ਚੇਨਈ ਏਅਰਪੋਰਟ ‘ਤੇ ਆਪਣੇ ਦੋਸਤ ਨੂੰ ਲੈਣ ਗਿਆ ਜਨਕ ਰਾਜ ਤਿੰਨ ਮਹੀਨਿਆਂ ਤੋਂ ਲਾਪਤਾ

ਜਨਕ ਰਾਮ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਨੇੜਲੇ ਪਿੰਡ ਪੱਦੀ ਜਗੀਰ ਦਾ ਵਸਨੀਕ ਜਨਕ ਰਾਮ, ਜੋ ਕਿ ਚੇਨਈ ਏਅਰਪੋਰਟ ਤੋਂ ਆਪਣੇ ਦੋਸਤ ਨੂੰ ਲੈਣ ਗਿਆ ਸੀ, ਪਿਛਲੇ ਤਿੰਨ ਮਹੀਨਿਆਂ ਤੋਂ ਘਰੋਂ ਲਾਪਤਾ ਹੈ, ਜਿਸ ਕਾਰਨ ਉਸ ਦੇ ਬਜ਼ੁਰਗ, ਮਾਤਾ-ਪਿਤਾ, ਬੱਚੇ ਅਤੇ ਪਤਨੀ ਚਿੰਤਤ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਲਾਲ ਪੁੱਤਰ ਮਾਲੀ ਰਾਮ ਵਾਸੀ ਪਿੰਡ ਗੋਹਾਵਰ ਹਾਲ ਵਾਸੀ ਪਿੰਡ ਪੱਦੀ ਜਗੀਰ ਨੇ ਦੱਸਿਆ ਕਿ ਉਸ ਦੇ ਲੜਕੇ ਜਨਕ ਰਾਜ ਦੇ ਤਿੰਨ ਬੱਚੇ ਹਨ ਅਤੇ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ। ਬੀਤੀ 16-8-2024 ਨੂੰ ਗਿਆਨ ਚੰਦ ਪੁੱਤਰ ਖੁਸ਼ੀ ਰਾਮ ਵਾਸੀ ਪਿੰਡ ਗੋਹਾਵਰ ਇਹ ਕਹਿ ਕੇ ਚੇਨਈ ਲੈ ਗਿਆ ਕਿ ਮੇਰਾ ਲੜਕਾ ਜਗਜੀਵਨ ਰਾਮ ਵਿਦੇਸ਼ ਵਿੱਚ ਮਲੇਸ਼ੀਆ ਵਿੱਚ ਫਸ ਗਿਆ ਸੀ ਅਤੇ ਉਸ ਨੂੰ ਉੱਥੋਂ ਏਅਰਪੋਰਟ ਤੋਂ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਮੇਰਾ ਦੂਜਾ ਲੜਕਾ ਸੁਖਦੇਵ ਰਾਮ ਅਤੇ ਜਨਕ ਰਾਜ ਇਕੱਠੇ ਜਾਣਗੇ। ਕੁਝ ਦਿਨਾਂ ਬਾਅਦ ਜਗਜੀਵਨ ਰਾਮ ਅਤੇ ਸੁਖਦੇਵ ਰਾਮ ਘਰ ਵਾਪਸ ਆ ਗਏ ਪਰ ਮੇਰਾ ਲੜਕਾ ਘਰ ਵਾਪਸ ਨਹੀਂ ਆਇਆ। ਪਿਤਾ ਤਰਸੇਮ ਲਾਲ ਨੇ ਦੱਸਿਆ ਕਿ ਜਨਕ ਰਾਜ ਦਾ ਸਾਡੇ ਨਾਲ ਕੋਈ ਸੰਪਰਕ ਵੀ ਨਹੀਂ ਹੋ ਸਕਿਆ। ਤਰਸੇਮ ਲਾਲ ਨੇ ਦੱਸਿਆ ਕਿ ਮੇਰੀ ਨਜ਼ਰ ਕਮਜ਼ੋਰ ਹੈ ਅਤੇ ਮੇਰੀ ਪਤਨੀ ਅਪਾਹਜ ਹੈ। ਜਨਕ ਰਾਜ ਦੀ ਪਤਨੀ ਇੱਕ ਫੈਕਟਰੀ ਵਿੱਚ ਮਜ਼ਦੂਰੀ ਕਰਕੇ ਘਰ ਦਾ ਸਾਰਾ ਖਰਚਾ ਚੁੱਕਦੀ ਹੈ। ਤਰਸੇਮ ਲਾਲ ਨੇ ਐੱਸ. ਐੱਸ. ਪੀ ਜਲੰਧਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੇ ਲੜਕੇ ਨੂੰ ਲੱਭਣ ਵਿੱਚ ਮਦਦ ਕੀਤੀ ਜਾਵੇ। ਇਸ ਸਬੰਧੀ ਜਦੋਂ ਗਿਆਨ ਚੰਦ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਮੇਰੇ ਤਿੰਨ ਲੜਕੇ ਅਤੇ ਜਨਕ ਰਾਮ ਰੇਲਗੱਡੀ ਰਾਹੀਂ ਘਰ ਪਰਤ ਰਹੇ ਸਨ ਤਾਂ ਪਤਾ ਨਹੀਂ ਕਦੋਂ ਜਨਕ ਰਾਜ ਟਰੇਨ ਤੋਂ ਹੇਠਾਂ ਉਤਰ ਗਿਆ। ਫਗਵਾੜਾ ਰੇਲਵੇ ਸਟੇਸ਼ਨ ‘ਤੇ ਉਤਰ ਕੇ ਉਸ ਦੀ ਭਾਲ ਵੀ ਕੀਤੀ ਪਰ ਜਨਕ ਰਾਮ ਨਹੀਂ ਮਿਲਿਆ। ਇਸ ਤੋਂ ਬਾਅਦ ਵੀ ਅਸੀਂ ਉਸ ਦੀ ਭਾਲ ਕਰ ਰਹੇ ਹਾਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਤੂੰ ਉਦਾਸ ਨਾ ਹੋਈਂ-
Next articleਪੁਸਤਕ ਸਭਿਆਚਾਰ ਦੇ ਚਾਨਣ ਦੇ ਵਣਜਾਰੇ ਦਾ ਦੇਸ਼ ਭਗਤਾਂ ਕੀਤਾ ਸਨਮਾਨ