ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਇੱਧਰ ਵਿਆਹ ਦਾ ਚੂੜਾ ਉਤਰਨ ਵਾਲਾ ਹੁੰਦਾ ਹੈ ਉਧਰੋਂ ਪਤੀ ਪਤਨੀ ਦਾ ਅਸਲੀ ਰੰਗ ਉਗੜਨ ਲੱਗਦਾ ਹੈ। ਯਾਨੀ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਪਿਆਰ ਵਾਲੀ ਖੁਮਾਰੀ ਉਤਰਨ ਤੋਂ ਬਾਅਦ ਹੋਲੀ ਹੋਲੀ ਕਿਚ ਕਿਚ ਦਾ ਪੌਦਾ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ। ਕਈ ਮੇਰੇ ਵਰਗਿਆਂ ਦੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਹੀ ਗਰਮਾਂ ਗਰਮੀ ਤੋਂ ਹੁੰਦੀ ਹੈ। ਇਸ ਲੜਾਈ ਦੇ ਪੌਦੇ ਦੀ ਕੋਈਂ ਖ਼ਾਸ ਜੜ੍ਹ ਜਾਂ ਵਜ਼ਾ ਨਹੀਂ ਹੁੰਦੀ। ਥੋਡ਼ੀ ਬਹੁਤ ਈਗੋ ਅਤੇ ਫਾਲਤੂ ਦਖਲ ਅੰਦਾਜ਼ੀ ਤੇ ਭਾਰੀ ਉਮੀਦਾਂ ਤੋਂ ਇਹ ਸ਼ੁਰੂਆਤ ਹੁੰਦੀ ਹੈ। ਕਈ ਵਾਰੀ ਤਾਂ ਮੀਆਂ ਬੀਵੀ ਵਿਚਕਾਰ ਖੜੀ ਹੋਈ ਇਹ ਕੰਧ ਤਲਾਕ ਵਰਗੇ ਭਿਆਨਕ ਫੈਸਲੇ ਤੇ ਪਹੁੰਚਕੇ ਦਮ ਲੈਂਦੀ ਹੈ। ਇਹ ਦਰਦਨਾਕ ਫੈਸਲਾ ਲੈਣ ਵਾਲੀ ਨਾਮੀ ਪੰਚਾਇਤ ਹੁੰਦੀ ਹੈ। ਜਿਸ ਨੂੰ ਲੋਕ ਪੰਚ ਪਰਮੇਸ਼ਵਰ ਕਹਿੰਦੇ ਹਨ। ਪ੍ਰੰਤੂ ਇਸ ਨਾਲ ਜੀਵਨਭਰ ਦੀ ਸਜ਼ਾ ਪਤੀ ਪਤਨੀ ਅਤੇ ਉਹਨਾਂ ਦੇ ਬੱਚਿਆਂ ਨੂੰ ਮਿਲਦੀ ਹੈ। ਫਿਰ ਪੱਲੇ ਪਛਤਾਵੇ ਦੀ ਚਾਦਰ ਰਹਿ ਜਾਂਦੀ ਹੈ। ਕੁਝ ਸਮਾਂ ਪਾਕੇ ਤਲਾਕ ਦੇ ਫੈਸਲੇ ਤੇ ਹਰ ਕੋਈਂ ਪਛਤਾਉਂਦਾ ਹੈ।
ਇਹ ਹੁੰਦਾ ਕੁੱਤ ਕਲੇਸ਼ ਹੀ ਹੈ ਜਿਸ ਦੀ ਵਜ੍ਹਾ ਪਤੀ ਦਾ ਨਸ਼ੇੜੀ, ਵਿਹਲੜ, ਹਿੰਸਕ ਜਾਂ ਲਾਲਚੀ ਹੋਣਾ ਹੋ ਸਕਦਾ ਹੈ। ਦੂਜੇ ਪਾਸੇ ਪਤਨੀ ਨੂੰ ਆਪਣੇ ਅਹੁਦੇ ਦਾ ਗੁਮਾਨ, ਬਰਾਬਰਤਾ ਦਾ ਕੀੜਾ ਅਤੇ ਪਤੀ ਦੇ ਮਾਪਿਆਂ ਤੇ ਜਿਆਦਾ ਕਿੰਤੂ ਪ੍ਰੰਤੂ ਕਰਕੇ ਹੁੰਦਾ ਹੈ। ਅਕਸਰ ਦੇਖਿਆ ਹੈ ਕਿ ਕੁਝ ਜਨਾਨੀਆਂ ਨੂੰ ਸਿਰਫ ਕੀ ਕਿਵੇਂ ਕਿਓਂ ਵਰਗੇ ਸੁਆਲ ਹੀ ਆਉਂਦੇ ਹਨ। ਨਿੱਤ ਨਿੱਤ ਦੇ ਇਹ ਸ਼ਬਦ ਪਤੀ ਦੀ ਈਗੋ ਨੂੰ ਹਰਟ ਕਰਦੇ ਹਨ। ਉਹ ਔਰਤਾਂ ਆਪਣੀ ਆਜ਼ਾਦੀ ਲਈ ਪਰਿਵਾਰ ਦੀ ਬਲੀ ਦੇਣ ਦੇ ਰਸਤੇ ਵਲ ਵੱਧ ਜਾਂਦੀਆਂ ਹਨ। ਪੇਕਿਆਂ ਦੀ ਲੋੜੋਂ ਵੱਧ ਦਖਲ ਅੰਦਾਜ਼ੀ ਵੀ ਪਰਿਵਾਰ ਤੋੜਨ ਅਤੇ ਇਸ ਕੁੱਤ ਕਲੇਸ਼ ਦਾ ਕਾਰਨ ਬਣਦੀ ਹੈ। ਇਹ ਨਹੀਂ ਕਿ ਹਮੇਸ਼ਾ ਪਤਨੀ ਹੀ ਗਲਤ ਹੁੰਦੀ ਹੈ ਜਾਂ ਉਸ ਦੇ ਪੇਕੇ। ਬਹੁਤੇ ਵਾਰੀ ਪਤੀ ਜੀ ਦੇ ਪੇਕੇ ਵੀ ਬਹੂ ਨੂੰ ਦਿਲੋਂ ਸਵੀਕਾਰ ਨਹੀਂ ਕਰਦੇ। ਅੱਗੇ ਨਨਾਣ ਭਰਜਾਈ ਦੇ ਪੈਰ ਨਹੀਂ ਲੱਗਣ ਦਿੰਦੀ। ਫਿਰ ਸ਼ੁਰੂ ਹੁੰਦਾ ਹੈ ਕੁੱਤ ਕਲੇਸ਼। ਬਹੁਤੇ ਵਾਰੀ ਤਾਂ ਪਤੀ ਦੋ ਪੁੜਾ ਵਿਚਕਾਰ ਪਿਸਦਾ ਹੋਇਆ ਵੀ ਆਪਣਾ ਘਰ ਟੁੱਟਣੋਂ ਬਚਾ ਲੈਂਦਾ ਹੈ। ਪਰ ਇਹ ਹਰ ਵਾਰ ਨਹੀਂ ਹੁੰਦਾ।
ਇਸ ਕੁੱਤ ਕਲੇਸ਼ ਦੀ ਵਜ੍ਹਾ ਪਤੀ ਪਤਨੀ ਦੋਨੇ ਜਾਂ ਕੋਈਂ ਇੱਕ ਹੋ ਸਕਦਾ ਹੈ ਪਰ ਤਾੜੀ ਹਮੇਸ਼ਾ ਦੋਨਾਂ ਹੱਥਾਂ ਨਾਲ ਵੱਜਦੀ ਹੈ। ਮੈਂ ਖੁਦ ਵੀ ਇਸ ਕੁੱਤ ਕਲੇਸ਼ ਦਾ ਕਾਫੀ ਦੇਰ ਤੱਕ ਹਿੱਸੇਦਾਰ ਰਿਹਾ ਹਾਂ। ਸਚਾਈ ਚ ਵੇਖਿਆ ਜਾਵੇ ਤਾਂ ਕੋਈਂ ਜੋਡ਼ੀ ਇਸ ਤੋਂ ਬਚਦੀ ਨਹੀਂ। ਟੋਕਰੇ ਵਿੱਚ ਪਏ ਭਾਂਡਿਆਂ ਦਾ ਖੜਕਣਾ ਲਾਜ਼ਮੀ ਹੁੰਦਾ ਹੈ ਇਹ ਵੱਸਦੇ ਘਰਾਂ ਦੀ ਨਿਸ਼ਾਨੀ ਵੀ ਹੈ। ਇੱਕ ਤਰਫਾ ਆਤਮਸਮਰਪਣ ਵੀ ਗੁਲਾਮੀ ਦਾ ਦੂਸਰਾ ਰੂਪ ਹੁੰਦਾ ਹੈ। ਹਰ ਕਿਚ ਕਿਚ ਦੀ ਆਪਣੀ ਮਿਆਦ ਹੁੰਦੀ ਹੈ। ਈਗੋ ਅਤੇ ਆਤਮਸਨਮਾਨ ਇੱਕੋ ਰੇਖਾ ਵਿਚਲੇ ਦੋ ਬਿੰਦੂ ਹਨ ਗੱਲ ਇਹ੍ਹਨਾਂ ਦੀ ਸਹੀ ਸੀਮਾ ਨੂੰ ਪਹਿਚਾਨਣ ਦੀ ਹੈ। ਲੜਾਈ ਦਾ ਮੂਲ ਕਾਰਨ ਵੀ ਇਹੀ ਹੁੰਦਾ ਹੈ ਕਿ ਇੱਕ ਧਿਰ ਆਪਣੇ ਅਧਿਕਾਰ ਵੱਲ ਵਧਦੀ ਹੋਈ ਦੂਸਰੇ ਦੇ ਅਧਿਕਾਰਾਂ ਨੂੰ ਖਤਮ ਕਰਨ ਲੱਗਦੀ ਹੈ। ਇਹ ਅੱਗ ਮਮੂਲੀ ਗੱਲ ਤੋਂ ਸ਼ੁਰੂ ਹੁੰਦੀ ਹੈ ਅਤੇ ਆਪਣਿਆਂ ਦੇ ਹਵਾ ਦੇਣ ਨਾਲ ਫੈਲਦੀ ਹੈ ਤੇ ਸਭ ਕੁਝ ਫਨਾਹ ਕਰ ਦਿੰਦੀ ਹੈ ਬਹੁਤੇ ਵਾਰੀ ਆਪਣਿਆਂ ਦੀ ਮਾਰੀ ਫੂਕ ਨਾਲ ਬੁਝ ਵੀ ਜਾਂਦੀ ਹੈ। ਨੁਕਸਾਨ ਹੋਣੋ ਬਚ ਜਾਂਦਾ ਹੈ।
ਪਤੀ ਨੂੰ ਪਤਨੀ ਦਾ ਜਾਇਜ਼ ਪੱਖ ਲੈਣਾ ਚਾਹੀਦਾ ਹੈ। ਚੰਗੇ ਕੰਮ ਦੀ ਸ਼ਰੇਆਮ ਤਾਰੀਫ਼ ਅਤੇ ਮਾੜੇ ਕੰਮ ਲਈ ਪਰਦੇ ਨਾਲ ਨਿੰਦਾ ਕਰਨੀ ਚਾਹੀਦੀ ਹੈ। ਹਿੰਸਕ ਨਹੀਂ ਹੋਣਾ ਚਾਹੀਦਾ। ਹਿੰਸਕ ਵਿੱਚ ਇਕੱਲਾ ਸਰੀਰਕ ਕਸ਼ਟ ਹੀ ਨਹੀਂ ਹੁੰਦਾ ਸਗੋਂ ਮਾਨਸਿਕ ਕਸ਼ਟ ਦੇਣਾ ਵੀ ਹਿੰਸਕ ਵਿੱਚ ਸ਼ਾਮਿਲ ਹੁੰਦਾ ਹੈ।
ਪਤਨੀ ਜੀ ਨੂੰ ਵੀ ਚਾਹੀਦਾ ਹੈ ਕਿ ਉਹ ਪਰਿਵਾਰ ਵਿੱਚ ਰਹਿੰਦੇ ਪਤੀ ਦੇ ਭੈਣ ਭਰਾ ਮਾਂ ਪਿਓ ਨੂੰ ਬੋਝ ਨਾ ਸਮਝੇ। ਪਤੀ ਦੇ ਘਰ ਪਤੀ ਦੀ ਕਮਾਈ ਤੇ ਆਪਣਾ ਏਕਾਅਧਿਕਾਰ ਨਾ ਸਮਝੇ। ਪਤੀ ਦੇ ਪਰਿਵਾਰ ਅਤੇ ਮਾਪਿਆਂ ਪ੍ਰਤੀ ਵੀ ਕੁਝ ਫਰਜ਼ ਹੁੰਦੇ ਹਨ। ਘਰ ਵਿਚਲੀ ਸ਼ਾਂਤੀ ਦਾ ਰਸਤਾ ਘਰ ਦੀ ਰਸੋਈ ਵਿੱਚ ਦੀ ਹੋਕੇ ਜਾਂਦਾ ਹੈ। ਪਤਨੀ ਚਾਹੇ ਕਿੰਨਾ ਵੀ ਕਮਾਉਂਦੀ ਹੋਵੇ ਉਸ ਨੂੰ ਰਸੋਈ ਦਾ ਖਹਿੜਾ ਨਹੀਂ ਛੱਡਣਾ ਚਾਹੀਦਾ। ਵੱਸ ਲੱਗਦਾ ਪਤੀ ਪਤਨੀ ਇਕੱਠੇ ਰੋਟੀ ਖਾਣ। ਪਤਨੀ ਖੁਦ ਪਤੀ ਨੂੰ ਖਾਣਾ ਪਰੋਸੇ। ਇੱਕ ਦੂਜੇ ਨੂੰ ਟਾਈਮ ਦੇਣਾ, ਗਲਬਾਤ ਕਰਨਾ, ਸੁਣਨਾ ਜਰੂਰੀ ਹੈ। ਜਿਹੜੇ ਮੇਰੇ ਵਰਗੇ ਸਾਰਾ ਦਿਨ ਮੋਬਾਇਲ ਵਿੱਚ ਘੁਸੇ ਰਹਿੰਦੇ ਹਨ ਉਹ ਘਰੇ ਸ਼ਾਂਤੀ ਕਿਥੋਂ ਭਾਲਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly