21 ਦਸੰਬਰ ਨੂੰ ਹੋਣਗੀਆਂ ‘ਖੇਡਾਂ ਪਿੰਡ ਭਲੂਰ ਦੀਆਂ’

ਕੈਨੇਡੀਅਨ ਗੁਰ-ਅੰਮ੍ਰਿਤਪਾਲ ਸਿੰਘ ਜਟਾਣਾ ਅਤੇ ਰਣਜੋਤ ਕੌਰ ਕੈਨੇਡਾ ਵੱਲੋਂ ਦਿੱਤਾ ਜਾਵੇਗਾ ਪਹਿਲਾ ਅਤੇ ਦੂਜਾ ਇਨਾਮ 
ਭਲੂਰ/ਬੇਅੰਤ ਗਿੱਲ (ਸਮਾਜ ਵੀਕਲੀ) ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ‘ਖੇਡਾਂ ਪਿੰਡ ਭਲੂਰ ਦੀਆਂ’ ਤਹਿਤ ਮਿਤੀ 21 ਦਸੰਬਰ 2024 ਦਿਨ ਸ਼ਨੀਵਾਰ ਨੂੰ ਦੌੜਾਂ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਪ੍ਰੋਗਰਾਮ ਪਿੰਡ ਭਲੂਰ ਦੀ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਕਾਰਜ ਵਿੱਚ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਅਤੇ ਫੌਜੀ ਕੁਲਦੀਪ ਸਿੰਘ ਜਟਾਣਾ ਦੇ ਪਰਿਵਾਰ ਦਾ   ਨਿਵੇਕਲਾ ਤੇ ਸਲਾਹੁਣਯੋਗ ਸਹਿਯੋਗ ਸ਼ਾਮਿਲ ਹੈ। ਦੱਸ ਦੇਈਏ ਕਿ ਉਕਤ ਖੇਡਾਂ ਦੌਰਾਨ ਹੋਣ ਵਾਲੀ ਦੌੜ ਵਿੱਚ ਪਹਿਲਾ ਇਨਾਮ ਕੈਨੇਡੀਅਨ ਗੁਰ-ਅੰਮ੍ਰਿਤਪਾਲ ਸਿੰਘ ਜਟਾਣਾ ਸਪੁੱਤਰ ਸਰਦਾਰ ਕੁਲਦੀਪ ਸਿੰਘ ਜਟਾਣਾ ਅਤੇ ਦੂਸਰਾ ਇਨਾਮ ਰਣਜੋਤ ਕੌਰ ਕੈਨੇਡਾ ਸਪੁੱਤਰੀ ਸਰਦਾਰ ਕੁਲਦੀਪ ਸਿੰਘ ਜਟਾਣਾ ਵੱਲੋਂ ਦੇਣ ਦਾ ਐਲਾਨ ਕੀਤਾ ਗਿਆ ਹੈ। ਇੱਥੇ ਗੱਲਬਾਤ ਕਰਦਿਆਂ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਅਤੇ ਸਰਦਾਰ ਅਮਰਜੀਤ ਸਿੰਘ ਜਟਾਣਾ ਨੇ ਕਿਹਾ ਕਿ ਪਿੰਡ ਵਿੱਚ ਇਸ ਤਰ੍ਹਾਂ ਛੋਟੀਆਂ ਛੋਟੀਆਂ ਖੇਡਾਂ ਦਾ ਹੋਣਾ ਜਿੱਥੇ ਬੱਚਿਆਂ ਅਤੇ ਨੌਜਵਾਨਾਂ ਨੂੰ ਚੰਗੇ ਪਾਸੇ ਵੱਲ ਪ੍ਰੇਰਿਤ ਕਰੇਗਾ, ਉੱਥੇ ਹੀ ਬੁਰੀਆਂ ਅਲਾਮਤਾਂ ਨਾਲ ਜੁੜੇ ਲੋਕਾਂ ਨੂੰ ਚੰਗੇ ਪਾਸੇ ਜੁੜਨ ਦਾ ਰਾਹ ਮਿਲੇਗਾ। ਪਿੰਡ ਦੇ ਲੋਕਾਂ ਨੂੰ ਸਾਂਝੇ ਕੰਮਾਂ ਨਾਲ ਜੋੜੀ ਰੱਖਣਾ ਵੀ ਪਿੰਡ ਦੇ ਭਵਿੱਖ ਲਈ ਸੋਹਣਾ ਕਾਰਜ ਸਾਬਿਤ ਹੁੰਦਾ ਹੈ। ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਨੇ ਕੈਨੇਡੀਅਨ ਨੌਜਵਾਨ ਗੁਰ- ਅੰਮ੍ਰਿਤਪਾਲ  ਸਿੰਘ ਜਟਾਣਾ ਅਤੇ ਰਣਜੋਤ ਕੌਰ ਕੈਨੇਡਾ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਛੋਟੀ ਉਮਰ ਵਾਲੇ ਸਾਡੇ ਭੈਣ ਭਰਾ ਵੀ ਆਪਣੇ ਪਿੰਡ ਲਈ ਵਧੀਆ ਸੋਚ ਰੱਖਦੇ ਹੋਣ, ਉਦੋਂ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਪਿੰਡ ਨੂੰ ਖੂਬਸੂਰਤ ਤੇ ਵਿਲੱਖਣ ਬਣਾਉਣ ਲਈ ਇੱਕਮੁੱਠ ਹੋ ਕੇ ਤੁਰੀਏ। ਇਸ ਮੌਕੇ ਪਿੰਡ ਦੇ ਨੌਜਵਾਨ ਖਿਡਾਰੀ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਾਬਾ ਨਾਨਕ
Next articleਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ‘ਖੇਡਾਂ ਪਿੰਡ ਭਲੂਰ ਦੀਆਂ’