ਫ਼ੋਨ ਖ਼ਜ਼ਾਨਾ

ਦਿਲਪ੍ਰੀਤ ਗੁਰੀ
ਦਿਲਪ੍ਰੀਤ ਗੁਰੀ
(ਸਮਾਜ ਵੀਕਲੀ)  ਬੇਅੰਤ ਕੌਰ ਹੱਥ ’ਚ ਮਠਿਆਈ ਦਾ ਡੱਬਾ ਫੜ੍ਹੀ ਗੇਟ ’ਤੇ ਆ ਕੇ ਆਵਾਜ਼ ਮਾਰੀ, “ਨੀ ਗੁਰਦੇਵ ਕੁਰੇ ਘਰ ਹੀ ਹੈ।”
ਗੁਰਦੇਵ ਕੋਰ ਉਸਨੂੰ ਵੇਖਦੀ ਹੋਈ ਹੌਲੀ-ਹੌਲੀ ਬੁੜ-ਬੁੜ ਕਰਦੀ ਬੋਲੀ, “ਲੈ ਮੁੰਡੇ ਦੇ ਵਿਆਹ ’ਤੇ ਸੱਦਿਆ ਨਹੀਂ ਤੇ ਹੁਣ ਡੱਬੇ ਚੱਕੀ ਫਿਰਦੀ ਘਰ-ਘਰ, ਬੰਦਾ ਪੁੱਛਣ ਵਾਲਾ ਹੋਏ ਕਿ ਕੋਈ ਤੇਰੇ ਡੱਬਿਆਂ ਦਾ ਭੁੱਖਾ।”
ਕੋਲ ਬੈਠੇ ਮੁੰਡੇ ਨੇ ਗੁਰਦੇਵ ਕੌਰ ਦੀ ਬਾਂਹ ’ਤੇ ਹੱਥ ਰੱਖਦਿਆਂ ਇਸ਼ਾਰੇ ਨਾਲ ਦੱਸਿਆ ਕਿ ਚਾਚੀ ਕੋਲ ਆ ਗਈ ਆਂ।
ਗੁਰਦੇਵ ਕੌਰ ਉੱਠ ਕੇ “ਲੈ ਭੈਣੇ ਮੁੰਡੇ ਦੇ ਵਿਆਹ ਦੀਆਂ ਲੱਖ ਵਧਾਈਆਂ, ਸ਼ੁਕਰ ਆ ਰੱਬ ਨੇ ਸੋਹਣੀ ਸੁਣ ਲਈ।”
ਬੇਅੰਤ ਕੌਰ ਜਵਾਬ ਦਿੰਦੀ ਹੋਈ, “ਭੈਣੇ ਵਧਾਈਆਂ, ਮਹਾਰਾਜ ਸਭ ਦੀ ਏਦਾਂ ਸੁਣੇ, ਇਕ ਮੁੰਡੇ ਦਾ ਤਾਂ ਫ਼ਿਕਰ ਲਹਿ ਗਿਆ। ਜ਼ਮੀਨ ਵੀ ਥੋੜ੍ਹੀ ਸੀ ਤੇ ਨੌਕਰੀ ਵੀ ਮਿਲਦੀ ਨਹੀਂ। ਸੋਚਾਂ ਖਾਂਦੀਆਂ ਸੀ, ਦੋਵੇਂ ਪੁੱਤ ਇਕੋ ਜਿਹੇ ਫਿਰਦੇ ਨੇ, ਖੌਰੇ ਵਿਆਹ ਵੀ ਹੋਣੇ ਨੇ ਕਿ ਨਹੀਂ, ਹਰ ਕੋਈ ਜ਼ਮੀਨ-ਜਾਇਦਾਦ ਦੇਖਦਾ ਧੀ ਦੇਣ ਲੱਗਿਆਂ।”
ਬੇਅੰਤ ਕੌਰ ਦੇ ਨਾਲ ਆਏ ਪੁੱਤ ਰਾਜ ਨੇ ਹੌਸਲਾ ਦਿੱਤਾ, “ਬੇਬੇ ਹੁਣ ਤਾਂ ਉਦਾਸ ਨਾ ਹੋਇਆ ਕਰ ਰੱਬ ਨੇ ਤੇਰੀਆਂ ਅਰਦਾਸਾਂ ਸੁਣ ਲਈਆਂ।”
ਗੁਰਦੇਵ ਕੌਰ ਨੇ ਰਾਜ ਨੂੰ ਪੁੱਛਿਆ, “ਆ ਜੋ ਮੈਂ ਸੁਣਿਆ ਕਿ ਕੁੜੀ ਫ਼ੋਨ ਤੋਂ ਮਿਲੀ ਆ, ਸੱਚ ਆ ਕਾਕਾ?”
“ਹਾਂ, ਜੀ ਤਾਈ ਜੀ” ਰਾਜ  ਨੇ ਜਵਾਬ ਦਿੱਤਾ।
“ਐ, ਕਿਵੇਂ ਹੋ ਜਾਂਦਾ?”
“ਬਸ ਤਾਈ ਜੀ ਕਿਸਮਤ ਦੇ ਖੇਲ ਹੀ ਆ, ਫ਼ੋਨ ਤੋਂ ਫੇਸਬੁੱਕ ਤੇ ਉਸਨੇ ਮੇਰੀ ਫੋਟੋ ਵੇਖ ਲਈ ਤੇ ਗੱਲ ਕੀਤੀ, ਮੈਂ ਕੁੱਝ ਗਾ ਕੇ ਵੀ ਪਾ ਦਿੰਦਾ ਸੀ। ਉਹਨੂੰ ਚੰਗਾ ਲੱਗਿਆ। ਉਸਨੇ ਮੇਰੇ ਬਾਰੇ ਪੁੱਛਿਆ ਤੇ ਮੈਂ ਸੱਚ ਦੱਸ ਦਿੱਤਾ ਕਿ ਦੋ ਕਮਰੇ ਨੇ। ਦੋ ਭਰਾ ਤੇ ਮਾਂ ਬਾਪ ਇਕੱਠੇ ਰਹਿੰਦੇ ਆਂ, ਦੋ ਕਿੱਲ੍ਹੇ ਜ਼ਮੀਨ ਹੈ। ਕਹਿੰਦੀ ਤੂੰ ਸੱਚ ਬੋਲਿਆ ਮੈਨੂੰ ਇਹ ਗੱਲ ਪਸੰਦ ਆਈ ਆ ਵਿਆਹ ਕਰਾਏਂਗਾ ਮੇਰੇ ਨਾਲ।”
ਮੈਂ ਕਿਹਾ, “ਤੂੰ ਚੰਡੀਗੜ੍ਹ ਦੀ ਤੇ ਮੈਂ ਪੇਂਡੂ, ਉਹ ਵੀ ਬਾਰਡਰ ਦਾ ਤੇ ਨਾ ਕੋਈ ਨੌਕਰੀ, ਨਾ ਹੋਰ ਆਮਦਨੀ ਦਾ ਸਾਧਨ, ਤੇਰੇ ਖ਼ਰਚੇ ਕਿਵੇਂ ਚੱਕੂ, ਤੇਰੇ ਵੀ ਸੁਪਨੇ ਹੋਣੇ। ਤਾਈ ਗੱਲ ਇਹ ਵੀ ਸੱਚ ਹੀ ਕਹੀ ਸੀ। ਉਹਨੇ ਕਿਹਾ ਕਿ ਸ਼ਾਮ ਨੂੰ ਮਾਂ ਨਾਲ ਗੱਲ ਕਰਾਈਂ, ਮੈਂ ਕਰਾ ਦਿੱਤੀ। ਉਹਦੀ ਮਾਂ ਨੇ ਮੰਮੀ ਨਾਲ ਗੱਲ ਕਰਕੇ ਰਿਸ਼ਤਾ ਪੱਕਾ ਕਰਤਾ। ਕੁੜੀ ਦਾ ਆਪਦਾ ਵਾਹਵਾ ਵੱਡਾ ਬੁਟੀਕ ਆ। ਚੰਗੀ ਕਮਾਈ ਹੈ। ਬਸ ਰੱਬ ਦੇ ਛੱਪਰ ਪਾੜਨ ਵਾਲੀ ਗੱਲ ਕਰਤੀ ਹੈ।”
ਇਹਨਾਂ ਕਹਿ ਰਾਜ ਤੇ ਬੇਅੰਤ ਕੌਰ ਨੇ ਕਿਹਾ, “ਅਸੀਂ ਚੱਲਦੇ ਹਾਂ, ਅਜੇ ਹੋਰ ਘਰਾਂ ’ਚ ਵੀ ਡੱਬੇ ਦੇਣੇ ਨੇ, ਵਿਆਹ ਤਾਂ ਸਾਦਾ ਕਰ ਲਿਆ। ਪਰ ਮੂੰਹ ਮਿੱਠਾ ਤਾਂ ਆਪਣਿਆਂ ਦਾ ਕਰਾਉਣਾ ਬਣਦਾ।”
ਉਹਨਾਂ ਦੇ ਜਾਂਦਿਆਂ ਹੀ ਗੁਰਦੇਵ ਕੌਰ ਨੇ ਆਪਣੇ ਮੁੰਡੇ ਦੇ ਲੱਕ ’ਚ  ਮੁੱਕੀ ਮਾਰੀ ਤੇ ਕਿਹਾ, “ਆ ਫੋਸਬੁੱਕ ਜਿਹਾ ਤੇਰੇ ਤੋਂ ਨਹੀਂ ਚਲਾਇਆ ਜਾਂਦਾ, ਸਾਰਾ ਦਿਨ ਆ ਫ਼ੋਨ ਨੂੰ ਤਾਂ ਚਿੰਬੜਿਆ ਰਹਿੰਦਾ।”
“ਬੇਬੇ ਫੋਸ ਗੋਹੇ ਨੂੰ ਕਹਿੰਦੇ ਆਂ”
“ਵੇ ਤੇਰੇ ਤੋਂ ਉਹ ਵੀ ਚੰਗਾ, ਚਾਰ ਪਾਥੀਆਂ ਬਣ ਜਾਂਦੀਆਂ ਤੇ ਚਾਰ ਪਾਥੀਆਂ ਨਾਲ ਦੋ ਵਾਰ ਚਾਹ ਕਰ ਲਈਦੀ ਆ। ਤੇਰੇ ਤੋਂ ਤਾਂ ਕੁੱਝ ਵੀ ਨਹੀਂ ਹੋਇਆ। ਆ ਫ਼ੋਨ ਵਾਲੀ ਫੋਸ ਫਾਸ, ਜੋ ਵੀ ਕਹਿੰਦੇ ਆ।”
“ਬੇਬੇ ਕੁੜੀਆਂ ਬਥੇਰੀਆਂ ਆਉਂਦੀਆਂ ਪਰ ਸਭ ਪੈਸੇ ਵਾਲਾ ਭਾਲਦੀਆਂ, ਜਿਸ ਨੂੰ ਸੱਚ ਦੱਸ ਦੇਈਦਾ ਭੱਜ ਜਾਂਦੀ ਆਂ। ਮੇਰੇ ਕੋਲ ਵੀ ਚੱਲਦੀ ਆ ਫੇਸਬੁੱਕ। ਗੱਲ ਕਿਸਮਤ ਦੀ ਹੁੰਦੀ ਆ, ਰੱਬ ਨੇ ਕਿਸੇ ਬਹਾਨੇ ਚਾਚੀ ਹੁਣਾਂ ਦੀ ਹੈਲਪ ਕਰ ਦਿੱਤੀ। ਇਹ ਫ਼ੋਨ ਕਈਆਂ ਨੂੰ ਤਾਰਦਾ ਵੀ ਆ। ਕਈਆਂ ਦੀ ਕਿਸਮਤ ਚਮਕੀ ਹੈ ਪਰ ਕਈਆਂ ਨੂੰ ਨੁਕਸਾਨ ਵੀ ਹੋਇਆ। ਇਸਦੀ ਸਹੀ ਵਰਤੋਂ ’ਤੇ ਕਿਸਮਤ ਨੇ ਕਈਆਂ ਦੀ ਜ਼ਿੰਦਗੀ ਹੀ ਬਦਲ ਦਿੱਤੀ ਹੈ। ਮਿਹਨਤ ਜਾਰੀ ਰੱਖਣੀ ਪੈਂਦੀ।”
ਗੁਰਦੇਵ ਕੌਰ ਪੁੱਤ ਦੇ ਮੋਢੇ ’ਤੇ ਹੱਥ ਰੱਖਦੀ ਹੋਈ ਕਹਿੰਦੀ, “ਪੁੱਤ ਕੋਈ ਨਾ ਤੇਰੀ ਵੀ ਰੱਬ ਸੁਣੂਗਾ, ਇਹਦੀ ਸਹੀ ਵਰਤੋਂ ਕਰੀਂ, ਮੈਨੂੰ ਇਹਨਾਂ ਪਤਾ ਲੱਗ ਗਿਆ ਕਿ ਇਹ ਮਾੜਾ ਨਹੀਂ।”
ਗੁਰਦੇਵ ਕੌਰ ਨੇ ਆਪਣੀ ਧੀ ਸਿੰਮੀ ਨੂੰ ਵੀ ਫ਼ੋਨ ਤੇ ਬੁਟੀਕ ਦਾ ਕੰਮ ਸ਼ੁਰੂ ਕਰਨ ਲਈ ਕਿਹਾ। ਜਦ ਸਿੰਮੀ ਨੇ ਦੱਸਿਆ ਕਿ ਮੇਰੇ ਕੋਲ ਫ਼ੋਨ ਛੋਟਾ ਤਾਂ ਗੁਰਦੇਵ ਕੌਰ ਨੇ ਵੱਡਾ ਫ਼ੋਨ ਲੈ ਕੇ ਦੇਣ ਦਾ ਵਾਅਦਾ ਕੀਤਾ।
ਸਿੰਮੀ ਨੇ ਮਾਂ ਨੂੰ ਦੱਸਿਆ, “ਫ਼ੋਨ ਮਾੜਾ ਨਹੀਂ ਬੇਬੇ ਜੇ ਸਹੀ ਵਰਤੋਂ ਕਰੀ ਜਾਵੇ।”
ਸਿੰਮੀ ਸੋਚ ਰਹੀ ਸੀ ਕਿ ਫ਼ੋਨ ਨੇ ਵੀ ਕਿੰਨੇ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ ਬੇਸ਼ੱਕ ਹਰ ਚੀਜ਼ ਦੀ ਦੁਰਵਰਤੋਂ ਨੁਕਸਾਨ ਕਰਦੀ ਹੈ ਪਰ ਯੋਗ ਵਰਤੋਂ ਬਹੁਤ ਕੁੱਝ ਬਦਲ ਵੀ ਦਿੰਦੀ ਹੈ। ਫ਼ੋਨ ਔਰਤਾਂ ਦੇ ਹੱਥ ਵਿੱਚ ਆਉਣ ਨਾਲ ਉਹਨਾਂ ਨੂੰ ਘਰ ਬੈਠੇ ਦੁਨੀਆਂ ਦਾ ਗਿਆਨ ਹੋਇਆ। ਪੜ੍ਹਾਈ ਵਿੱਚ ਮੱਦਦ ਮਿਲੀ ਤੇ ਆਪਣੀ ਕਲਾ ਬਿਖੇਰਨ ਲਈ ਚੰਗੇ ਪਲੇਟਫਾਰਮ ਵੀ ਮਿਲੇ। ਆਪਣੇ ਘਰ ਤੋਂ ਹੀ ਬਿਜ਼ਨਸ ਕਰਨ ਦਾ ਸੁਖਾਲਾ ਰਾਹ ਮਿਲਿਆ। ਕਿੰਨ੍ਹੇ ਲੋਕ ਵੱਖ-ਵੱਖ ਸ਼ੋਸ਼ਲ ਸਾਈਟਾਂ ’ਤੇ ਪੇਜ਼ ਬਣਾ ਕੇ ਕਮਾਈ ਕਰ ਰਹੇ ਹਨ। ਹਰ ਚੀਜ਼ ਘਰ ਬੈਠੇ ਵੇਖੀ ਜਾ ਸਕਦੀ ਹੈ, ਮੰਗਵਾਈ ਜਾ ਸਕਦੀ ਹੈ। ਸਮੇਂ ’ਤੇ ਪੈਸੇ ਦੀ ਬੱਚਤ ਹੋ ਰਹੀ ਹੈ। ਦੁਨੀਆਂ ਦੇ ਹਰ ਕੋਨੇ ’ਚ ਬੈਠੇ ਲੋਕਾਂ ਨਾਲ ਰਾਬਤਾ ਕੀਤਾ ਜਾ ਸਕਦਾ। ਘੱਟ ਪੜ੍ਹੇ-ਲਿਖੇ ਵੀ ਇਸ ਤੋਂ ਚੰਗੀ ਜਾਣਕਾਰੀ ਹਾਸਲ ਕਰ ਰਹੇ ਹਨ ਤੇ ਕਈ ਹੋਰ ਲਾਭ ਲੈ ਰਹੇ ਹਨ। ਹੋਰ ਵੀ ਪਤਾ ਨਹੀਂ ਕਿੰਨੇ ਲਾਭ ਨੇ ਇਸਦੇ, ਜਿਸਨੇ ਜ਼ਿੰਦਗੀ ਨੂੰ ਸੁਖਾਲਾ ਕਰਨ ਵਿੱਚ ਮੱਦਦ ਕੀਤੀ ਹੈ। ਉਸ ਨੂੰ ਆਪਣੀ ਸਹੇਲੀ ਦੀ ਇੱਕ ਗੱਲ ਯਾਦ ਆਈ, ਜਿਸ ਨੇ ਦੱਸਿਆ ਸੀ ਕਿ ਉਹ ਆਪਣੀ ਮਾਂ ਦੀ ਮੌਤ ਤੋਂ ਬਾਅਦ ਡਿਪਰੈਸ਼ਨ ’ਚ ਚਲੀ ਗਈ ਸੀ ਤਾਂ ਉਸਨੇ ਲਿਖਣਾ ਸ਼ੁਰੂ ਕੀਤਾ। ਦੁੱਖ ਕਿਸੇ ਨੂੰ ਕਿੰਨਾਂ ਕੁ ਸੁਣਾ ਸਕਦੇ ਆਂ, ਕੋਈ ਸਮਝਦਾ, ਕੋਈ ਨਹੀਂ। ਇਸ ਲਈ ਲਿਖ ਕੇ ਸੋਸ਼ਲ ਮੀਡੀਆ ’ਤੇ ਪਾਉਣ ਲੱਗੀ। ਮਨ ਦੇ ਭਾਵ ਲਿਖਣ ਨਾਲ ਮਨ ਹਲਕਾ ਹੋਣ ਲੱਗਾ ਤੇ ਸੋਸ਼ਲ ਮੀਡੀਆ ’ਤੇ ਪਾਉਣ ਨਾਲ ਉਸਨੂੰ ਚੰਗਾ ਫਰੈਂਡ ਸਰਕਲ ਵੀ ਮਿਲਿਆ ਤੇ ਕਦੋਂ ਉਹ ਇੱਕ ਚੰਗੀ ਲੇਖਕ ਬਣ ਗਈ ਤੇ ਡਿਪਰੈਸ਼ਨ ’ਚੋਂ ਨਿਕਲ ਗਈ ਪਤਾ ਹੀ ਨਾ ਲੱਗਾ। ਕਿੰਨੇ ਲੋਕਾਂ ਦਾ ਇਕੱਲਾਪਣ ਦੂਰ ਹੋਇਆ।
ਇੰਨੇ ਨੂੰ ਮੁੰਡੇ ਨੇ ਫ਼ੋਨ ’ਤੇ ਇਕ ਮੈਸੇਜ ਦੇਖਿਆ। ਉਸਦੀ ਫੇਸਬੁੱਕ ’ਤੇ, ਇੰਸਟਾ ’ਤੇ ਪਾਈ ਰੀਲ ਉੱਪਰ ਬਹੁਤ ਵੀਊਜ਼ ਆਏ ਸਨ। ਇਕ ਡਾਇਰੈਕਟਰ ਦਾ ਮੈਸੇਜ ਸੀ, ਉਸਨੂੰ ਇਕ ਫਿਲਮ ’ਚ ਚੰਗੇ ਕੰਮ ਦਾ  ਆਫ਼ਰ ਸੀ। ਉਸੇ ਟਾਇਮ ਕਾੱਲ ਆ ਗਈ ਤੇ ਗੱਲਬਾਤ ਹੋ ਗਈ। ਮੁੰਡੇ ਨੇ ਜਦ ਗੁਰਦੇਵ ਕੌਰ ਨੂੰ ਦੱਸਿਆ ਤਾਂ ਦੋਵਾਂ ਨੇ ਜੱਫ਼ੀ ਪਾ ਲਈ ਤੇ ਖੁਸ਼ੀ ਦੇ ਹੰਝੂ ਵਹਿ ਤੁਰੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਡ ਬੌਂਦਲੀ ਵਿਖੇ 10 ਰੋਜਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ
Next articleਪਾਲੀ ਦੇਤਵਾਲੀਏ ਦਾ ਨਵਾਂ ਗੀਤ ‘ਆਖਰ ਤੁਰ ਜਾਣਾ’ ਡੀ. ਡੀ. ਪੰਜਾਬੀ ਤੇ ਅੱਜ