ਤੂੰ ਉਦਾਸ ਨਾ ਹੋਈਂ-

ਡਾ. ਮੇਹਰ ਮਾਣਕ
(ਸਮਾਜ ਵੀਕਲੀ)
ਢੱਠ ਰਹੇ ਕਿਲਿਆਂ ਦੇ
ਨਵੇਂ ਠੁੰਮਣੇ
ਮਰ ਰਹੇ ਮੁਜ਼ਰਮਾਂ ਦੇ
ਨਵੇਂ ਵਕੀਲ
ਸੋਚ ਰਹੇ ਨੇ ਚਲੋ
ਲਈਏ ਕੀਲ
ਬੇ-ਵਾਗੇ ਜਿਹੇ
ਕੋੜ੍ਹਮੇਂ ਨੂੰ
ਤਾਂ ਕਿ ਕਿਤੇ
ਖੰਭ ਨਾ ਨਿਕਲ਼ ਆਉਣ
ਸੋਚਾਂ ਦੇ
ਜਲਦੀ ਬੋਚਾਂਗੇ
ਹੱਥੋਂ ਡਿੱਗ ਰਹੇ
ਸਮੇਂ ਨੂੰ
ਫੜ ਨੋਚਾਂਗੇ
ਨਾਲ਼ ਨਘੋਚਾਂ ਦੇ
ਤਾਂ ਹੀਂ ਤਾਂ
ਉਹ ਕਾਇਨਾਤ ਨੂੰ
ਆਪਣੇ ਮੁਤਾਬਕ ਕਰ
ਪੁੱਟ ਪਰਿੰਦਿਆਂ ਦੇ ਪਰ
ਆਪਣੇ ਪਾਲਤੂਆਂ ਦੇ
ਪੈਰਾਂ ਹੇਠ
ਕਰ ਦੇਣਾ
ਚਾਹੁੰਦੇ ਨੇ ਦਫ਼ਨ
ਸਮਿਆਂ ਦੀ ਹਿੱਕ ‘ਤੇ
ਤਖ਼ਤਾਂ ਵਖਤਾਂ ਦਾ ਵਿਰੋਧ
ਕਰਦੈ ਸਹਿਯੋਗ
ਇੱਕ ਦੂਜੇ ਨਾਲ਼
ਅਜਬ ਜਿਹੇ
ਸਾਜਸ਼ੀ ਢੰਗ ਨਾਲ਼
ਵੇਖਦੇ ਰਹਿਣਾ
ਗੌਰ ਨਾਲ਼
ਮੇਰੇ ਹਾਣੀ!
ਮਿਲ਼ਦੀ ਰਹੇਗੀ
ਕਦਮ ਕਦਮ ‘ਤੇ
ਅਜਿਹੇ ਸਾਜਸ਼ੀ
ਪਲਾਂ ਦੀ ਕਹਾਣੀ
ਬਸ ਤੂੰ
ਉਦਾਸ ਨਾ ਹੋਈਂ
ਆਪਾ ਨਾ ਖੋਈਂ
ਬਦਚਲਣ ਸੱਥਾਂ
ਬੌਣੀਆਂ ਮੱਤਾਂ
ਅਕਸਰ ਹੀ
ਇੱਦਾਂ ਕਰਦੀਆਂ ਨੇ
ਤੇ ਆਖਰ ਆਪਣੀ ਹੀ
ਮੌਤੇ ਮਰਦੀਆਂ ਨੇ
ਬਸ ਤੂੰ
ਉਦਾਸ ਨਾ ਹੋਈਂ।
ਡਾ. ਮੇਹਰ ਮਾਣਕ
Previous articleਬੁੱਧ ਬਾਣ
Next articleਚੇਨਈ ਏਅਰਪੋਰਟ ‘ਤੇ ਆਪਣੇ ਦੋਸਤ ਨੂੰ ਲੈਣ ਗਿਆ ਜਨਕ ਰਾਜ ਤਿੰਨ ਮਹੀਨਿਆਂ ਤੋਂ ਲਾਪਤਾ