ਬਸਪਾ ਨੇ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵਿਧਾਨਸਭਾ ਲਈ ਜ਼ਮੀਨ ਦਿੱਤੇ ਜਾਣ ਦਾ ਵਿਰੋਧ ਕੀਤਾ
ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਚੰਡੀਗੜ੍ਹ ਵਿੱਚ ਹਰਿਆਣਾ ਦੀ ਵਿਧਾਨਸਭਾ ਲਈ ਜ਼ਮੀਨ ਦੇਣ ਦਾ ਸਖਤ ਵਿਰੋਧ ਕੀਤਾ ਹੈ। ਇਸ ਮਾਮਲੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਜਿਹੜੀਆਂ ਵੀ ਸਰਕਾਰਾਂ ਰਹੀਆਂ ਹਨ, ਉਹ ਪੰਜਾਬ ਨੂੰ ਅੱਜ ਤੱਕ ਉਸਦੀ ਰਾਜਧਾਨੀ ਨਹੀਂ ਦੇ ਸਕੀਆਂ।
ਪਹਿਲਾਂ ਕੇਂਦਰ ਵਿੱਚ ਲੰਬੇ ਸਮੇਂ ਤੱਕ ਕਾਂਗਰਸ ਦੀ ਸਰਕਾਰ ਰਹੀ, ਪਰ ਉਹ ਵੀ ਪੰਜਾਬ ਨੂੰ ਉਸ ਦੀ ਰਾਜਧਾਨੀ ਨਹੀਂ ਦੇ ਸਕੀ। ਹੁਣ ਜਦੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਤਾਂ ਵੀ ਹਾਲਾਤ ਇਹੋ ਜਿਹੇ ਹੀ ਹਨ। ਬਸਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਰਾਜਧਾਨੀ ਚੰਡੀਗੜ੍ਹ ਦਾ ਮੁੱਦਾ ਬਹੁਤ ਹੀ ਭਾਵਨਾਤਮਕ ਹੈ। ਇਸ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ, ਜੋ ਪੰਜਾਬ ਦਾ ਚੰਡੀਗੜ੍ਹ ‘ਤੇ ਦਾਅਵਾ ਕਮਜ਼ੋਰ ਕਰਦਾ ਹੋਵੇ। ਸੂਬੇ ਦੀ ਆਪ ਸਰਕਾਰ ਵੀ ਇਸ ਮਾਮਲੇ ਵਿੱਚ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾ ਸਕੀ, ਜਦਕਿ ਉਸ ਨੂੰ ਇਸ ਮਾਮਲੇ ਵਿੱਚ ਸਖਤ ਸਟੈਂਡ ਲੈਣਾ ਚਾਹੀਦਾ ਸੀ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਆਪ ਮੁਖੀ ਕੇਜਰੀਵਾਲ ਕਰਕੇ ਪੰਜਾਬ ਵਿੱਚ ਆਪ ਸਰਕਾਰ ਇਸ ਮਾਮਲੇ ਵਿੱਚ ਕੋਈ ਵੀ ਸਖਤ ਸਟੈਂਡ ਨਹੀਂ ਲੈ ਪਾ ਰਹੀ। ਬਸਪਾ ਸੂਬਾ ਪ੍ਰਧਾਨ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਰਾਜਧਾਨੀ ਚੰਡੀਗੜ੍ਹ ਦੇ ਮਸਲੇ ਵਿੱਚ ਉਨ੍ਹਾਂ ਨੂੰ ਵਿਆਪਕ ਤੌਰ ‘ਤੇ ਜਨਤਕ ਰਾਏ ਬਣਾਉਣੀ ਚਾਹੀਦੀ ਹੈ, ਤਾਂ ਕਿ ਕੇਂਦਰ ਦੀ ਭਾਜਪਾ ਸਰਕਾਰ ਇਸ ਮਾਮਲੇ ਵਿੱਚ ਕੋਈ ਵੀ ਫੈਸਲਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਨਾ ਲੈ ਸਕੇ।ਇਸ ਦੇ ਨਾਲ-ਨਾਲ ਕਾਂਗਰਸ ਦਾ ਵੀ ਪੰਜਾਬ ਵਿਰੋਧੀ ਚਿਹਰਾ ਉਜਾਗਰ ਕਰਨਾ ਚਾਹੀਦਾ ਹੈ, ਜੋ ਕੇਂਦਰ ਦੀ ਸੱਤਾ ਵਿੱਚ ਲੰਬੇ ਸਮੇਂ ਤੱਕ ਹੁੰਦੇ ਹੋਏ ਵੀ ਪੰਜਾਬ ਨੂੰ ਉਸਦੀ ਰਾਜਧਾਨੀ ਨਹੀਂ ਦੇ ਸਕੀ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਾਮਲੇ ਵਿੱਚ ਵੀ ਸੈਨਟ ਚੋਣਾਂ ਨਾ ਕਰਾ ਕੇ ਲੋਕਤੰਤਰਿਕ ਵਿਵਸਥਾ ਦਾ ਗਲਾ ਘੁੱਟਿਆ ਜਾ ਰਿਹਾ।ਕੇਂਦਰ ਦਾ ਇਹ ਫੈਸਲਾ ਵੀ ਪੂਰੀ ਤਰ੍ਹਾਂ ਸੰਵਿਧਾਨ ਵਿਰੋਧੀ ਹੈ ਤੇ ਬਸਪਾ ਇਸ ‘ਤੇ ਸਖਤ ਵਿਰੋਧ ਦਰਜ ਕਰਾਉਂਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly