ਜ਼ਿਲ੍ਹਾ ਪ੍ਰਸ਼ਾਸਨ ਨੇ ਗਲਤ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ -ਪਿੰਡ ਰੰਧਾਵਾ ਮਸੰਦਾ ਦੇ ਮਾਮਲੇ ਵਿੱਚ ਬਣਦੀ ਕਾਰਵਾਈ ਕਰੇ ਚੋਣ ਕਮਿਸ਼ਨ
ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਹੈ ਕਿ ਸੂਬਾ ਚੋਣ ਕਮਿਸ਼ਨ ਜਲੰਧਰ ਵਿੱਚ ਪਿੰਡ ਰੰਧਾਵਾ ਮਸੰਦਾ ਦੇ ਪੰਚ ਦੀ ਸਹੁੰ ਚੁਕਾਉਣ ਦੇ ਮਾਮਲੇ ਦਾ ਨੋਟਿਸ ਲਵੇ। ਉਨ੍ਹਾਂ ਕਿਹਾ ਕਿ 15 ਅਕਤੂਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਵਿੱਚ ਜਲੰਧਰ ਦੇ ਬਲਾਕ ਪੱਛਮੀ ਵਿੱਚ ਪੈਂਦੇ ਪਿੰਡ ਰੰਧਾਵਾ ਮਸੰਦਾ ਦੇ ਵਾਰਡ ਨੰਬਰ ਚਾਰ ਦੀ ਗਿਣਤੀ ਵਿੱਚ ਰਿਟਰਨਿੰਗ ਅਫਸਰ ਵੱਲੋਂ ਹਰਜਿੰਦਰ ਕੁਮਾਰ ਨੂੰ ਜੇਤੂ ਪੰਚ ਐਲਾਨਿਆ ਗਿਆ ਸੀ। ਇਸ ਦੀ ਵੀਡੀਓਗ੍ਰਾਫੀ ਹੋਈ ਸੀ ਤੇ ਗਿਣਤੀ ਦੌਰਾਨ ਹਰਜਿੰਦਰ ਕੁਮਾਰ ਦੇ ਨੁਮਾਇੰਦੇ ਦੇ ਤੌਰ ‘ਤੇ ਰਣਜੀਤ ਮਾਹੀ ਤੇ ਦੂਜਾ ਉਮੀਦਵਾਰ ਵੀ ਮੌਜੂਦ ਸੀ। ਗਿਣਤੀ ਬਿਲਕੁਲ ਸ਼ਾਂਤਪੂਰਨ ਹੋਈ ਤੇ ਰਿਟਰਨਿੰਗ ਅਫਸਰ ਨੇ ਪਵਨ ਕੁਮਾਰ ਦੇ ਮੁਕਾਬਲੇ ਹਰਜਿੰਦਰ ਕੁਮਾਰ ਨੂੰ ਵਾਰਡ ਚਾਰ ਤੋਂ ਜੇਤੂ ਐਲਾਨਿਆ ਅਤੇ ਉਸ ਨੂੰ ਮੌਕੇ ‘ਤੇ ਚੋਣ ਕਮਿਸ਼ਨ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਗਿਆ, ਪਰ ਵੋਟਾਂ ਹੋਣ ਤੋਂ ਕਰੀਬ 25 ਦਿਨ ਬਾਅਦ ਪਿੰਡ ਵਿੱਚ ਇਸ ਚੋਣ ਸਬੰਧੀ ਰਿਕਾਰਡ ਦੀਆਂ ਕਾਪੀਆਂ ਵਾਇਰਲ ਕੀਤੀਆਂ ਗਈਆਂ ਤੇ ਦੂਜੀ ਧਿਰ ਪਵਨ ਕੁਮਾਰ ਨੇ ਪਿੰਡ ਵਿੱਚ ਦੱਸਿਆ ਕਿ ਰਿਕਾਰਡ ਵਿੱਚ ਉਸ ਨੂੰ ਜੇਤੂ ਦੱਸਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੇ ਵੱਲੋਂ ਇਸ ਸਬੰਧੀ ਚੋਣਾਂ ‘ਚ ਜੇਤੂ ਐਲਾਨੇ ਗਏ ਉਮੀਦਵਾਰ ਹਰਜਿੰਦਰ ਕੁਮਾਰ ਨੂੰ ਕੋਈ ਸੰਪਰਕ ਕਰਕੇ ਇਸ ਸਬੰਧੀ ਸੂਚਨਾ ਨਹੀਂ ਦਿੱਤੀ। ਪਰ ਪਿੰਡ ਵਿੱਚ ਚੱਲ ਰਹੀ ਹੈ ਇਸ ਗੱਲ ਬਾਰੇ ਹਰਜਿੰਦਰ ਕੁਮਾਰ ਤੇ ਉਸਦੇ ਸਾਥੀਆਂ ਨੇ ਪ੍ਰਸ਼ਾਸਨ ਦੇ ਏਡੀਸੀ ਵਿਕਾਸ ਬੁੱਧੀਰਾਜ ਸਿੰਘ ਨਾਲ ਜ਼ਰੂਰ ਮੁਲਾਕਾਤ ਕੀਤੀ ਸੀ। ਉਸ ਸਮੇਂ ਬੁੱਧੀਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਵਨ ਕੁਮਾਰ ਨੂੰ ਰਿਜਲਟ ਦੀ ਸਿਰਫ ਸਰਟੀਫਾਈ ਕਾਫੀ ਹੀ ਦਿੱਤੀ ਗਈ ਹੈ, ਬਾਕੀ ਫੈਸਲਾ ਚੋਣ ਪਟੀਸ਼ਨ ਰਾਹੀਂ ਹੋਣਾ ਹੈ। ਪਰ ਹੈਰਾਨੀ ਉਦੋਂ ਹੋਈ ਜਦੋਂ 19 ਨਵੰਬਰ ਨੂੰ ਹੋਏ ਪੰਚਾਂ ਦੇ ਸਹੁੰ ਚੁੱਕ ਸਬੰਧੀ ਪ੍ਰੋਗਰਾਮ ਬਾਰੇ ਬੀਡੀਪੀਓ ਬਲਾਕ ਪੱਛਮੀ ਵੱਲੋਂ ਪੰਚ ਦੇ ਤੌਰ ‘ਤੇ ਗਿਣਤੀ ਵਿੱਚ ਹਾਰੇ ਹੋਏ ਉਮੀਦਵਾਰ ਨੂੰ ਸਹੁੰ ਚੁਕਾਉਣ ਦੀ ਗੱਲ ਕੀਤੀ ਗਈ ਤੇ ਜੇਤੂ ਐਲਾਨੇ ਉਮੀਦਵਾਰ ਨੂੰ ਸਹੁੰ ਚੁਕਾਉਣ ਲਈ ਨਾਂਹ ਨੁੱਕਰ ਕੀਤੀ ਗਈ। ਇਸ ਸਬੰਧੀ ਜੇਤੂ ਐਲਾਨੇ ਪੰਚ ਹਰਜਿੰਦਰ ਕੁਮਾਰ ਵੱਲੋਂ ਪ੍ਰਸ਼ਾਸਨ ਦੀ ਇਸ ਕਰਵਾਈ ਦਾ ਵਿਰੋਧ ਦਰਜ ਕਰਵਾਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਜਿੰਦਰ ਕੁਮਾਰ ਨੂੰ ਸਹੁੰ ਚੁਕਾਉਣ ਦੇ ਲਈ ਤਿਆਰ ਹੋਇਆ ਤੇ ਹਰਜਿੰਦਰ ਕੁਮਾਰ ਨੇ 19 ਨਵੰਬਰ ਦੇ ਸਹੁੰ ਚੁੱਕ ਸਮਾਗਮ ਵਿੱਚ ਪੰਚ ਵਜੋਂ ਸਹੁੰ ਚੁੱਕੀ l
ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਪ੍ਰਸਾਸ਼ਨ ਦੇ ਇਸ ਰਵਈਏ ਦਾ ਨੋਟਿਸ ਲੈ ਕੇ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਪ੍ਰਸ਼ਾਸ਼ਨ ਨੇ ਪਵਨ ਕੁਮਾਰ, ਜਿਸਨੂੰ ਚੋਣ ਕਮਿਸ਼ਨ ਵੱਲੋਂ ਅਜੇ ਜੇਤੂ ਐਲਾਨਿਆ ਹੀ ਨਹੀਂ ਗਿਆ, ਕੀ ਉਸਨੂੰ ਵੀ ਸਹੁੰ ਚੁਕਾਈ ਹੈ ਜਾਂ ਉਸਨੇ ਆਪਣੇ ਤੌਰ ‘ਤੇ ਚੁੱਕੀ ਹੈ। ਜੇਕਰ ਅਜਿਹਾ ਹੋਇਆ ਹੈ ਤਾਂ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਨੂੰ ਨੋਟਿਸ ਲੈ ਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜ਼ਿਲ੍ਹਾ ਜਲੰਧਰ ਪ੍ਰਸ਼ਾਸ਼ਨ ਨੇ ਸੂਬੇ ਭਰ ਵਿੱਚ ਗਲਤ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਚੋਣ ਲੜ ਰਹੇ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਕੀਤੀ ਗਈ ਗਿਣਤੀ ਤੇ ਐਲਾਨੇ ਗਏ ਨਤੀਜੇ ਨੂੰ ਪ੍ਰਸਾਸ਼ਨ ਨੇ ਸਹੀ ਨਹੀਂ ਮੰਨਣਾ ਅਤੇ ਰਿਟਰਨਿੰਗ ਅਫਸਰ ਵੱਲੋਂ ਬਾਅਦ ਵਿੱਚ ਇਕੱਲੇ ਦੇ ਤੌਰ ‘ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਗ਼ੈਰ ਹਾਜ਼ਰੀ ਵਿੱਚ ਲਿਖੇ ਰਿਕਾਰਡ ਨੂੰ ਪ੍ਰਸ਼ਾਸ਼ਨ ਨੇ ਫਾਈਨਲ ਮੰਨਣਾ ਹੈ ਤਾਂ ਲੋਕਤੰਤਰਿਕ ਵਿਵਸਥਾ ਲਈ ਇਸਦੇ ਬਹੁਤ ਹੀ ਖਤਰਨਾਕ ਸਿੱਟੇ ਹੋਣਗੇ। ਫੇਰ ਵੋਟਾਂ ਦੀ ਗਿਣਤੀ ਵੇਲੇ ਐਲਾਨੇ ਨਤੀਜੇ ਅੰਤਿਮ ਨਹੀਂ ਰਹਿ ਜਾਣਗੇ। ਬਸਪਾ ਆਗੂ ਨੇ ਕਿਹਾ ਕਿ ਪ੍ਰਸਾਸ਼ਨ ਦੀ ਇਸ ਪਿਰਤ ਨਾਲ ਚੋਣਾਂ ਤੇ ਉਸ ਦਿਨ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਕੀਤੀ ਜਾਣ ਵਾਲੀ ਗਿਣਤੀ ਤੇ ਐਲਾਨੇ ਜਾਣ ਵਾਲੇ ਨਤੀਜਿਆਂ ਦਾ ਕੋਈ ਮਤਲਬ ਨਹੀਂ ਰਹਿ ਜਾਵੇਗਾ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਸਾਰੇ ਮਾਮਲੇ ਦਾ ਨੋਟਿਸ ਲੈ ਕੇ ਕਰਵਾਈ ਕਰਨੀ ਚਾਹੀਦੀ ਹੈ ਤੇ ਅਜਿਹੀ ਗਲਤ ਪਿਰਤ ਨਹੀਂ ਪੈਣੀ ਚਾਹੀਦੀ, ਜਿਹੋ ਜਿਹੀ ਜ਼ਿਲ੍ਹਾ ਜਲੰਧਰ ਪ੍ਰਸ਼ਾਸ਼ਨ ਵੱਲੋਂ ਪਿੰਡ ਰੰਧਾਵਾ ਮਸੰਦਾਂ ਦੇ ਮਾਮਲੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly