ਜਾਖੜ ਬੁੱਕਲ ਦਾ ਸੱਪ ਨਿਕਲਿਆ ਹਾਈਕਮਾਂਡ ਨੇ ਵਿਸ਼ਵਾਸ ਜਿਤਾਇਆ ਤੇ ਜਾਖੜ ਨੇ ਧੋਖਾ ਕੀਤਾ
ਲੁਧਿਆਣਾ, (ਸਮਾਜ ਵੀਕਲੀ) ( ਗੌਰਵਦੀਪ ਸਿੰਘ) ਜਦੋਂ ਤੋਂ ਟਕਸਾਲੀ ਕਾਂਗਰਸੀ ਆਗੂ ਸੁਨੀਲ ਜਾਖੜ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ, ਉਹ ਉਦੋਂ ਤੋਂ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਰਹੇ ਹਨ। ਉਧਰ ਭਾਜਪਾ ਦੀ ਹਾਈਕਮਾਂਡ ਨੇ ਹਿੰਦੂ ਤੇ ਸਾਫ਼ ਸੁਥਰਾ ਚਿਹਰਾ ਹੋਣ ਕਰਕੇ ਉਨ੍ਹਾਂ ਨੂੰ ਭਾਜਪਾ ਦੇ ਟਕਸਾਲੀ ਆਗੂਆਂ ਨੂੰ ਅੱਖੋਂ ਪਰੋਖੇ ਕਰਕੇ ਭਾਜਪਾ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ। ਸੁਨੀਲ ਜਾਖੜ ਦੇ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਦੇ ਵਿਚੋਂ ਬਹੁਤ ਸਾਰੇ ਆਗੂ ਭਾਜਪਾ ਵਿੱਚ ਸ਼ਾਮਲ ਹੋਣ ਲੱਗੇ। ਉਸ ਵੇਲੇ ਵੀ ਟਕਸਾਲੀ ਤੇ ਸੀਨੀਅਰ ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਹਾਈਕਮਾਂਡ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਸੁਨੀਲ ਜਾਖੜ ਦੇ ਪ੍ਰਧਾਨ ਬਣਨ ਤੋਂ ਬਾਅਦ ਬਿਨਾਂ ਪਰਖੇ ਕਾਂਗਰਸ ਦੇ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਨਾ ਖਤਰਨਾਕ ਸਿੱਧ ਹੋਵੇਗਾ। ਉਹਨਾਂ ਦੀ ਇਸ ਭਵਿੱਖ ਬਾਣੀ ਦਾ ਉਦੋਂ ਸੱਚ ਸਾਹਮਣੇ ਆਇਆ ਜਦੋਂ ਕੁੱਝ ਸਮੇਂ ਬਾਅਦ ਹੀ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਉਸਨੇ ਹਾਈਕਮਾਂਡ ਨੂੰ ਨਸੀਹਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਧਰ ਭਾਜਪਾ ਦਾ ਕੇਡਰ ਤੇ ਸੀਨੀਅਰ ਆਗੂਆਂ ਵਿੱਚ ਘੋਰ ਨਿਰਾਸ਼ਾ ਫ਼ੈਲਣ ਲੱਗੀ। ਇਸ ਸਮੇਂ ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਹੋ ਰਹੀਆਂ ਹਨ, ਇਹਨਾਂ ਚੋਣਾਂ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਮੀਡੀਆ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਆਪਣੇ ਅਸਤੀਫੇ ਨੂੰ ਲੈ ਕੇ ਚਰਚਾ ਹੋਣ ਲੱਗੀ। ਇਸ ਸਮੇਂ ਪੰਜਾਬ ਭਾਜਪਾ ਦੇ ਅੰਦਰ ਹਲਚਲ ਮੱਚ ਗਈ। ਇਹ ਵੀ ਪਤਾ ਨਹੀਂ ਕਿ ਉਹਨਾਂ ਨੇ ਅਸਤੀਫਾ ਦਿੱਤਾ ਹੈ ਜਾਂ ਨਹੀਂ । ਭਾਵੇਂ ਬਾਅਦ ਵਿੱਚ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੁਨੀਲ ਜਾਖੜ ਦੇ ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਤੇਜ਼ ਤਰਾਰ ਤੇ ਟਕਸਾਲੀ ਆਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਸੁਨੀਲ ਜਾਖੜ ਉਪਰ ਤਿੱਖਾ ਹਮਲਾ ਬੋਲਿਆ ਹੈ ਤੇ ਉਹਨਾਂ ਨੇ ਜਾਖੜ ਦੇ ਸਾਹਮਣੇ ਸਵਾਲਾਂ ਦੀ ਝੜੀ ਲਗਾ ਦਿੱਤੀ। ਉਹਨਾਂ ਨੇ ਸਬੂਤਾਂ ਸਮੇਤ ਸੁਨੀਲ ਜਾਖੜ ਨੂੰ ਘੇਰਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
ਭਾਜਪਾ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਉਹਨਾਂ ਨੂੰ ਪੁੱਛਿਆ ਹੈ ਕਿ ਪੰਜਾਬ ਵਿੱਚ ਚਾਰ ਜ਼ਿਮਨੀ ਚੋਣਾਂ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਮੀਡੀਏ ਨੂੰ ਕਿਉਂ ਇੰਟਰਵਿਊ ਦਿੱਤੀ ? ਜਦੋਂ ਜੰਗ ਲੱਗੀ ਹੋਵੇ ਤਾਂ ਉਦੋਂ ਜਰਨੈਲ ਦਾ ਮੈਦਾਨ ਛੱਡ ਕੇ ਭੱਜਦਾ ਨਹੀਂ ਹੁੰਦਾ । ਸਗੋਂ ਆਪਣੀ ਫੌਜ ਨਾਲ ਮਰਦੇ ਤੱਕ ਲੜਦਾ ਹੁੰਦਾ ਹੈ, ਤੁਸੀਂ ਤਾਂ ਭਾਜਪਾ ਵਰਕਰਾਂ ਤੇ ਉਮੀਦਵਾਰਾਂ ਨੂੰ ਚੋਣਾਂ ਵਿੱਚ ਛੱਡ ਕੇ ਭੱਜ ਗਏ ਹੋ। ਉਹਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਹਾਈਕਮਾਂਡ ਨੂੰ ਇਹ ਆਖਿਆ ਸੀ ਕਿ ਬਾਗ਼ੀ ਕਾਂਗਰਸੀਆਂ ਤੋਂ ਦੂਰੀ ਬਣਾ ਕੇ ਰੱਖੋ, ਇਸ ਨਾਲ ਪੰਜਾਬ ਦੇ ਭਾਜਪਾ ਵਰਕਰਾਂ ਵਿੱਚ ਗ਼ਲਤ ਸੁਨੇਹਾ ਜਾਂਦਾ ਹੈ। ਕਾਂਗਰਸ ਤੇ ਹੋਰ ਸਿਆਸੀ ਪਾਰਟੀਆਂ ਵਿਚੋਂ ਆ ਰਹੇ ਆਗੂਆਂ ਦੇ ਭਾਜਪਾ ਮਜ਼ਬੂਤ ਨਹੀਂ ਹੋਵੇਗੀ। ਇਹ ਨੇਤਾ ਈਡੀ ਤੇ ਇਨਕਮ ਟੈਕਸ ਵਿਭਾਗ ਤੋਂ ਡਰਦੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਗਰੇਵਾਲ ਨੇ ਇਹ ਵੀ ਕਿਹਾ ਸੀ ਕਿ ਬਾਹਰੋਂ ਆਉਣ ਵਾਲੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ ਤੇ ਸੰਗਠਨ ਦੇ ਨਿਯਮਾਂ ਤੇ ਸੰਸਕਾਰਾਂ ਦਾ ਗਿਆਨ ਨਹੀਂ। ਇਸ ਲਈ ਇਹਨਾਂ ਬਾਹਰੀ ਨੇਤਾਵਾਂ ਨੂੰ ਗਲੇ ਨਾ ਲਗਾਓ ਤੇ ਇਸ ਨਾਲ ਪਾਰਟੀ ਦਾ ਨੁਕਸਾਨ ਹੋਵੇਗਾ।
ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਸੁਨੀਲ ਜਾਖੜ ਨੇ ਭਾਜਪਾ ਪੰਜਾਬ ਦੀ ਪਿੱਠ ਪਿੱਛੇ ਛੁਰਾ ਮਾਰਿਆ ਹੈ। ਭਾਜਪਾ ਪੰਜਾਬ ਦੇ ਵਰਕਰ ਪਾਰਟੀ ਨੂੰ ਆਪਣੀ ਮਾਂ ਮੰਨਦੇ ਹਨ, ਇਹ ਉਨ੍ਹਾਂ ਨਾਲ ਧੋਖਾ ਹੋਇਆ ਹੈ। ਉਹਨਾਂ ਦੱਸਿਆ ਕਿ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਸੁਨੀਲ ਜਾਖੜ ਉਪਰ ਭਰੋਸਾ ਕੀਤਾ ਸੀ ਤੇ ਵਿਸ਼ਵਾਸ ਜਿਤਾਇਆ ਸੀ, ਪਰ ਸੁਨੀਲ ਜਾਖੜ ਨੇ ਇਹਨਾਂ ਆਗੂਆਂ ਦਾ ਭਰੋਸਾ ਤੋੜਿਆ ਹੈ। ਉਹਨਾਂ ਨੇ ਮੈਦਾਨ ਵਿਚੋਂ ਪਿੱਛੇ ਹਟ ਭਾਜਪਾ ਦੇ ਨਾਲ ਧੋਖਾ ਕੀਤਾ ਹੈ। ਇਸ ਨੂੰ ਪਾਰਟੀ ਵਰਕਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਗਰੇਵਾਲ ਨੇ ਦੋਸ਼ ਲਗਾਇਆ ਕਿ ਉਹ ਭਾਜਪਾ ਦੇ ਪ੍ਰਧਾਨ ਹੁੰਦਿਆਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਮਿਲਦੇ ਰਹੇ ਤੇ ਉਹਨਾਂ ਦੀ ਗੁਪਤ ਢੰਗ ਨਾਲ ਮੱਦਦ ਵੀ ਕਰਦੇ ਰਹੇ ਹਨ। ਉਹਨਾਂ ਨੇ ਕਿਹਾ ਕਿ ਭਾਜਪਾ ਦੀ ਹਾਈਕਮਾਂਡ ਨੇ ਉਹਨਾਂ ਨੂੰ ਸਨਮਾਨ ਜਨਕ ਅਹੁਦਾ ਦਿੱਤਾ ਸੀ, ਉਹ ਇਸ ਸਨਮਾਨ ਬਦਲੇ ਭਾਜਪਾ ਦੀਆਂ ਬੇੜੀਆਂ ਵਿਚ ਵੱਟੇ ਪਾਉਂਦੇ ਰਹੇ। ਗਰੇਵਾਲ ਨੇ ਇਹ ਵੀ ਦੋਸ਼ ਲਗਾਇਆ ਕਿ ਉਹ ਪੰਜਾਬ ਦੀ ਸਿਆਸਤ ਵਿੱਚੋਂ ਦੂਰ ਰਹੇ ਤਾਂ ਕਿ ਦੂਸਰਿਆਂ ਲਾਭ ਪੁਹੰਚਿਆ ਜਾ ਸਕੇ। ਉਹਨਾਂ ਨੇ ਪਾਰਟੀ ਦੇ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਉਹਨਾਂ ਕਿਹਾ ਕਿ ਜ਼ਿਮਨੀ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਅਸਤੀਫ਼ਾ ਦੇਣਾ ਇਹ ਦਰਸਾਉਂਦਾ ਹੈ ਕਿ ਕਿਸੇ ਹੋਰ ਪਾਰਟੀ ਦੀ ਮੱਦਦ ਹੋਵੇ।
ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਹਾਈਕਮਾਂਡ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਗ੍ਰਾਫ ਵਧ ਰਿਹਾ ਹੈ, ਇਸ ਲਈ ਉਹ ਭਵਿੱਖ ਵਿਚ ਅਜਿਹੇ ਮੌਕਾ ਪ੍ਰਸਤ ਤੇ ਧੋਖੇਬਾਜ਼ਾਂ ਤੋਂ ਸੁਚੇਤ ਰਹੇ। ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਉਹਨਾਂ ਦਾ ਭਵਿੱਖ ਭਾਜਪਾ ਦੇ ਪੰਜਾਬ ਵਿੱਚ ਮਜ਼ਬੂਤ ਹੋਣ ਨਾਲ ਹੀ ਸੁਰੱਖਿਅਤ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਨੂੰ ਦੂਜੀਆਂ ਪਾਰਟੀਆਂ ਤੋਂ ਐਨਾ ਖ਼ਤਰਾ ਨਹੀਂ ਜਿੰਨਾ ਬੁੱਕਲ ਵਿੱਚਲੇ ਸੱਪਾਂ ਤੋਂ ਡਰ ਹੈ। ਉਹਨਾਂ ਨੇ ਤੰਜ ਕਸਦਿਆਂ ਕਿਹਾ ਕਿ ਸ਼ੱਪ ਜਿੰਨਾ ਮਰਜ਼ੀ ਦੁੱਧ ਪਿਆਓ ਇੱਕ ਦਿਨ ਉਹ ਡੰਗ ਮਾਰਦਾ ਹੈ। ਸੁਨੀਲ ਜਾਖੜ ਨੇ ਵੀ ਭਾਜਪਾ ਦੀ ਹਿੱਕ ਉੱਤੇ ਡੰਗ ਮਾਰਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly