(ਸਮਾਜ ਵੀਕਲੀ)
ਜਾਦੂਗਰ ਅਪਣੀ ਕਲਾ ਐਸੀ ਦਿਖਾਓਂਦਾ ਹੈ
ਚੰਗਿਆਂ ਭਲਿਆਂ ਨੂੰ ਵੀ ਮੂਰਖ਼ ਬਣਾਓਂਦਾ ਹੈ
ਵਾਅਦਿਆਂ ਦੀ ਡੁਗਡੁਗੀ ਪਹਿਲਾਂ ਵਜਾਓਂਦਾ ਹੈ
ਜ਼ੁਮਲਿਆਂ ਦੀ ਬੰਸਰੀ ਮਗਰੋਂ ਸੁਣਾਓਂਦਾ ਹੈ
ਭੀੜ੍ਹ ਵਾਲੀ ਥਾਂ ਉਹ ਪਹਿਲਾਂ ਭਾਲਦਾ ਤੇ ਫਿਰ
ਬੈਠ ਕੇ ਉਸ ਥਾਂ ਤੇ ਉਹ ਮਜਮਾਂ ਲਗਾਓਂਦਾ ਹੈ
ਚਮਤਕਾਰੀ ਓਸ ਦਾ ਥੈਲਾ ਜਿਹਦੇ ਵਿੱਚੋਂ
ਜੋ ਤੁਸੀਂ ਮੰਗਦੇ ਹੋ ਓਹੀ ਕੱਢ ਦਿਖਾਓਂਦਾ ਹੈ
ਆਪਣੀ ਸੰਮੋਹਨ ਕਲਾ ਨੂੰ ਵਰਤ ਉਹ ਅਕਸਰ
ਕੱਚ ਦੇ ਟੁਕੜੇ ਨੂੰ ਵੀ ਹੀਰਾ ਦਿਖਾਓਂਦਾ ਹੈ
ਭੀੜ੍ਹ ਉੱਤੇ ਫੂਕਦਾ ਉਹ ਆਪਣਾ ਮੰਤਰ
ਜਦ ਕਦੇ ਵੀ ਧਰਮ ਦਾ ਮੁੱਦਾ ਉਠਾਓਂਦਾ ਹੈ
ਅੱਗ ਦੀ ਉਹ ਖੇਡ ਖੇਡਣ ਤੋਂ ਵੀ ਨਾ ਡਰਦਾ
ਸ਼ਾਂਤ ਪਾਣੀਆਂ ਨੂੰ ਵੀ ਲਾਂਬੂ ਲਗਾਓਂਦਾ ਹੈ
ਸ਼ਾਮ ਸੁੰਦਰ ਕਪੂਰ
ਪਿੰਡ ਪੋਸ਼ੀ, ਤਹਿ ਗੜ੍ਹਸ਼ੰਕਰ (ਹੁਸ਼ਿਆਰਪੁਰ )
ਫੋਨ :- 9463740212
ਵਲੋਂ ਬਲਵੀਰ ਚੌਪੜਾ ਗੜ੍ਹਸ਼ੰਕਰ