(ਸਮਾਜ ਵੀਕਲੀ)
ਚਿਰਾਂ ਪਿੱਛੋਂ ਮੁੜੇ ਨੀਂ
ਪਖੇਰੂ ਘਰ ਅੰਮੀਏ ਨੀਂ
ਬੱਦਲਾਂ ਤੋਂ ਤੇਲ ਨੀਂ ਚੁਆ ਲਿਆ ।
ਨੱਚ ਪਈਆਂ ਜੂਹਾਂ ਤੇ
ਉਜਾੜ੍ਹਾਂ ਵਿੱਚੋਂ ਆਉਣ ਮਹਿਕਾਂ
ਪੌਣਾ ਭੱਜ ਗਲ਼ ਨਾਲ ਲਾ ਲਿਆ ।
ਮਿਲਣੇ ਨੂੰ ਕਦੋਂ ਦੀ
ਉਡੀਕੇ ਕੁੱਖ ਧਰਤੀ ਦੀ
ਬਾਹੋਂ ਫੜ ਬੁੱਕਲੇ ਬਿਠਾ ਲਿਆ ।
ਚੀਕਣ ਕਿਵਾੜ ਵੇਹੰਦੇ
ਰਾਹਾਂ ਸੁੱਖਾਂ ਲੱਧਿਓ ਵੇ
ਹਾੜਾ ਮੱਲਾ ਚਿੱਤੋਂ ਕਿਉਂ ਭੁਲਾ ਲਿਆ ।
ਵਿਹੜ੍ਹੇ ਦੇ ਬਰੋਟੇ ਖੇਡੇ
ਕਾਟੋ ਗਭਰੇਟ ਕੋਈ
ਸੰਗਦੀ ਨੇ ਮੁੱਖੜਾ ਛੁਪਾ ਲਿਆ ।
ਬੰਨੇ ਤੇ ਬਨੇਰਿਆਂ ਨੂੰ
ਖ਼ੈਰਸਾਂ ਮੈਂ ਅੰਮੀਏ ਨੀਂ
“ਰੱਬ ਰਾਖਾ” ਕਹਿ ਕੇ ਸਮਝਾ ਲਿਆ ।
ਰੁੱਸ-ਰੁੱਸ ਬਹਿੰਦੀਆਂ ਨੇ
ਕੰਧਾਂ ਤੇਰੇ ਘਰ ਦੀਆਂ
ਵਾਸਤਾ ਮੈਂ ਯਾਰੀ ਵਾਲਾ ਪਾ ਲਿਆ ।
ਦਿੰਦੇ ਰਹੇ ਦਿਲਾਸੇ ਮੈਨੂੰ
ਝੱੜੇ ਪੱਤ ਟਾਹਲੀ ਵਾਲੇ
ਹੌਂਓਕਾ ਮੇਰੇ ਹੌਂਓਕੇ ‘ਚ ਰਲ਼ਾ ਲਿਆ ।
ਭਾਂ-ਭਾਂ ਕਰੇ ਹੁਣ
ਸੁਲੱਖਣੀ ਹਵੇਲੀ ਤੇਰੀ
ਚੰਦਰੇ ਸਨਾਟੇ ਇਹਨੂੰ ਖਾ ਲਿਆ ।
ਸੁੰਨੀਂਆਂ ਉਦਾਸ ਰਾਹਾਂ
ਲਾਉਣ ਜਾ ਸੁਨੇਹੜੇ ਕੀਹਨੂੰ
ਦਰ-ਦਰ ਜੰਦਰਾ ਜੋ ਲਾ ਲਿਆ ।
ਡੰਡੀ, ਪਿੰਡੋਂ ਖੂਹ ਵਾਲੀ
ਆਖੇ, ਵਾਲੀ-ਵਾਰਸੋ ਵੇ
ਗੋਡੇ-ਗੋਡੇ ਭੱਖੜਾ ਚੜ੍ਹਾ ਲਿਆ ।
ਖੂਹ ਪੁੱਛੇ ਮੋਣ ਤਾਂਈਂ
ਅੜੇ, ਜਾ ਸੁਨੇਹਾ ਲਾਈਂ
ਉਂਝ ਅਸਾਂ ਮਨ ਪਤਿਆ ਲਿਆ ।
ਚੱਪਾ ਚੱਪਾ ਉੱਖੜੀ ਪਈ
ਯਾਦਾਂ ਦੀ ਸੰਦੂਕੜੀ ਨੀਂ
ਮਾਏ ਰੰਗ -ਰੂਪ ਹੀ ਗਵਾ ਲਿਆ
ਦੀਪ ਸੰਧੂ
+61 459 966 392