ਰਾਹਗੀਰ ਤੇ ਮਹੱਲਾਂ ਵਾਸੀ ਹੋਏ ਪ੍ਰੇਸ਼ਾਨ,ਪਹਿਲ ਦੇ ਆਧਾਰ ਤੇ ਹੋਵੇਗਾ ਹੱਲ- ਪ੍ਰਧਾਨ
ਮਹਿਤਪੁਰ, (ਸਮਾਜ ਵੀਕਲੀ) (ਵਿਸ਼ੇਸ਼ ਪ੍ਰਤੀਨਿਧੀ)– ਮਹਿਤਪੁਰ ਦੇ ਇਤਿਹਾਸਕ ਮੰਦਿਰ ਬਾਬਾ ਰਾਮ ਮਾਲੋ ਅਤੇ ਬਾਬਾ ਸੰਤ ਸਧਾਰਨ ਨੂੰ ਜਾਂਦੀ ਸੜਕ ਨੇ ਗਟਰ ਦਾ ਗੰਦਾ ਪਾਣੀ ਪੈਣ ਕਾਰਨ ਛੱਪੜ ਦਾ ਰੂਪ ਧਾਰਨ ਕਰ ਗਿਆ। ਜਿਸ ਨਾਲ ਛਿੰਝ ਗਰਾਊਂਡ ਨੂੰ ਜਾਣ ਵਾਲੇ ਖਿਡਾਰੀਆਂ , ਮੰਦਿਰ ਨੂੰ ਜਾਣ ਵਾਲੇ ਸ਼ਰਧਾਲੂਆਂ, ਰਾਹਗੀਰਾਂ ਸਮੇਤ ਸਮਰਾ ਮਹੱਲਾਂ ਅਤੇ ਕਸਬਾ ਮਹੱਲੇ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਬਾਰੇ ਜਾਣਕਾਰੀ ਦਿੰਦਿਆਂ ਨੰਬਰਦਾਰ ਅਰਵੀਨ ਬੂਟਾ ਨੇ ਦੱਸਿਆ ਕਿ ਇਹ ਸੜਕ ਬਾਬਾ ਰਾਮ ਮਾਲੋ ਤੋਂ ਮਹੱਲਾਂ ਕਸਬਾ ਅਤੇ ਮਹੱਲਾਂ ਸਮਰਾ ਨੂੰ ਜਾਂਦੀ ਹੈ ਇਸ ਦੀ ਹਲਾਤ ਕਾਫੀ ਸਮੇਂ ਤੋਂ ਬਹੁਤ ਤਰਸਯੋਗ ਬਣੀ ਹੋਈ ਹੈ। ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਤਪੁਰ ਵਾਰਡ ਨੰਬਰ 13 ਤੋਂ ਬ੍ਰਜੇਸ਼ ਕੁਮਾਰ ਅਤੇ ਬਚਨ ਸਿੰਘ ਨੇ ਦੱਸਿਆ ਕਿ ਅਸੀਂ ਸਾਰੇ ਮਹੱਲਾਂ ਨਿਵਾਸੀ ਨਰਕ ਭਰੀ ਜ਼ਿੰਦਗੀ ਜੀ ਰਹੇ ਹਾਂ। ਮਹੱਲੇ ਵਾਲਿਆਂ ਮੁਤਾਬਕ ਇਸ ਸੜਕ ਦੀ ਕਾਫੀ ਸਮੇਂ ਤੋਂ ਮੰਦੀ ਹਾਲਤ ਹੋਣ ਕਰਕੇ ਲੋਕਾਂ ਨੂੰ ਗੰਦੇ ਪਾਣੀ ਵਿਚ ਦੀ ਲੰਘਣਾਂ ਪੈ ਰਿਹਾ ਹੈ। ਮਹੱਲਾਂ ਨਿਵਾਸੀਆਂ ਮੁਤਾਬਕ ਉਹ ਇਸ ਸਮੱਸਿਆ ਬਾਰੇ ਨਗਰ ਪੰਚਾਇਤ ਮਹਿਤਪੁਰ ਦੇ ਕਾਰਜ ਸਾਧਕ ਅਫਸਰ ਨੂੰ ਲਿਖਤੀ ਰੂਪ ਵਿਚ ਵੀ ਜਾਣੂੰ ਕਰਵਾ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਇਸ ਸਮੱਸਿਆ ਤੇ ਕੋਈ ਕਾਰਵਾਈ ਨਾ ਹੋਣ ਕਰਕੇ ਇਸ ਸਮੱਸਿਆ ਤੋਂ ਉਨ੍ਹਾਂ ਨੂੰ ਰਾਹਤ ਨਹੀਂ ਮਿਲ ਸਕੀ। ਇਸ ਮੌਕੇ ਪੱਤਰਕਾਰਾਂ ਵੱਲੋਂ ਸਮੱਸਿਆ ਬਾਬਤ ਸਬੰਧਤ ਕੋਂਸਲਰ, ਅਤੇ ਨਗਰ ਪੰਚਾਇਤ ਮਹਿਤਪੁਰ ਦੇ ਕਾਰਜ ਸਾਧਕ ਅਫਸਰ ਨਾਲ ਫੋਨ ਤੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਮੌਕੇ ਤੇ ਮੌਜੂਦ ਟੇਕ ਚੰਦ ਜੇਈ, ਝਲਮਣ ਸਿੰਘ, ਗੁਰਬਚਨ ਸਿੰਘ ਸੰਧੂ, ਅਮਰੀਕ ਸਿੰਘ ਬਾਜਵਾ, ਭਗਵੰਤ ਸਿੰਘ ਜੱਬਲ, ਬਾਬਾ ਹਰਮੇਸ਼ ਚੰਦਰ, ਗੁਰਬਚਨ ਸਿੰਘ ਕੰਡਕਟਰ, ਦਵਿੰਦਰ ਸਿੰਘ, ਬਿਕਰਮ ਜੀਤ ਸਿੰਘ, ਨਸੀਬ ਕੁਮਾਰ ਨੇ ਦੱਸਿਆ ਕਿ ਸੜਕ ਵਿਚ ਬੁਰੀ ਤਰ੍ਹਾਂ ਟੁੱਟੀ ਹੋਣ ਕਰਕੇ ਵਿਚ ਟੋਏ ਪਏ ਹੋਏ ਹਨ ਉਤੋ ਗਟਰ ਟੁੱਟਾ ਹੋਣ ਕਰਕੇ ਇਨ੍ਹਾਂ ਟੋਇਆਂ ਵਿਚ ਗਟਰ ਦਾ ਗੰਦਾ ਪਾਣੀ ਭਰ ਜਾਂਦਾ ਹੈ ਜਿਸ ਨਾਲ ਬਦਬੂ ਆਉਂਦੀ ਰਹਿੰਦੀ ਹੈ ਅਤੇ ਕਾਫੀ ਸਮੇਂ ਤੋਂ ਸੜਕ ਵਿਚ ਖੜ੍ਹੇ ਪਾਣੀ ਵਿਚ ਮੱਛਰ ਪਲ ਰਿਹਾ ਹੈ ਜੋ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਦ੍ਰਿਸ਼ ਦੇਖ ਕੇ ਕੋਈ ਕਿਵੇਂ ਕਹਿ ਸਕਦਾ ਹੈ ਕਿ ਇਹ ਸਵੱਛ ਭਾਰਤ ਦੀ ਤਸਵੀਰ ਹੈ। ਪ੍ਰੈਸ ਵੱਲੋਂ ਰਾਬਤਾ ਕਰਨ ਤੇ ਇਸ ਮੌਕੇ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਹਰਮੇਸ਼ ਲਾਲ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਵਰੇਜ ਦੀ ਵੱਡੀ ਸਮੱਸਿਆ ਨੂੰ ਲੈ ਕੇ ਸਾਰੇ ਮਹਿਤਪੁਰ ਵਿਚ ਜੰਗੀ ਪੱਧਰ ਤੇ ਸੀਵਰੇਜ ਦਾ ਕੰਮ ਚਲ ਰਿਹਾ ਹੈ। ਇਸ ਦਾ ਬਕਾਇਦਾ ਕੰਪਨੀ ਨੂੰ ਠੇਕਾ ਵੀ ਦਿੱਤਾ ਗਿਆ ਹੈ ਕੰਪਨੀ ਵੱਲੋਂ ਮੇਨ ਬਜਾਰ ਮਹਿਤਪੁਰ, ਬਾਲੋਕੀ, ਹਸਪਤਾਲ ਰੋਡ, ਇਸਮਾਇਲ ਪੁਰ ਰੋਡ ਤੇ ਪਾਇਪ ਪਾਏ ਜਾ ਚੁੱਕੇ ਹਨ। ਇਸ ਰੋਡ ਤੇ ਜੋ ਸੀਵਰੇਜ ਦੀ ਸਮੱਸਿਆ ਹੈ ਉਸ ਦਾ ਹੱਲ ਵੀ ਇਕ ਦੋ ਦਿਨ ਵਿਚ ਕਰ ਦਿੱਤਾ ਜਾਵੇਗਾ। ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਹੈ। ਇਸ ਦਾ ਐਸਟੀਮੇਟ ਵੀ ਲਗਾਇਆ ਜਾ ਚੁੱਕਾ ਹੈ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਜਲਦੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।