(ਸਮਾਜ ਵੀਕਲੀ)
ਮੇਰੇ ਪੰਜਾਬ ਦੀ ਧਰਤੀ,
ਮੇਰੇ ਪੰਜਾਬ ਦੀ ਧਰਤੀ।
ਧਰਤੀ ਗੁਰੂਆਂ, ਪੀਰਾਂ ਵਾਲੀ
ਅੱਗ, ਧੂੰਏ ਨਾਲ ਭਰਤੀ।
ਹਾਏ ! ਪੰਜਾਬ ਦੀ ਧਰਤੀ।
ਮੇਰੇ ਪੰਜਾਬ ਦੀ ਧਰਤੀ।
ਜਿਸ ਤਰ੍ਹਾਂ ਦਾ ਪੰਜਾਬ ਵਿਚ ਮਾਹੌਲ ਚੱਲ ਰਿਹਾ ਹੈ ਮੈਨੂੰ ਲਗਦਾ ਹੈ ਲੋਕਾਂ ਨੂੰ ਪ੍ਰੇਸ਼ਾਨ ਕਰ ਕੇ ਕਿਸਾਨ ਜਥੇਬੰਦੀਆਂ ਉਸ ਤਰ੍ਹਾਂ ਦਾ ਇਕੱਠ ਅਤੇ ਲੋਕਾਂ ਦੀ ਹਮਦਰਦੀ ਨਹੀਂ ਲੈ ਸਕਣਗੇ, ਜਿਸ ਤਰ੍ਹਾਂ ਦੀ ਦਿੱਲੀ ਧਰਨੇ ਲਈ ਪਹਿਲਾਂ ਹਾਸਲ ਕੀਤੀ ਸੀ। ਇਹ ਕੌੜੀ ਸਚਾਈ ਹੈ ਕਿ ਸਧਾਰਨ ਕਿਸਾਨ ਯੂਨੀਅਨਾਂ ਦੇ ਅੜਿੱਕੇ ਚੜ੍ਹ ਕੇ ਚਾਰੇ ਪਾਸਿਓਂ ਮਾਰਿਆ ਗਿਆ ਹੈ। ਪੰਜਾਬ ਦੇ ਲੋਕਾਂ ਬਾਰੇ ਇਹ ਕਿਹਾ ਜਾਂਦਾ ਸੀ ਕਿ ਇਹ ਗੁਰੂਆਂ ਦੇ ਨਾਮ ‘ਤੇ ਆਪਣਾ ਸਭ ਕੁਝ ਬਲੀਦਾਨ ਕਰ ਸਕਦੇ ਹਨ।
ਪਰ “ਪਵਨ ਗੁਰੂ,ਪਾਣੀ ਪਿਤਾ, ਦਾ ਸੰਕਲਪ ਬਿਲਕੁਲ ਖ਼ਤਮ ਹੋ ਗਿਆ ਹੈ ਨਹੀਂ ਕਰ ਦਿੱਤਾ ਗਿਆ ਹੈ।
ਕਿਸਾਨ ਸੱਚਮੁੱਚ ਪ੍ਰੇਸ਼ਾਨ ਹੈ ਇਸ ਵਿਚ ਕੋਈ ਸ਼ੱਕ ਨਹੀਂ। ਉਸ ਨੂੰ ਬਦਲ ਵੀ ਨਹੀਂ ਸੁੱਝ ਰਿਹਾ ਤੇ ਨਾ ਹੀ ਯੂਨੀਅਨਾਂ ਉਹਨਾਂ ਨੂੰ ਬਦਲ ਲਈ ਪ੍ਰੇਰਿਤ ਕਰ ਰਹੀਆਂ ਹਨ। ਪਰਾਲੀ ਨੇ ਜਿੱਥੇ ਆਮ ਲੋਕਾਂ ਦਾ ਜਨ ਜੀਵਨ ਦੁੱਭਰ ਕੀਤਾ ਹੈ ਉੱਥੇ ਨਿੱਤ ਦੇ ਧਰਨਿਆਂ ਨੇ ਲੋਕਾਂ ਦੇ ਨੱਕ ਵਿਚ ਦਮ ਕਰ ਰੱਖਿਆ ਹੈ।
ਕਿਸਾਨ ਜੱਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਫ਼ਿਰ ਤੋਂ ਲੋਕ ਰੋਹ ਤਿਆਰ ਕਰ ਕੇ ਲੀਡਰਾਂ ਨੂੰ ਘੇਰਨ। ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਜਿੱਦ ਛੱਡਣ।
ਆਪਣੇ ਬੱਚਿਆਂ ਦੇ ਭਵਿੱਖ ਨੂੰ ਇਸ ਤਰ੍ਹਾਂ ਨਹੀਂ ਖ਼ਤਮ ਕਰਨਾ ਚਾਹੀਦਾ। ਪੰਦਰਾਂ ਸਾਲਾਂ ਬਾਅਦ ਸਾਨੂੰ ਪਾਣੀ ਵੀ ਪੀਣ ਵਾਲਾ ਨਹੀਂ ਮਿਲਣਾ। ਸਾਡੇ ਪਾਣੀ ‘ਤੇ ਪਹਿਲਾਂ ਹੀ ਦੂਜੇ ਸੂਬਿਆਂ ਨੇ ਅੱਖ਼ ਰੱਖੀ ਹੋਈ ਹੈ। ਜੇ ਝੋਨੇ ਤੋਂ ਅਸੀਂ ਛੁਟਕਾਰਾ ਨਾ ਪਾਇਆ ਤਾਂ ਅਸੀਂ ਬਹੁਤ ਪਛਤਾਵਾਂਗੇ।
ਜਿੰਨੀ ਜਲਦੀ ਹੋ ਸਕਦਾ ਹੈ ਯੂਨੀਵਰਸਿਟੀਆਂ ਦੇ ਮਾਹਰਾਂ ਨਾਲ ਗੱਲ ਕਰ ਕੇ ਝੋਨੇ ਦਾ ਬਦਲ ਲੱਭਣਾ ਚਾਹੀਦਾ ਹੈ।
ਇਸ ਦੇ ਵਿਚ ਸਰਕਾਰਾਂ ਵੀ ਇਕੱਲੀਆਂ ਕੁਝ ਨਹੀਂ ਕਰ ਸਕਦੀਆਂ। ਸਾਨੂੰ ਸਭ ਨੂੰ ਹੀ ਅੱਗੇ ਆਉਣਾ ਪਵੇਗਾ। ਪੌਣ ਪਾਣੀ ਦੇ ਨਾਲ ਸਾਡਾ ਸੱਭਿਆਚਾਰ ਵੀ ਗੰਧਲਾ ਹੁੰਦਾ ਜਾ ਰਿਹਾ ਹੈ।
ਸਾਡੇ ਬੱਚਿਆਂ ਦਾ ਬਾਹਰ ਜਾਣਾ ਤੇ ਦੂਜੇ ਸਟੇਟਾਂ ਦੇ ਬੰਦਿਆਂ ਦਾ ਪੰਜਾਬ ਵਿਚ ਆ ਕੇ ਸਾਰੇ ਕੰਮਾਂ ‘ਤੇ ਕਬਜ਼ਾ ਕਰਨਾ, ਇਹ ਵੀ ਆਉਣ ਵਾਲੇ ਸਮੇਂ ਵਿਚ ਪੰਜਾਬ ਲਈ ਮਾਰੂ ਸਿੱਧ ਹੋਵੇਗਾ।
ਜੱਥੇਬੰਦੀਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਸ ਦਾ ਹੱਲ ਕਿਵੇਂ ਕੱਢਿਆ ਜਾ ਸਕਦਾ ਹੈ ਇਕੱਲੇ ਧਰਨਿਆਂ ਤੇ ਮੁਜ਼ਾਰਿਆਂ ਦੇ ਨਾਲ ਜਾਂ ਲੋਕਾਂ ਨੂੰ ਪਰੇਸ਼ਾਨ ਕਰ ਕੇ ਇਸ ਦਾ ਹੱਲ ਨਹੀਂ ਹੋ ਸਕਦਾ।
ਲੋਕ ਵੀ ਜ਼ਿਆਦਾ ਸਮਾਂ ਸਾਥ ਦੇਣ ਲਈ ਤਿਆਰ ਨਹੀਂ ਹਨ। ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਵੀ ਸਾਹਮਣੇ ਰੱਖਣਾ ਪਵੇਗਾ।
ਧਰਨੇ,ਮੁਜ਼ਾਰਿਆਂ ਦੀ ਵਿਉਂਤਬੰਦੀ ਕਿਸ ਤਰ੍ਹਾਂ ਕਰਨੀ ਹੈ ਫ਼ਿਰ ਤੋਂ ਸੋਚਣਾ ਪਵੇਗਾ।
ਇਸ ਦੇ ਨਾਲ ਹੀ ਪੜ੍ਹੇ ਲਿਖੇ ਨੌਜਵਾਨਾਂ ਨੂੰ ਵੀ ਅੱਗੇ ਆਉਣਾ ਪਵੇਗਾ ਤਾਂ ਜੋ ਉਹ ਝੋਨੇ,ਪਰਾਲੀ ਦੇ ਮਾਰੂ ਸਿੱਟਿਆਂ ਤੋਂ ਆਪਣੇ ਲੋਕਾਂ ਨੂੰ ਜਾਣੂ ਕਰਵਾ ਸਕਣ। ਰੇਲਾਂ,ਸੜਕਾਂ ਰੋਕਣਾ, ਟੋਲ ਪਲਾਜਿਆਂ ‘ਤੇ ਧਰਨੇ ਲਾਉਣਾ ਇਹ ਸਾਡੀ ਮੁਸੀਬਤ ਦਾ ਹੱਲ ਨਹੀਂ। ਨਾ ਹੀ ਅਸੀਂ ਗਾਲਾਂ ਕੱਢ ਕੇ ਕਿਸੇ ਤੋਂ ਜਿੱਤ ਸਕਦੇ ਹਾਂ। ਲੋਕਾਂ ਨੂੰ ਪਤਾ ਹੈ ਕਿਸਾਨਾਂ ਦੀ ਪਰੇਸ਼ਾਨੀ ਬਹੁਤ ਵੱਡੀ ਹੈ ਪਰ ਦੂਜਿਆਂ ਨੂੰ ਪਰੇਸ਼ਾਨ ਕਰ ਕੇ ਆਪਣਾ ਹੱਲ ਨਹੀਂ ਹੋ ਸਕਦਾ।
ਕੁਦਰਤ ਵੀ ਤਾਹੀਂ ਸਾਡੇ ਤੇ ਖ਼ੈਰ ਕਰੇਗੀ ਜੇ ਅਸੀਂ ਕੁਦਰਤ ਨਾਲ ਖਿਲਵਾੜ ਨਹੀਂ ਕਰਾਂਗੇ।
ਖੰਘ, ਖਾਂਸੀ, ਦਮਾਂ, ਸਾਡੇ ਲੋਕਾਂ ਨੂੰ ਆਮ ਹੋ ਰਿਹਾ ਹੈ। ਅੱਖਾਂ ਦੀ ਜਲਨ ਤੇ ਕੈਂਸਰ ਦੇ ਮਰੀਜ਼ਾਂ ਨਾਲ ਭਰੀਆਂ ਜਾਂਦੀਆਂ ਬੀਕਾਨੇਰ ਨੂੰ ਗੱਡੀਆਂ, ਸਾਡਾ ਮੂੰਹ ਚਿੜਾਉਂਦੀਆਂ ਹਨ। ਅਜੇ ਵੀ ਸੰਭਲ ਜਾਓ ਮਿੱਤਰੋ ! ਨਹੀਂ ਤਾਂ ਆਉਣ ਵਾਲੀ ਸਾਡੀ ਪੀੜ੍ਹੀਆਂ ਸਾਨੂੰ ਮੁਆਫ਼ ਨਹੀਂ ਕਰਨਗੀਆਂ।
ਗ਼ੁਸਤਾਖ਼ੀ ਮੁਆਫ਼।
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly