ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਮੌਸਮ ਦੇ ਆਏ ਬਦਲਾਅ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਜਿਵੇਂ-ਜਿਵੇਂ ਮੌਸਮ ਠੰਡਾ ਹੁੰਦਾ ਹੈ (ਸਤੰਬਰ/ਅਕਤੂਬਰ ਤੋਂ ਫਰਵਰੀ/ਮਾਰਚ), ਹਵਾ ਦੀ ਗੁਣਵੱਤਾ ਵਿਗੜਨਾ ਸ਼ੁਰੂ ਹੋ ਜਾਂਦੀ ਹੈ। ਵਿਗੜਦਾ ਹਵਾ ਗੁਣਵੱਤਾ ਸੂਚਕ ਉਨ੍ਹਾਂ ਲੋਕਾਂ ਵਿੱਚ ਰੋਗ ਅਤੇ ਮੌਤ ਦੇ ਦਰ ਨੂੰ ਵਧਾਉਂਦਾ ਹੈ ਜੋ ਇਸ ਦੇ ਸੰਪਰਕ ਵਿੱਚ ਆਉਂਦੇ ਹਨ, ਖਾਸ ਕਰਕੇ ਕਮਜ਼ੋਰ ਆਬਾਦੀ ਜਿਵੇਂ ਕਿ ਬੱਚੇ, ਗਰਭਵਤੀ ਔਰਤਾਂ, ਬਜ਼ੁਰਗ, ਲੰਬੇ ਸਮੇਂ ਤੋਂ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕ ਆਦਿ।
ਸਿਵਲ ਸਰਜਨ ਨੇ ਦੱਸਿਆ ਕਿ ਹੇਠ ਲਿਖੇ ਉਪਾਅ ਕਰਕੇ ਹਵਾ ਪ੍ਰਦੂਸ਼ਣ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ:-
• ਹਵਾ ਪ੍ਰਦੂਸ਼ਣ ਦੇ ਸੰਪਰਕ ਨੂੰ ਘੱਟ ਕਰਨ ਲਈ ਜਿਆਦਾ ਹਵਾ ਪ੍ਰਦੂਸ਼ਣ ਵਾਲੀਆਂ ਥਾਵਾਂ ਤੇ ਜਾਣ ਤੋਂ ਪਰਹੇਜ਼ ਕਰੋ।
• ਹਵਾ ਪ੍ਰਦੂਸ਼ਣ ਦੇ ਵਧੇ ਹੋਏ ਪੱਧਰ ਦੇ ਨਤੀਜੇ ਸਿਹਤ ਲਈ ਖ਼ਤਰਨਾਕ ਹੋ ਸਕਦੇ ਹਨ। ਦਿਨ ਲਈ ਆਪਣੀਆਂ ਬਾਹਰੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਏਕਿਯੂਆਈ ਦੀ ਜਾਂਚ ਕਰੋ। ਏਕਿਯੂਆਈ ਦੀ ਜਾਂਚ ਕਰਨ ਲਈ ਵੈੱਬਸਾਈਟ: ਸੀਪੀਸੀਬੀ (CPCB) ਅਤੇ ਕੁਝ ਭਰੋਸੇਮੰਦ ਮੋਬਾਈਲ ਐਪਲੀਕੇਸ਼ਨਾ ਰਾਹੀਂ ਅਤੇ ਖਬਰਾਂ ਜਾਂ ਮੀਡੀਆ ਦੇ ਰਾਹੀਂ ਪਤਾ ਲਗਾਓ।
• ਖਰਾਬ ਤੋਂ ਗੰਭੀਰ ਹਵਾ ਪ੍ਰਦੂਸ਼ਣ ਦੇ ਦਿਨਾਂ ਵਿੱਚ ਸਵੇਰ ਅਤੇ ਦੇਰ ਸ਼ਾਮ ਬਾਹਰ ਦੀ ਸੈਰ ਕਰਨ ਤੋਂ ਪਰਹੇਜ਼ ਕਰੋ।
• ਜਾਗਿੰਗ, ਦੌੜਨ ਜਾਂ ਹੋਰ ਮਿਹਨਤ ਵਾਲੀਆਂ ਸਰੀਰਕ ਗਤੀਵਿਧੀਆਂ ਤੋਂ ਪਰਹੇਜ਼ ਕਰੋ।
• ਸਵੇਰ ਅਤੇ ਦੇਰ ਸ਼ਾਮ ਦੇ ਸਮੇਂ ਬਾਹਰੀ ਦਰਵਾਜ਼ੇ ਅਤੇ ਖਿੜਕੀਆਂ ਖੋਲ੍ਹਣ ਤੋਂ ਪਰਹੇਜ਼ ਕਰੋ।
• ਜੇ ਜ਼ਰੂਰੀ ਹੋਵੇ ਤਾਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਕਮਰਿਆਂ ਨੂੰ ਹਵਾਦਾਰ ਕਰੋ।
• ਜੇ ਵਿਅਕਤੀ ਨੂੰ ਸਾਹ ਲੈਣ ਵਿੱਚ ਮੁਸ਼ਕਲ, ਖੰਘ, ਛਾਤੀ ਵਿੱਚ ਬੇਆਰਾਮੀ ਜਾਂ ਦਰਦ ਹੁੰਦਾ ਹੈ, ਚੱਕਰ ਆਉਣਾ, ਅੱਖਾਂ ਵਿੱਚ ਜਲਣ ਜਾਂ ਲਾਲਗੀ ਆਉਣ ਤੇ ਤੁਰੰਤ ਨਜ਼ਦੀਕੀ ਡਾਕਟਰ ਨਾਲ ਸਲਾਹ ਕਰੋ।
• ਕਿਸੇ ਵੀ ਕਿਸਮ ਦੀ ਲੱਕੜ, ਪੱਤਿਆਂ, ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੁੱਲ੍ਹੇ ਵਾਤਾਵਰਣ ਵਿੱਚ ਨਾ ਸਾੜੋ ਕਿਉਂਕਿ ਇਹ ਹਵਾ ਪ੍ਰਦੂਸ਼ਣ ਨੂੰ ਹੋਰ ਵਿਗਾੜਦਾ ਹੈ।
• ਪਟਾਕੇ ਸਾੜਨ ਤੋਂ ਪਰਹੇਜ਼ ਕਰੋ।
• ਹਵਾ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਘਟਾਉਣ ਲਈ, ਐਂਟੀਆਕਸੀਡੈਂਟਾਂ ਨਾਲ ਭਰਪੂਰ ਮੌਸਮੀ ਫਲ ਅਤੇ ਸਬਜ਼ੀਆਂ ਖਾਓ ਅਤੇ ਹਾਈਡ੍ਰੇਸ਼ਨ ਬਣਾਈ ਰੱਖਣ ਲਈ ਲੋੜੀਂਦਾ ਪਾਣੀ ਪੀਓ।
• ਲੰਬੇ ਸਮੇ ਤੋਂ ਸਾਹ ਦੀਆਂ ਜਾਂ ਦਿਲ ਦੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ, ਗਰਭਵਤੀ ਔਰਤਾਂ, ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਪ੍ਰਦੂਸ਼ਿਤ ਹਵਾ ਦੇ ਸੰਪਰਕ ਤੋਂ ਬਚਣਾ ਚਾਹੀਦਾ ਹੈ।
• ਖਰਾਬ ਤੋਂ ਗੰਭੀਰ ਹਵਾ ਪ੍ਰਦੂਸ਼ਣ ਦੇ ਦਿਨਾਂ ਵਿੱਚ ਜੇ ਸੰਭਵ ਹੋਵੇ ਤਾਂ ਐਨ 95 ਜਾਂ ਐਨ 99 ਮਾਸਕ ਦੀ ਵਰਤੋਂ ਕਰੋ। ਜੇ ਸੰਭਵ ਹੋਵੇ , ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘਟਾਉਣ ਲਈ ਏਅਰ ਪਿਊਰੀਫਾਇਰ ਦੀ ਵਰਤੋਂ ਕਰਨੀ ਚਾਹੀਦੀ ਹੈ ।
• ਖਰਾਬ ਤੋਂ ਗੰਭੀਰ ਅਤੇ ਹਵਾ ਪ੍ਰਦੂਸ਼ਣ ਦੇ ਦਿਨਾਂ ਵਿੱਚ ਬਾਹਰੀ ਪ੍ਰਦੂਸ਼ਿਤ ਹਵਾ ਦੇ ਸੰਪਰਕ ਤੋਂ ਬਚਣ ਲਈ ਇਮਾਰਤਾਂ ਅਤੇ ਵਾਹਨਾਂ ਵਿੱਚ ਏਅਰ ਕੰਡੀਸ਼ਨਰ “ਰੀ-ਸਰਕੂਲਰ” ਮੋਡ ਦੀ ਵਰਤੋਂ ਕਰ ਸਕਦੇ ਹਨ।
• ਸਿਗਰਟ, ਬੀੜੀ ਅਤੇ ਹੋਰ ਸਬੰਧਤ ਤੰਬਾਕੂ ਉਤਪਾਦਾਂ ਨੂੰ ਪੀਣਾ ਬੰਦ ਕਰੋ ਜੋ ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਨੂੰ ਵਧਾਉਂਦੇ ਹਨ।
• ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਜਦੋਂ ਵੀ ਸੰਭਵ ਹੋਵੇ ਜਨਤਕ ਆਵਾਜਾਈ ਦੀ ਵਰਤੋਂ ਕਰੋ।
• ਬੰਦ ਇਮਾਰਤਾਂ ਵਿੱਚ ਮੱਛਰਾਂ ਵਾਲੀ ਕੋਇਲ ਅਤੇ ਅਗਰਬੱਤੀਆਂ ਨੂੰ ਸਾੜਨ ਤੋਂ ਪਰਹੇਜ਼ ਕਰੋ
– ਸਰਦੀਆਂ ਵਿੱਚ ਬੰਦ ਇਮਾਰਤਾਂ ਵਿੱਚ ਲੱਕੜ/ਕੋਇਲੇ ਦੀ ਅੰਗੀਠੀ ਬਿਲਕੁਲ ਨਾ ਬਾਲੋ ਜੋ ਕਿ ਕਾਰਬਨ ਮੋਨੋਆਕਸਾਈਡ ਗੈਸ ਬਣਨ ਕਰਕੇ ਜਾਨਲੇਵਾ ਸਾਬਿਤ ਹੋ ਸਕਦੀ ਹੈ।
• ਸਾਫ ਸਾਹ ਲੈਣ ਲਈ ਜ਼ਿਆਦਾ ਰੁੱਖ ਲਗਾਉਣ ਨਾਲ ਸਿਹਤ ‘ਤੇ ਹਵਾ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਤੁਹਾਡੇ ਦੁਆਰਾ ਲਗਾਏ ਗਏ ਹਰ ਰੁੱਖ ਨਾਲ ਪ੍ਰਦੂਸ਼ਣ ਮੁਕਤ ਕੱਲ੍ਹ ਵੱਲ ਕਦਮ ਵਧਾਏ ਜਾ ਸਕਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly