(ਸਮਾਜ ਵੀਕਲੀ)
ਕਿਸੇ ਨੇ ਉਘੇ ਕਵੀ ਬੂਲੇ ਸ਼ਾਹ ਨੂੰ ਪੁੱਛਿਆ ਸੀ ਕਿ ਰੱਬ ਨੂੰ ਕਿਵੇਂ ਪਾਇਆ ਜਾ ਸਕਦਾ ਹੈ ਤਾਂ ਬੂਲੇ ਸ਼ਾਹ ਨੇ ਜਬਾਬ ਦਿੱਤਾ ਕਿ” ਰੱਬ ਦਾ ਕੀ ਪਾਉਣਾ ਬੁਲਿਆਂ, ਇਧਰੋਂ ਪੁਟਿਆ ਇਧਰ ਲਾਉਣਾ” ਜੇ ਰੱਬ ਮਿਲਦਾ ਨਾਤਿਆਂ ਧੋਤਿਆਂ, ਤੇ ਰਬ ਮਿਲਦਾ ਡੱਡੂਆਂ-ਮਛੀਆਂ ਨੂੰ । ਜੇ ਰੱਬ ਮਿਲਦਾ ਜੰਗਲ ‘ਚ ਫਿਰਿਆਂ , ਤੇ ਰਬ ਮਿਲਦਾ ਗਊਆਂ ਵੱਛੀਆਂ ਨੂੰ ।
ਵੇ ਬੁੱਲਿਆ ਰੱਬ ਉਹਨਾਂ ਨੂੰ ਮਿਲਦਾ , ਨੀਯਤਾਂ ਅੱਛੀਆਂ ਤੇ ਸੱਚੀਆਂ ਨੂੰ ।
ਸਦੀਆਂ ਤੋਂ ਹੀ ਮਨੁੱਖ ਇਸ ਸਵਾਲ ਤੇ ਉਲਝਿਆ ਹੋਇਆ ਹੈ ਕਿ ਆਖਿਰ ਰੱਬ ਨੂੰ ਕਿਵੇਂ ਪਾਇਆ ਜਾ ਸਕੇ।ਖਾਸ ਕਰਕੇ ਭਾਰਤ ਵਿਚ ਰੱਬ ਦੇ ਨਾਂ ਕਿਨੇ ਹੀ ਸਥਾਨ ਵਿਕਸਤ ਹੋਏ ਹਨ ਅਤੇ ਲੱਗਭਗ 80% ਤੋਂ ਜ਼ਿਆਦਾ ਲੋਕ ਰੱਬ, ਸਵਰਗ, ਅਤੇ ਨਰਕ ਤੇ ਇਨ੍ਹਾਂ ਵਿਸ਼ਵਾਸ਼ ਕਰਦੇ ਹਨ ਕਿ ਉਹ ਇਸਦੀ ਅਲੋਚਨਾ ਸੁਣਨ ਨੂੰ ਬਿਲਕੁਲ ਵੀ ਤਿਆਰ ਨਹੀਂ ਹੁੰਦੇ। ਭੌਤਿਕ ਵਿਗਿਆਨੀ ਗੈਲੀਲੀਓ ਨੂੰ ਵੀ ਸਮੇਂ ਦੀ ਹਕੂਮਤ ਨੇ ਇਸ ਕਰਕੇ ਨਜ਼ਰਬੰਦ ਕਰ ਦਿੱਤਾ ਸੀ ਕਿ ਉਸ ਨੇ ਤੱਥਾਂ ਦੇ ਆਧਾਰ ਤੇ ਕਿਹਾ ਸੀ ਕਿ ਧਰਤੀ ਗੋਲ ਹੈ ਅਤੇ ਸੂਰਜ ਦੇ ਦੁਆਲੇ ਘੁੰਮਦੀ ਹੈ ਪਰ ਬਾਈਬਲ ਵਿੱਚ ਇਸ ਤੋਂ ਉਲਟ ਲਿਖਿਆ ਹੋਇਆ ਹੈ ਇਹ ਗੱਲ ਸ਼ਾਇਦ ਧਾਰਮਿਕ ਕੱਟੜਵਾਦ ਲੋਕਾਂ ਨੂੰ ਹਜ਼ਮ ਨਹੀਂ ਹੋਈ ਸੀ। ਇਸੇ ਕਰਕੇ ਇੱਕ ਮਹਾਨ ਵਿਗਿਆਨੀ ਨੂੰ ਜ਼ਹਿਰ ਦਾ ਪਿਆਲਾ ਦੇ ਦਿੱਤਾ ਗਿਆ। ਪਿਛੇ ਜਿਹੇ ਪੌਪ ਨੇ ਇੱਕ ਬਿਆਨ ਰਾਹੀ ਇਹ ਕਹਿਕੇ ਮੁਆਫੀ ਮੰਗੀ ਸੀ ਕਿ ਧਰਤੀ ਨੂੰ ਗੋਲ ਕਹਿਣ ਵਾਲਾ ਮਹਾਂ ਵਿਗਿਆਨੀ ਗੈਲੀਲਓ ਉਸ ਵੇਲੇ ਸਹੀ ਸੀ।
ਸਦੀਆਂ ਤੋਂ ਹੀ ਰਿਸ਼ੀਆਂ ਮੁਨੀਆਂ ਨੇ ਰੱਬ ਨੂੰ ਪਾਉਣ ਲਈ ਆਪਣੀ ਸਾਰੀ ਜ਼ਿੰਦਗੀ ਜੰਗਲਾ ਵਿਚ ਹੀ ਬਤੀਤ ਕੀਤੀ ਪਰ ਅੱਜ ਤੱਕ ਕੋਈ ਵੀ ਰੱਬ ਨੂੰ ਦੇਖਣ ਦਾ ਠੋਸ ਸਬੂਤ ਸਾਹਮਣੇ ਨਹੀਂ ਆਇਆ। ਭਾਰਤ ਵਿਚ ਰੱਬ, ਸਵਰਗ ਅਤੇ ਨਰਕ ਦੇ ਨਾਂ ਤੇ ਲੋਕਾਂ ਨੂੰ ਡਰਾਇਆ ਜਾਂਦਾ ਹੈ। ਬਹੁਤ ਸਾਰੇ ਲੋਕ ਸਵਾਲ ਕਰਦੇ ਹਨ ਕਿ ਅਗਰ ਦੁਨੀਆਂ ਵਿੱਚ ਸਚਮੁੱਚ ਰੱਬ ਦੀ ਕੋਈ ਹੋਂਦ ਹੈ ਅਤੇ ਕੋਈ ਸ਼ਕਤੀ ਹੈ ਤਾਂ ਫਿਰ ਮਨੁੱਖ ਅਤੇ ਕਿਸੇ ਦੇਸ ਨੂੰ ਮਿਹਨਤ ਕਰਨ ਦੀ ਕੀ ਲੋੜ ਹੈ। ਕਿਸੇ ਦੇਸ ਨੂੰ ਆਪਣੀ ਸੁਰੱਖਿਆ ਲਈ ਸੈਨਾ ਦੀ ਕੀ ਲੋੜ ਹੈ। ਸਦੀਆਂ ਤੋਂ ਭਾਰਤ ਵਿਚ ਰੱਬ ਦੇ ਨਾਂ ਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਅਤੇ ਖਸੁਟਿਆ ਜਾਂਦਾ ਰਿਹਾ ਹੈ।
ਦੁਨੀਆ ਵਿਚ ਇਹੋ ਜਿਹੇ ਵਿਕਸਤ ਦੇਸ਼ ਹਨ ਜਿਥੇ ਰੱਬ ਦੀ ਹੋਂਦ ਨੂੰ ਨਹੀਂ ਮੰਨਿਆ ਜਾਂਦਾ। ਕਈ ਵਾਰੀ ਪਛੜੇ ਹੋਏ ਦੇਸ਼ਾਂ ਦੀਆਂ ਸਰਕਾਰਾਂ ਰੱਬ ਅਤੇ ਧਰਮ ਦੇ ਨਾਂ ਤੇ ਵੋਟਾਂ ਲੈਕੇ ਸੱਤਾ ਤੇ ਕਾਬਜ਼ ਹੋ ਜਾਂਦੀਆਂ ਹਨ ਅਤੇ ਬਾਅਦ ਵਿੱਚ ਇਹੋ ਜਿਹੀਆਂ ਸਰਕਾਰਾਂ ਲੋਕਾਂ ਨੂੰ ਵਿਗਿਆਨ ਨਾਲ ਜੋੜਨ ਦੀ ਬਜਾਏ ਆਪਣੇ ਸਵਾਰਥ ਲਈ ਰੱਬ ਅਤੇ ਧਰਮ ਦੇ ਨਾਂ ਤੇ ਉਲਝਾਈ ਰੱਖਦੀਆਂ ਹਨ। ਰੱਬ ਨੂੰ ਮੰਨਣਾ ਜਾਂ ਨਾ ਮੰਨਣਾ ਕਿਸੇ ਵਿਅਕਤੀ ਦੀ ਆਪਣੀ ਨੀਜੀ ਸੋਚ ਹੋ ਸਕਦੀ ਹੈ ਪਰ ਸਰਕਾਰਾਂ ਨੂੰ ਦੇਸ਼ ਦੀ ਤਰੱਕੀ ਲਈ ਵਿਗਿਆਨ ਨੂੰ ਵੀ ਅਣਗੌਲਿਆਂ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਮਨੁੱਖ ਜੋ ਵੀ ਆਧੁਨਿਕ ਸਹੂਲਤਾਂ ਮਾਣ ਰਿਹਾ ਹੈ ਉਹ ਸਭ ਸਾਡੇ ਵਿਗਿਆਨੀਆ ਦੀ ਹੀ ਦੇਣ ਹੈ।
ਰੱਬ ਦੀ ਹੋਂਦ ਧਰਮ ਦੀ ਫ਼ਿਲਾਸਫੀ ਸਭਿਆਚਾਰ ਅਤੇ ਫ਼ਿਲਾਸਫੀ ਵਿੱਚ ਬਹਿਸ ਦਾ ਵਿਸ਼ਾ ਰਿਹਾ ਹੈ। ਰੱਬ ਦੀ ਹੋਂਦ ਵਾਸਤੇ ਅਤੇ ਰੱਬ ਦੀ ਹੋਂਦ ਦੇ ਵਿਰੁੱਧ ਤਰਕਾਂ ਦੀ ਇੱਕ ਵਿਸ਼ਾਲ ਵਿਭਿੰਨਤਾ ਨੂੰ ਅਧਿਆਤਮਕ, ਤਾਰਕਿਕ, ਅਨੁਭਵ-ਸਿੱਧ ਜਾਂ ਵਿ਼ਾਤਮਿਕ ਤੌਰ ਤੇ ਸ਼੍ਰੇਣੀ ਬੱਧ ਕੀਤਾ ਜਾ ਸਕਦਾ ਹੈ। ਰੱਬ ਦੀ ਹੋਂਦ ਦੀ ਦਾਰਸ਼ਨਿਕ ਚਰਚਾ ਦੀ ਪੱਛਮੀ ਪਰੰਪਰਾ ਪਲੈਟੋ ਅਤੇ ਅਰਸਤੂ ਨਾਲ ਸ਼ੁਰੂ ਹੁੰਦੀ ਹੈ। ਜਿਨ੍ਹਾ ਦੇ ਕੀਤੇ ਤਰਕਾਂ ਨੂੰ ਬ੍ਰਹਿਮੰਡੀ ਤੌਰ ਤੇ ਸ਼੍ਰੇਣੀਬੱਧ ਕੀਤਾ ਜਾਵੇਗਾ। ਰੱਬ ਦੀ ਹੋਂਦ ਲਈ ਹੋਰ ਤਰਕ ਸੈਂਟ ਐਨਸਲਮ ਵੱਲੋੰ ਪ੍ਰਸਤਾਵਿਤ ਕੀਤੇ ਗਏ ਹਨ, ਜਿਸ ਨੇ ਪਹਿਲਾ ਔਂਟੋਲੋਜੀਕਲ (ਸੱਤਾ ਗਿਆਨਆਤਮਿਕ) ਫਾਰਮੂਲਾਬੱਧ ਕੀਤਾ: ਇਬਨ ਰਸ਼ਦ (ਐਵਰੋਸ) ਅਤੇ ਐਕੁਈਨਜ਼ ਨੇ ਬ੍ਰਹਿਮੰਡੀ ਤਰਕ (ਕ੍ਰਮਵਾਰ ਕਲਾਮ ਤਰਕ ਅਤੇ ਪਹਿਲਾ ਰਸਤਾ) ਦੀਆਂ ਆਪਣੀਆਂ ਕਿਸਮਾਂ ਪੇਸ਼ ਕੀਤੀਆਂ: ਰੇਨ ਡਿਸਕਰੀਟਸ ਨੇ ਕਿਹਾ ਕਿ ਇੱਕ ਦਿਆਲੂ ਰੱਬ ਦੀ ਹੋਂਦ ਗਿਆਨ ਇੰਦਰੀਆਂ ਦੀ ਗਵਾਹੀ ਨੂੰ ਅਰਥ ਦੇਣ ਲਈ ਤਾਰਕਿਕ ਤੌਰ ਤੇ ਲਾਜ਼ਮੀ ਹੈ: ਅਤੇ ਇਮੈਨੂਅਲ ਕੈਂਟ ਨੇ ਤਰਕ ਕੀਤਾ ਕਿ ਰੱਬ ਦੀ ਹੋਂਦ ਚੰਗੇ ਦੀ ਹੋਂਦ ਤੋਂ ਬਣਾਈ ਜਾ ਸਕਦੀ ਹੈ।
ਜਿਹੜੇ ਫਿਲਾਸਫਰਾਂ ਨੇ ਰੱਬ ਦੀ ਹੋਂਦ ਵਿਰੁੱਧ ਤਰਕ ਦਿੱਤੇ ਓਨ੍ਹਾ ਵਿੱਚ ਡੇਵਿਡ ਹਿਊਮ, ਕਾਂਟ, ਨੀਤਸਜੇ ਅਤੇ ਬਰਟਰਾਂਡ ਰਸਲ ਮੌਜੂਦ ਹਨ। ਅਜੋਕੇ ਯੁੱਗ ਵਿੱਚ ਰੱਬ ਦੀ ਹੋੰਦ ਦਾ ਸਵਾਲ ਸਟੀਫ਼ਨ ਹਾਕਿੰਗ, ਫਰਾਂਸਿਸ ਕਾਲਿਨਸ, ਲਾਰੈਂਸ ਐੱਮ ਕਰਾਉਜ, ਰਿਚਰਡ ਡਾਕਿਨਜ਼ ਅਤੇ ਜਾਨ ਲੀਨਾਕਸ ਵਰਗੇ ਵਿਗਿਆਨਿਕਾਂ ਦੁਆਰਾ ਚਰਚਿਤ ਕੀਤਾ ਜਾਂਦਾ ਰਿਹਾ ਹੈ। ਅਗਰ ਸਿੱਟਾ ਕੱਢਿਆ ਜਾਵੇ ਤਾਂ ਹਰ ਇੱਕ ਇਨਸਾਨ ਵਾਸਤੇ ਰੱਬ ਦੀ ਪ੍ਰੀਭਾਸ਼ਾ ਅਲੱਗ ਅਲੱਗ ਹੋ ਸਕਦੀ ਕਈ ਲੋਕ ਮਾਂ ਨੂੰ ਰੱਬ ਮੰਨਦੇ ਹਨ। ਕਈ ਲੋਕ ਧਾਰਮਿਕ ਸਥਾਨਾਂ ਵਿੱਚ ਲੱਗੀ ਮੂਰਤੀ ਨੂੰ ਰੱਬ ਮੰਨਦੇ ਹਨ। ਅਜ਼ਾਦ ਦੇਸ਼ ਵਿਚ ਸਭ ਨੂੰ ਅਧਿਕਾਰ ਹੈ ਕਿ ਉਹ ਕਿਸੇ ਵੀ ਚੀਜ਼ ਜਾਂ ਇਨਸਾਨ ਨੂੰ ਰੱਬ ਮੰਨ ਸਕਦਾ ਹੈ। ਪਰ ਸਰਕਾਰਾ ਨੂੰ ਚਾਹੀਦਾ ਹੈ ਕਿ ਰੱਬ ਦੇ ਨਾਂ ਤੇ ਠੱਗੀਆਂ, ਚੋਰੀਆਂ ਰੋਕਣ ਲਈ ਕੁੱਝ ਕਦਮ ਜ਼ਰੂਰ ਚੁੱਕਣੇ ਚਾਹੀਦੇ ਹਨ।
ਕੁਲਦੀਪ ਸਿੰਘ ਰਾਮਨਗਰ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly