੀ ਪਿਆਰੀ ਦਾਦੀ ਮਾਂ ਵੀ ਉਸ ਨੂੰ ਛੱਡ ਕੇ ਚੱਲ ਵਸੀ। ਅਤੇ ਉਸ ਉੱਪਰ ਜਿਵੇਂ ਦੁੱਖਾਂ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਹੋਵੇ ਉਹ ਅਜੇ ਇਸ ਦੁੱਖ ਤੋਂ ਉਭਰੀ ਵੀ ਨਹੀਂ ਸੀ ਕਿ ਰਿਸ਼ਤੇਦਾਰਾਂ ਸਾਕ ਸਬੰਧੀਆਂ ਨੇ ਮਾਂ ਮਹੀਟਰ ਜਵਾਨ ਕੁੜੀ ਦਾ ਇਕੱਲੀ ਘਰ ਰਹਿਣਾ ਠੀਕ ਨਹੀਂ ਕਹਿ-ਕਹਿ ਕੇ ਉਸਦੇ ਬਾਪੂ ਤੇ ਜਲਦੀ ਮਿਹਰ ਦਾ ਵਿਆਹ ਕਰ ਦੇਣ ਦੇ ਦਬਾਅ ਵੀ ਪਾਉਣਾ ਸ਼ੁਰੂ ਕਰ ਦਿੱਤਾ। ਉਸਦੇ ਬਾਪੂ ਨੇ ਵੀ ਭਾਈਚਾਰੇ ਦੀ ਗੱਲ ਮੰਨਦਿਆਂ ਜਲਦੀ-ਜਲਦੀ ਵਿੱਚ ਉਸਦਾ ਰਿਸ਼ਤਾ ਕਰ ਦਿੱਤਾ। ਅਤੇ ਮਿਹਰ ਨੂੰ ਕਹਿਕੇ ਕਿ ਤੈਨੂੰ ਮਾਂ ਮਿਲ ਜਾਊ ਪੂਰੇ ਪਰਿਵਾਰ ਦਾ ਪਰਿਵਾਰ ਮਿਲੂ । ਮਨਾ ਲਿਆ ਆਥਣ ਸਵੇਰ ਬਿਨਾਂ ਕਿਸੇ ਦੇਰ ਦੇ ਉਸ ਦਾ ਵਿਆਹ ਕਰ ਦਿੱਤਾ ਵਿਆਹ ਤੋਂ ਬਾਅਦ ਉਹ ਬੜੀ ਖੁਸ਼ ਸੀ। ਨਵਾਂ ਘਰ ਬਾਰ ਉਸ ਨੂੰ ਬੜਾ ਵਧੀਆ-ਵਧੀਆ ਲੱਗਾ। ਸਾਰੇ ਉਸਨੂੰ ਬੜਾ ਪਿਆਰ ਕਰਦੇ ਅਤੇ ਉਹ ਵੀ ਖੁਸ਼ੀ ਖੁਸ਼ੀ ਭੱਜ-ਭੱਜ ਸਾਰੇ ਕੰਮ ਕਾਰ ਕਰਦੀ ਰਹਿੰਦੀ । ਪਰ ਉਸਦੀਆਂ ਇਹ ਖੁਸ਼ੀਆਂ ਰੇਤ ਦੇ ਮਹਿਲ ਵਾਂਗ ਜਲਦੀ ਹੀ ਢੇਰੀ ਹੋ ਗਈਆਂ। ਹੌਲੀ- ਹੌਲੀ ਉਸਦੀ ਸੱਸ ਨੇ ਉਸਦੇ ਕੰਮਾਂ ਵਿੱਚ ਨੁਕਤਾ-ਚੀਨੀਆਂ ਸ਼ੁਰੂ ਕਰ ਦਿੱਤੀਆਂ ਕਦੇ ਉਹ ਗੱਲਾਂ ਗੱਲਾਂ ਵਿੱਚ ਉਸਨੂੰ ਦਾਜ ਦੇ ਮਿਹਣੇ ਮਾਰਦੀ। ਹੱਦ ਤਾਂ ਉਦੋਂ ਹੀ ਜਦੋਂ ਬੁਖਾਰ ਕਾਰਨ ਉਸ ਕੋਲੋਂ ਮੰਜੇ ਤੋਂ ਨਾ ਉੱਠਿਆ ਗਿਆ ਅਤੇ ਉਹ ਕੋਈ ਘਰ ਦਾ ਕੰਮ ਨਾ ਕਰ ਸਕੀ ਤਾਂ ਸੱਸ ਉਸ ਨੂੰ ਖੇਖਣ ਕਰਦੀਆਂ ਕਹਿ ਕੇ ਉਸਦੇ ਪਤੀ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ । ਫਿਰ ਕੀ ਸੀ ਨਾ ਉਸ ਨੇ ਆ ਦੇਖਿਆ ਨਾ ਤਾ ਤੇ ਮਿਹਰ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ। ਫਿਰ ਜਦੋਂ ਘਰ ਮਿਹਰ ਦੇ ਪੇਟ ਵਿੱਚ ਬੱਚਾ ਹੋਣ ਬਾਰੇ ਪਤਾ ਚੱਲਿਆ ਤਾਂ ਉਸ ਦੀ ਸੱਸ ਨੇ ਉਸ ਨੂੰ ਗੱਲ ਗੱਲ ਤੇ ਮੁੰਡਾ ਹੋਣ ਤੇ ਮੁੰਡਾ ਹੀ ਹੋਣ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਪਰ ਮਿਹਰ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿ ਮੁੰਡਾ ਹੋਵੇ ਜਾਂ ਕੁੜੀ। ਉਸਨੂੰ ਪਹਿਲਾਂ ਤੋਂ ਹੀ ਆਪਣੇ ਪੇਟ ਵਿੱਚ ਪਲ ਰਹੇ ਬੱਚੇ ਨਾਲ ਮੋਹ ਜਿਹਾ ਹੋ ਗਿਆ ਸੀ।ਫਿਰ ਉਸ ਦੀ ਭੂਆ ਉਸਨੂੰ ਆਪਣੇ ਪਿੰਡ ਲੈ ਆਈ ਉਹ ਆਪਣੀ ਭੂਆ ਨਾਲ ਵਿਚਰਦਿਆਂ ਸਾਰੀਆਂ ਦੁੱਖ ਤਕਲੀਫਾਂ ਭੁੱਲ ਗਈ ਜਿਵੇਂ ਇੱਕ ਧੀ ਆਪਣੀ ਮਾਂ ਕੋਲ ਆ ਕੇ ਭੁੱਲ ਜਾਂਦੀ ਹੈ। ਉਸ ਨੂੰ ਦਰਦ ਹੁੰਦਾ ਜਾਂ ਕੋਈ ਹੋਰ ਤਕਲੀਫ ਹੁੰਦੀ ਉਸ ਦੀ ਭੂਆ ਦੀ ਖੂਬ ਖਾਤਿਰਦਾਰੀ ਕਰਦੀ। ਫਿਰ ਇੱਕ ਦਿਨ ਉਸਨੂੰ ਦਰਦ ਉੱਠਿਆ ਉਸਨੇ ਜਨੇਪਾ ਪੀੜਾ ਸਹੀਆਂ ਅਤੇ ਇੱਕ ਬੱਚੇ ਨੂੰ ਜਨਮ ਦਿੱਤਾ। ਜਦੋਂ ਉਸਨੇ ਆਪਣੀ ਫੁੱਲਾਂ ਵਰਗੀ ਧੀ ਨੂੰ ਦੇਖਿਆ ਤਾਂ ਬੜੀ ਖੁਸ਼ ਹੋਈ। ਉਸ ਨੂੰ ਜਾਪਿਆ ਜਿਵੇਂ ਉਸ ਦੁਬਾਰਾ ਆਪਣੀ ਧੀ ਦੇ ਰੂਪ ਵਿੱਚ ਜਨਮ ਲੈ ਲਿਆ ਹੋਵੇ।ਉਸ ਨੂੰ ਆਪਣੀ ਧੀ ਦਾ ਬੜਾ ਪਿਆਰ ਆਉਂਦਾ। ਪਰ ਜਦੋਂ ਉਸ ਦੇ ਸਹੁਰੇ ਘਰ ਕੁੜੀ ਹੋਣ ਬਾਰੇ ਪਤਾ ਚੱਲਿਆ ਤਾਂ ਨਾ ਕੋਈ ਉਸਦਾ ਪਤਾ ਲੈਣ ਲਈ ਆਇਆ ਤੇ ਨਾ ਹੀ ਕੋਈ ਕੁੜੀ ਦਾ ਮੂੰਹ ਦੇਖਣ। ਅੱਜ ਉਸਦੀ ਸੱਸ ਆਈ ਸੀ ਉਸਦਾ ਹੁਣ ਨਾ ਆਉਣ ਨਾਲੋਂ ਵੀ ਭੈੜਾ ਸੀ। ਉਸਨੇ ਆ ਕੇ ਮਿਹਰ ਦੇ ਪੁਰਾਣੇ ਦਰਦ ਜਖਮ ਫਿਰ ਤੋਂ ਹਰੇ ਕਰ ਦਿੱਤੇ ਸੀ ; ਜਿਨਾਂ ਨੂੰ ਉਹ ਆਪਣੀ ਬੱਚੀ ਨਾਲ ਲਾਡ ਕਰਦੀ ਭੁੱਲ ਭੁਲਾ ਗਈ ਸੀ। ਅੱਜ ਉਹ ਲਗਭਗ ਡੇਢ ਮਹੀਨੇ ਦੀ ਹੋ ਗਈ ਸੀ ਤੇ ਕਿਸੇ ਨੂੰ ਵੀ ਬੱਚੀ ਦਾ ਨਾਂ ਰੱਖਣ ਵਿੱਚ ਇਹ ਕੋਈ ਦਿਲਚਸਪੀ ਨਹੀਂ ਸੀ। ਪਰ ਮਿਹਰ ਨੂੰ ਉਸਦਾ ਬੜਾ ਪਿਆਰ ਆਉਂਦਾ ਉਹ ਲਾਡ ਕਰਦੀ ਇਸਨੂੰ ਉਹ ਕੁਦਰਤ ਵੱਲੋਂ ਬਖਸ਼ੀ ਕੋਈ ਨਿਆਮਤ ਲੱਗਦੀ ਸੀ ਇਸ ਲਈ ਉਸਨੇ ਮਨ ਹੀ ਮਨ ਉਸ ਦਾ ਨਾਂ ‘ਨਿਆਮਤ’ ਰੱਖਣ ਬਾਰੇ ਫੈਸਲਾ ਕਰ ਲਿਆ। ਉਸਨੂੰ ਬੜਾ ਪਿਆਰ ਕਰਦੀ,ਕਦੇ ਉਸ ਨਾਲ ਖੇਡਦੀ-ਖੇਡਦੀ ਮਾਯੂਸ ਹੋ ਜਾਂਦੀ ਕਿਉਂਕਿ ਉਸਨੂੰ ਇਸ ਭੈੜੇ ਸਮਾਜ ਵਿੱਚ ਆਪਣੀ ਧੀ ਦਾ ਭਵਿੱਖ ਵੀ ਆਪਣੇ ਵਰਗਾ ਹੀ ਨਜ਼ਰ ਆਉਂਦਾ। ਉਸਨੂੰ ਜਾਪਿਆ ਜਿਵੇਂ ਸਾਰੀਆਂ ਕੁੜੀਆਂ ਦੀ ਕਹਾਣੀ ਅਤੇ ਭਵਿੱਖ ਲਗਭਗ ਇੱਕੋ ਜਿਹਾ ਹੋਵੇ……… ‘ਵਿਤਕਰੇ’ ਭਰਿਆ।

ਜ..ਦੀਪ ਸਿੰਘ ‘ਦੀਪ’
ਪਿੰਡ- ਕੋਟੜਾ ਲਹਿਲ
ਜ਼ਿਲਾ- ਸੰਗਰੂਰ
ਮੋਬਾ: 98760-04714 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਅਣਪਛਾਤੇ ਚੋਰਾਂ ਦਾ ਕਾਰਨਾਮਾ* ਸਰਕਾਰੀ ਪ੍ਰਾਇਮਰੀ ਸਕੂਲ ਦਾ ਲਗਭਗ 15 ਫੁੱਟ ਦਾ ਮੇਨ ਗੇਟ ਹੀ ਚੋਰੀ ਕਰਕੇ ਲੈ ਗਏ ਚੋਰ
Next articleਰੀਲਾਂ