*ਅਣਪਛਾਤੇ ਚੋਰਾਂ ਦਾ ਕਾਰਨਾਮਾ* ਸਰਕਾਰੀ ਪ੍ਰਾਇਮਰੀ ਸਕੂਲ ਦਾ ਲਗਭਗ 15 ਫੁੱਟ ਦਾ ਮੇਨ ਗੇਟ ਹੀ ਚੋਰੀ ਕਰਕੇ ਲੈ ਗਏ ਚੋਰ

*ਕੁਝ ਸਮਾਂ ਪਹਿਲਾਂ ਵੀ ਹੋ ਚੁੱਕੀ ਹੈ ਚੋਰੀ ਦੀ ਵਾਰਦਾਤ* ਬਹੁਤ ਹੀ ਭਾਰੀ ਗੇਟ ਸੀ ਲਗਭਗ 50 ਸਾਲ ਪੁਰਾਣਾ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਪਰਾ ਤੇ ਆਸ-ਪਾਸ ਦੇ ਪਿੰਡਾਂ ‘ਚ ਆਏ ਦਿਨ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ  ਅਣਪਛਾਤੇ ਚੋਰਾਂ ਵਲੋਂ ਸ਼ਰੇਆਮ ਅੰਜ਼ਾਮ ਦਿੱਤਾ ਜਾ ਰਿਹਾ ਹੈ, ਜਦਕਿ ਪੁਲਿਸ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ | ਜਿੱਥੇ ਲੋਕ ਵਿੱਦਿਅਕ ਅਦਾਰਿਆਂ ਨੂੰ  ਦਾਨ ਦਿੰਦੇ ਹਨ, ਉੱਥੇ ਹੀ ਸਮਾਜ ਵਿਰੋਧੀ ਅਨਸਰ ਤੇ ਚੋਰ ਅੱਪਰਾ ਦੇ ਕਰੀਬੀ ਪਿੰਡ ‘ਚ ਸਥਿਤ ਇੱਕ ਸਕੂਲ ਦਾ ਲਗਭਗ 15 ਫੁੱਟ ਦਾ ਗੇਟ ਹੀ ਚੋਰੀ ਕਰਕੇ ਲੈ ਗਏ | ਘਟਨਾ ਦੇ ਸੰਬੰਧ ‘ਚ ਜਾਣਕਾਰੀ ਦਿੰਦਿਆਂ ਸਕੂਲ ਦੀ ਮਹਿਲਾ ਅਧਿਆਪਕ ਆਸਥਾ, ਰੇਸ਼ਮ ਲਾਲ ਪੰਚਾਇਤ ਮੈਂਬਰ ਤੇ ਹਰਨਾਮ ਦਾਸ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਾਨਪੁਰ ਦਾ ਮੇਨ ਗੇਟ ਹੀ ਚੋਰੀ ਕਰਕੇ ਲੈ ਗਏ | ਉਨਾਂ ਅੱਗੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਸਕੂਲ ‘ਚ ਚੋਰੀ ਦੀ ਘਟਨਾ ਵਾਪਰ ਚੁੱਕੀ ਹੈ | ਜਿਸ ਦੇ ਸੰਬੰਧ ‘ਚ ਪੁਲਿਸ ਨੂੰ  ਸੂਚਿਤ ਕੀਤਾ ਗਿਆ ਸੀ ਤੇ ਪੁਲਿਸ ਨੇ ਇੱਕ ਵਿਅਕਤੀ ਨੂੰ  ਹਿਰਾਸਤ ‘ਚ ਵੀ ਲਿਆ ਸੀ ਪਰੰਤੂ ਉਸ ਨੂੰ  ਬਾਅਦ ‘ਚ ਛੱਡ ਦਿੱਤਾ ਗਿਆ | ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਗੇਟ ਬਹੁਤ ਹੀ ਭਾਰਾ ਸੀ ਤੇ ਲਗਭਗ 50 ਸਾਲ ਪੁਰਾਣਾ ਸੀ | ਇਸ ਸੰਬੰਧ ‘ਚ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਆਏ ਕਾਂਗਰਸੀ ਆਗੂ ਰਜਿੰਦਰ ਸੰਧੂ ਫਿਲੌਰ ਤੇ ਅੱਪਰਾ ਦੇ ਨੌਜਵਾਨ ਸਰਪੰਚ ਵਿਨੈ ਕੁਮਾਰ ਅੱਪਰਾ ਨੇ ਕਿਹਾ ਕਿ ਇਲਾਕੇ ਦੇ ਅੰਦਰ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ‘ਚ ਬਹੁਤ ਵਾਧਾ ਹੋ ਚੁੱਕਾ ਹੈ | ਉਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਵਿੱਦਿਆ ਦੇ ਮੰਦਿਰ ‘ਚ ਸੰਨ ਲਗਾਉਣ ਵਾਲਿਆਂ ਨੂੰ  ਜਲਦ ਤੋਂ ਜਲਦ ਕਾਬੂ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਕੀ ਕਹਿਣਾ ਹੈ ਚੌਂਕੀ ਇੰਚਾਰਜ ਅੱਪਰਾ ਦਾ-ਇਸ ਸੰਬੰਧ ‘ਚ ਸੰਪਰਕ ਕਰਨ ‘ਤੇ ਸਬ ਇੰਸਪੈਕਟਰ ਨਿਰਮਲ ਸਿੰਘ ਜੱਜ ਚੌਂਕੀ ਇੰਚਾਰਜ ਅੱਪਰਾ ਨੇ ਕਿਹਾ ਕਿ ਉਨਾਂ ਨੇ ਸਮੇਤ ਪੁਲਿਸ ਪਾਰਟੀ ਮੌਕਾ ਦੇਖਿਆ ਹੈ |ਸਕੂਲ ਦੇ ਅੰਦਰ ਤੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ | ਉਨਾਂ ਕਿਹਾ ਕਿ ਜਲਦ ਹੀ ਕਥਿਤ ਦੋਸ਼ੀਆਂ ਨੂੰ  ਕਾਬੂ ਕਰ ਲਿਆ ਜਾਵੇਗਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਨਖ਼ਾਹੀਏ ਕਰਾਰ ਦਿੱਤੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਾਈ ਸੁਖਬੀਰ ਸਿੰਘ ਬਾਦਲ ਨੇ ਕੀਤੇ ਹੋਏ ਬੱਜਰ ਗੁਨਾਹ ਕਬੂਲੇ
Next articleਵਿਤਕਰਾ