ਜੋ ਬੀਜਾਂਗੇ ਉਹ ਹੀ ਵੱਢਾਂਗੇ

ਬੀਨਾ ਬਾਵਾ
 ਬੀਨਾ ਬਾਵਾ, ਲੁਧਿਆਣਾ
(ਸਮਾਜ ਵੀਕਲੀ)  ਦਿਲਪ੍ਰੀਤ ਆਪਣੇ ਫਲੈਟ ਦੀ ਬਾਲਕੋਨੀ ਵਿੱਚ ਆਪਣੇ ਦਾਦਾ ਜੀ ਕੋਲ ਬੈਠਾ ਸੀ , ਸ਼ਾਮ ਦਾ ਵੇਲਾ ਸੀ ਪਰ ਗਰਮੀ ਅਜੇ ਵੀ ਅੱਤ ਕਰਵਾਈ ਜਾਂਦੀ ਸੀ, ਲ਼ਗਦਾ ਸੀ ਕਿ ਸੂਰਜ ਦੇ ਛਿਪ ਜਾਣ ਬਾਦ ਵੀ ਤਪਸ਼ ਪਿੰਡੇ ਨੂੰ ਲੂਹ ਰਹੀ ਸੀ। ਉਸਨੇ ਕਿਹਾ,”ਦਾਦਾ ਜੀ, ਚੱਲੋ ਅੰਦਰ ਏਸੀ ਚਲਾ ਕੇ ਹੀ ਬੈਠੀਏ, ਇੱਥੇ ਤਾਂ ਬਹੁਤ ਗਰਮੀ ਲਗਦੀ ਆ, ਪਤਾ ਨੀਂ ਤੁਸੀ ਕਿਵੇਂ ਪੁਰਾਣੇ ਵੇਲਿਆਂ ਵਿੱਚ ਬਿਨਾਂ ਪੱਖੇ, ਏਸੀ ਤੋਂ ਹੀ ਰਹਿ ਲੈਂਦੇ ਸੀ, ਮੈਥੋਂ ਤਾਂ ਬਿਨਾਂ ਏਸੀ ਤੋਂ ਅੱਧਾ ਘੰਟਾ ਨੀਂ ਲੰਘਦਾ।”
       “ਹਾਂ,ਪੁੱਤ ਦਿਲਪ੍ਰੀਤ, ਤੂੰ ਕੀ, ਹੁਣ ਤਾਂ ਮੇਰੇ ਅਰਗੇ ਬੁੜ੍ਹੇ ਤੋਂ ਵੀ ਇਹ ਲੂਹੰਦੀ ਗਰਮੀ ਨੀਂ ਸਹਾਰੀ ਜਾਂਦੀ। ਅਸਲ ਵਿੱਚ ਸਾਡੇ ਪੁਰਾਣੇ ਵੇਲਿਆਂ ਵਿੱਚ ਤਾਂ ਕੁਦਰਤ ਹੀ ਮਿਹਰਬਾਨ ਹੁੰਦੀ ਸੀ, ਰੁੱਖਾਂ ਦੀ ਬਹੁਤਾਤ ਹੁੰਦੀ ਸੀ, ਹਰ ਘਰ ਦੇ ਖੁੱਲੇ ਵਿਹੜੇ ਵਿੱਚ ਦੋ ਚਾਰ ਰੁੱਖ ਤਾਂ ਹੁੰਦੇ ਹੀ ਸੀ, ਜਿਨ੍ਹਾਂ ਦੀ ਠੰਢੀ ਠੰਢੀ ਛਾਂ ਮਾਂ ਦੀ ਗੋਦ ਵਰਗੀ ਲਗਦੀ ਸੀ, ਉਦੋਂ ਪਾਣੀ ਛਿੜ੍ਹਕ ਕੇ ਰੁੱਖਾਂ ਥੱਲੇ ਦੁਪਹਿਰ ਵੇਲੇ ਵੀ ,ਥੋਡੇ ਅੱਜ ਦੇ ਏਸੀ ਨਾਲੋਂ ਵਧੇਰੇ ਠੰਢਕ ਦਿੰਦੇ ਸੀ।”
          ਦਿਲਪ੍ਰੀਤ ਵਿੱਚੋ ਹੀ ਗੱਲ ਕੱਟਦਿਆਂ ਪੁੱਛਣ ਲੱਗਾ,”ਦਾਦਾ ਜੀ, ਉਦੋਂ ਐਨੇ ਹੜ੍ਹ ਜਾਂ ਸੋਕੇ ਨੀਂ ਨੁਕਸਾਨ ਕਰਦੇ ਸੀ, ਅੱਜਕੱਲ ਤਾਂ ਹਰ ਸਾਲ ਹੀ ਹੜ੍ਹਾਂ ਵਿੱਚ ਕਿੰਨੇ ਹੀ ਲੋਕ ਮਰ ਜਾਂਦੇ ਨੇ, ਪਾਣੀ ਦਾ ਪੱਧਰ ਦਿਨ ਬ ਦਿਨ ਨੀਵਾਂ ਹੁੰਦਾ ਜਾ ਰਿਹਾ, ਪ੍ਰਦੂਸ਼ਣ ਐਨਾ ਵੱਧ ਗਿਆ ਕਿ ਸਾਹ ਲੈਣਾ ਵੀ ਔਖਾ ਲਗਦੈ।”
“ਪੁੱਤ, ਤੈਨੂੰ ਪਤੇ ਦੀ ਗੱਲ ਦੱਸਾਂ, ਅਸੀ ਜਿਹੋ ਜਿਹਾ ਬੀਜਾਂਗੇ, ਉਹੋ ਜਿਹਾ ਹੀ ਵੱਢਾਂਗੇ, ਪਹਿਲਾਂ ਲੋਕ ਕੁਦਰਤ ਨੂੰ ਸਜਦਾ ਕਰਦੇ ਸੀ, ਸਾਂਭਦੇ ਸੀ, ਰੁੱਖ ਲਗਾਉਂਦੇ ਤੇ ਪੁੱਤ ਵਾਂਗ ਪਾਲਦੇ ਸੀ, ਪਾਣੀ ਨੂੰ ਜਲ਼ ਦੇਵਤਾ ਮੰਨਦੇ ਸੀ, ਪੂਜਦੇ ਸੀ ਤਾਂ ਕੁਦਰਤ ਦੀ ਗੋਦ ਵਿੱਚ ਮਾਂ ਵਰਗਾ ਨਿੱਘ ਮਾਣਦੇ ਸੀ … ਤੇ ਹੁਣ … ਸਵਾਰਥ ‘ ਚ ਅੰਨਾ ਹੋਇਆ ਮਨੁੱਖ ਕੁਦਰਤ ਨਾਲ਼ ਹੀ ਖਿਲਵਾੜ ਕਰਨੋਂ ਬਾਜ ਨੀਂ ਆ ਰਿਹਾ, ਕਿਧਰੇ ਫੈਕਟਰੀਆਂ ਦਾ ਧੂੰਆਂ ਗੰਧਲਾ ਕਰ ਰਿਹਾ ਵਾਤਾਵਰਣ ਨੂੰ, ਕਿਤੇ ਆਹ 25/30 ਮੰਜ਼ਿਲੇ ਫ਼ਲੈਟ ਉਸਾਰ ਕੇ ਰੱਬ ਨੂੰ ਛੋਹਣ ਦੀ ਕੋਸ਼ਿਸ਼ ਕਰ ਰਿਹਾ ਮਨੁੱਖ , ਰੁੱਖਾਂ ਨੂੰ ਕੱਟ ਕੱਟ ਕੇ ਸ਼ਹਿਰ ਵਸਾਈ ਜਾਂਦਾ, ਪਹਾੜਾਂ ਨੂੰ ਕੱਟ ਕੱਟ ਕੇ ਸੜਕਾਂ ਬਣਾਈ ਜਾਂਦਾ, ਧਰਤੀ ਮਾਂ ਦੀ ਹਿੱਕ ਫ਼ੋਲ-ਫੋਲ ਕੇ, ਸਬਮਰਸੀਬਲ ਪੰਪ ਲਗਾ ਕੇ ਖੋਖਲੀ ਕਰੀ ਜਾਂਦਾ ਉਹਨੂੰ… ਫੇਰ ਇਹ ਪ੍ਰਦੂਸ਼ਣ, ਤਪਸ਼ ਤੇ ਮਹਾਂ ਮਾਰੀ ਵਰਗੇ ਪ੍ਰਕੋਪ ਹੀ ਤਾਂ ਭੋਗਣੇ ਪੈਣੇ ਨੇ। ਜੇ ਅਜੇ ਵੀ ਨਾ ਸੰਭਲਿਆ ਤਾਂ ਥੋਡੀ ਅਗਲੀ ਪੀੜ੍ਹੀ ਤਾਂ ਕੁਦਰਤੀ ਨਿਆਮਤਾਂ ਤੋਂ ਵਾਂਝੀ ਤਾਂ ਰਹੇਗੀ ਹੀ ਰਹੇਗੀ ਤੇ ਓਜ਼ੋਨ ਪਰਤ ਖ਼ਤਮ ਕਰ ਕੇ ਸੜਕਾਂ ਤੇ ਹੀ ਬੈਂਗਣ ਦੇ ਭੜ੍ਹਥੇ ਵਾਂਗੂੰ ਭੁੱਜ ਜਾਇਆ ਕਰਨਗੇ।”ਦਾਦਾ ਜੀ ਨੇ ਚਿੰਤਾਤੁਰ ਹੋ ਕੇ ਕਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਖੇਰੂ
Next articleਲਕੀਰ ਤੋਂ ਹੱਟ ਕੇ ਲਿੱਖਣ ਵਾਲਾ ਲੇਖਕ – ਬਲਦੇਵ ਸਿੰਘ ਬੇਦੀ