ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਵਿੱਚ ਸ਼ੁਰੂ ਹੋਇਆ ਨਸ਼ਿਆਂ ਦਾ ਛੇਵਾਂ ਸੱਤਵਾਂ ਦਰਿਆ ਅਨੇਕਾਂ ਪਾਸਿਆਂ ਤੋਂ ਪੰਜਾਬ ਦੇ ਲੋਕਾਂ ਨੂੰ ਡੋਬ ਰਿਹਾ ਹੈ, ਡੋਬਣ ਤੋਂ ਭਾਵ ਕੋਈ ਨਸ਼ਾ ਵੇਚ ਰਿਹਾ ਹੈ ਅਖੀਰ ਨੂੰ ਉਸਨੂੰ ਪੁਲਿਸ ਫੜਦੀ ਹੈ,ਕੋਈ ਨਸ਼ਾ ਵਰਤ ਰਿਹਾ ਹੈ ਉਸ ਨੂੰ ਨਸ਼ਾ ਨਹੀਂ ਮਿਲਦਾ ਤਾਂ ਮਰ ਰਿਹਾ, ਕੁਝ ਲੋਕ ਨਸ਼ੇ ਤੇ ਨਸ਼ੇ ਵੇਚਣ ਵਾਲਿਆਂ ਦਾ ਵਿਰੋਧ ਕਰ ਰਹੇ ਹਨ ਉਹਨਾਂ ਨੂੰ ਨਸ਼ੇ ਦੇ ਸੌਦਾਗਰ ਸਮੱਗਲਰ ਮਾਰ ਰਹੇ ਹਨ ਇਹ ਖਬਰਾਂ ਰੋਜ਼ਾਨਾ ਹੀ ਪੰਜਾਬ ਦੇ ਕਿਸ ਨਾ ਕਿਸੇ ਇਲਾਕੇ ਵਿੱਚੋਂ ਅਕਸਰ ਹੀ ਆਉਂਦੀਆਂ ਹਨ ਹੁਣ ਮਾਹੌਲ ਅਜਿਹਾ ਬਣ ਗਿਆ ਹੈ ਕਿ ਲੋਕ ਨਸ਼ੇ ਵਾਲਿਆਂ ਦੇ ਵਿਰੁੱਧ ਜੇਕਰ ਕੋਈ ਕਾਰਵਾਈ ਲਈ ਪੁਲਿਸ ਕੋਲ ਜਾਂਦੇ ਹਨ ਤਾਂ ਅੱਗੋਂ ਪੁਲਿਸ ਨਸ਼ੇ ਦੀਆਂ ਸ਼ਿਕਾਇਤ ਕਰਨ ਵਾਲਿਆਂ ਨੂੰ ਹੀ ਜਲੀਲ ਕਰਦੀ ਹੈ ਅਨੇਕਾਂ ਅਜਿਹੀਆਂ ਗੱਲਾਂ ਬਾਤਾਂ ਅਕਸਰ ਹੀ ਕਿਸੇ ਨਾ ਕਿਸੇ ਪਾਸਿਓਂ ਸਾਹਮਣੇ ਆਉਂਦੀਆਂ ਹਨ ਪਰ ਹੁਣ ਅਜਿਹਾ ਮਾਹੌਲ ਬਣ ਗਿਆ ਹੈ ਕਿ ਪੰਜਾਬ ਦੇ ਅਨੇਕਾਂ ਥਾਵਾਂ ਦੇ ਵਿੱਚ ਨਸ਼ੇ ਦੇ ਸੌਦਾਗਰ ਨਸ਼ੇ ਵੇਚਣ ਦੇ ਕੰਮ ਕਰਦੇ ਨਸ਼ੇੜੀ ਖੁਦ ਲੋਕਾਂ ਦੇ ਨਾਲ ਧੱਕੇਸ਼ਾਹੀ ਕਰਦੇ ਹੋਏ ਉਹਨਾਂ ਦੇ ਗਲ਼ ਪੈਂਦੇ ਹਨ ਤੇ ਮਸਲਾ ਹੁਣ ਇਥੇ ਤੱਕ ਪਹੁੰਚ ਗਿਆ ਹੈ ਨਸ਼ੇੜੀ ਲੋਕ ਲੜਕੀਆਂ ਔਰਤਾਂ ਦੇ ਗਲ਼ ਵੀ ਪੈਣ ਲੱਗ ਗਏ ਹਨ ਵੈਸੇ ਤਾਂ ਇਹ ਸਭ ਕੁਝ ਅਸੀਂ ਅਕਸਰ ਹੀ ਦੇਖਦੇ ਹਾਂ।
ਬੀਤੇ ਦਿਨ ਮਾਛੀਵਾੜਾ ਇਲਾਕੇ ਦੇ ਵਿੱਚ ਬਹੁਤ ਹੀ ਗਲਤ ਜਿਹੀ ਵਾਰਦਾਤ ਸਾਹਮਣੇ ਆਈ ਹੈ ਜਿਸ ਦਾ ਸਿੱਧਾ ਸਬੰਧ ਨਸ਼ੇ ਵਾਲਿਆਂ ਨਾਲ ਹੈ। ਜਾਣਕਾਰੀ ਅਨੁਸਾਰ ਪਿੰਡ ਮਾਣੇਵਾਲ ਦੀਆਂ ਦੋ ਨੌਜਵਾਨ ਭੈਣਾਂ ਤੇ ਉਹਨਾਂ ਦੀ ਮਾਤਾ ਉਹ ਰੋਜ਼ਾਨਾ ਦੀ ਤਰ੍ਹਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚੋਂ ਮੱਥਾ ਟੇਕਣ ਜਾਂਦੀਆਂ ਹਨ ਤੇ ਹੈਰਾਨੀ ਇਸ ਵੇਲੇ ਹੋਈ ਜਦੋਂ ਨਸ਼ੇ ਦਾ ਕੰਮ ਕਰਨ ਵਾਲੇ ਵਿਅਕਤੀਆਂ ਨੇ ਨੌਜਵਾਨ ਲੜਕੀਆਂ ਨੂੰ ਗਲਤ ਸੋਚ ਅਨੁਸਾਰ ਮੰਦਾ ਬੋਲਣਾ ਸ਼ੁਰੂ ਕੀਤਾ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਨਸ਼ੇ ਵਿੱਚ ਧੁੱਤ ਉਹਨਾਂ ਨਸ਼ੇੜੀਆਂ ਨੇ ਲੜਕੀਆਂ ਉੱਤੇ ਹਮਲਾ ਕਰ ਦਿੱਤਾ ਇਥੋਂ ਤੱਕ ਕਿ ਆਪਣੀ ਲੜਕੀਆਂ ਦੇ ਬਚਾ ਲਈ ਉਹਨਾਂ ਦੀ ਮਾਂ ਨੂੰ ਵੀ ਨਾ ਬਖਸ਼ਿਆ। ਇਹੋ ਜਿਹਾ ਹੋ ਰਿਹਾ ਹੈ ਪੰਜਾਬ ਦੀ ਉਸ ਧਰਤੀ ਦੇ ਉੱਪਰ ਜਿਸ ਨੂੰ ਬਾਬੇ ਨਾਨਕ ਨੇ ਆਖਿਆ ਸੀ ਸੋ ਕਿਉ ਮੰਦਾ ਆਖੀਐ ਜਿਤ ਜਮੈ ਰਾਜਾਨ…
ਇਹ ਘਟਨਾ ਤਾਂ ਲੜਕੀਆਂ ਦੀ ਦਲੇਰੀ ਸਦਕਾ ਸਾਹਮਣੇ ਆ ਗਈ ਇਸ ਤੋਂ ਬਿਨਾਂ ਬਹੁਤ ਕੁਝ ਹੋ ਰਿਹਾ ਹੈ ਜੋ ਸਾਹਮਣੇ ਨਹੀਂ ਆ ਰਿਹਾ ਮੇਰੀ ਸਮਝ ਅਨੁਸਾਰ ਤਾਂ ਬਹੁਤ ਵੱਡਾ ਮਾਮਲਾ ਹੈ ਮਾਛੀਵਾੜਾ ਸ਼ਹਿਰ ਤੇ ਇਲਾਕੇ ਦੇ ਵਿੱਚ ਅਨੇਕਾਂ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਹਨ ਪਰ ਕਿਸੇ ਨੇ ਵੀ ਇਸ ਘਿਨਾਉਣੀ ਹਰਕਤ ਦਾ ਨੋਟਿਸ ਨਹੀਂ ਲਿਆ। ਜੇਕਰ ਇਹ ਅੱਜ ਉਹਨਾਂ ਲੜਕੀਆਂ ਦੇ ਨਾਲ ਹੋਇਆ ਹੈ ਹੈ ਤਾਂ ਕੱਲ ਨੂੰ ਹਰ ਪਿੰਡ ਸ਼ਹਿਰ ਮਹੱਲੇ ਦੇ ਵਿੱਚ ਸਾਡੀਆਂ ਆਪਣੀਆਂ ਲੜਕੀਆਂ ਨਾਲ ਵੀ ਇਹ ਨਸ਼ੇੜੀ ਅਜਿਹੀ ਹਰਕਤ ਕਰ ਸਕਦੇ ਹਨ।
ਆਓ ਇਹਨਾਂ ਨਸ਼ੇ ਦੇ ਸੌਦਾਗਰਾਂ ਨਸ਼ਿਆਂ ਕਰਿੰਦਿਆਂ ਨਸ਼ੇੜੀਆਂ ਦੇ ਨਾਲ ਇੱਕ ਮੁੱਠ ਹੋ ਕੇ ਵਿਰੋਧ ਕਰਦੇ ਹੋਏ ਲੜਨ ਦਾ ਯਤਨ ਕਰੀਏ ਕਿਉਂਕਿ ਹੁਣ ਤਾਂ ਇਹ ਲੋਕ ਸਾਡੀਆਂ ਧੀਆਂ ਭੈਣਾਂ ਤੱਕ ਪਹੁੰਚ ਗਏ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly