ਸਿੱਖ ਇਤਿਹਾਸ ਦੀ ਸੰਖੇਪ ਜਾਣਕਾਰੀ

ਪੁਸਤਕ ——-ਗੁਰ ਗਿਆਨ
ਲੇਖਕ —-ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ
ਪ੍ਰਕਾਸ਼ਕ —-ਸਮਤਲ ਪ੍ਰਿੰਟਿਗ ਪ੍ਰੈਸ ਕੋਟਕਪੂਰਾ
ਪੰਨੇ —–60, ਮੁੱਲ —–70 ਰੁਪਏ (ਪੇਪਰਬੈਕ )

(ਸਮਾਜ ਵੀਕਲੀ) ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ ਸਿੱਖ ਇਤਿਹਾਸ ਤੇ ਗੁਰਮਤਿ ਲਿਖਤਾਂ ਦਾ ਕਲਮਕਾਰ ਹੈ । ਉਸ ਨੂੰ ਗੁਰਸਿੱਖੀ ਦੀ ਗੁੜ੍ਹਤੀ ਘਰ ਤੋਂ ਮਿਲੀ ਹੈ। ਉਸ ਦੇ ਸਤਿਕਾਰਿਤ ਪਿਤਾ ਜੀ ਧਾਰਮਿਕ ਵਿਚਾਰਾਂ ਵਾਲੇ ਗੁਣੀ ਅਧਿਆਪਕ ਸਨ । ਬਚਪਨ ਤੋਂ ਮਿਲੇ ਇਹ ਪ੍ਰਭਾਵ ਬਲਵਿੰਦਰ ਸਿੰਘ ਕੋਟਕਪੂਰਾ ਤੇ ਗੁਰਮਤਿ ਦੇ ਸਾਹਿਤਕਾਰ ਸ੍ਰ: ਕਰਨੈਲ ਸਿੰਘ ਐੱਮ.ਏ. (ਪੁਸਤਕ ਲੇਖਕ ਦੇ ਵੀਰ ਜੀ ) ਦੀ ਜ਼ਿੰਦਗੀ ਵਿੱਚ ਸਮੋਏ ਹੋਏ ਹਨ ।
‌      ਬਹੁਪੱਖੀ ਸਾਹਿਤਕਾਰ ਕਰਨੈਲ ਸਿੰਘ ਐੱਮ.ਏ. ਨੇ ਕਿਤਾਬ ਦਾ ਭਾਵਪੂਰਤ ਜ਼ਿਕਰ ਟਾਈਟਲ ਪੰਨੇ ਤੇ ਲਿਖਿਆ ਹੈ। ਲੇਖਕ ਨੇ ਇਹ ਪੁਸਤਕ ਸ਼੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ-ਜੋਤਿ ਪੁਰਬ ਅਤੇ ਦਸਵੇਂ ਗੁਰੂ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ 320 ਸਾਲਾ ਸ਼ਹੀਦੀ ਦਿਹਾੜੇ ਨੂੰ
ਸਮਰਪਿਤ ਕੀਤੀ ਹੈ । ਦੋਨੋ ਦਿਹਾੜਿਆਂ ਦੀ ਸਿੱਖ ਜਗਤ ਵਿੱਚ ਬਹੁਤ ਮਹਾਨਤਾ ਹੈ । ਇਹ ਦਿਹਾੜੇ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਗੁਰੂ ਘਰਾਂ ਵਿੱਚ ਮਨਾਏ ਜਾਂਦੇ ਹਨ । ਕੁਝ ਸਮਾਂ ਪਹਿਲਾਂ ਸਿੱਖ ਸੰਗਤ ਚੌਥੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੇ ਬਾਨੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਪ੍ਰਕਾਸ਼
ਦਿਹਾੜਾ ਮਨਾ ਕੇ ਹਟੀਆਂ ਹਨ । ਗੁਰੂ ਘਰਾਂ ਵਿੱਚ ਗੁਰੂ ਸਾਹਿਬਾਨ ਦੀਆਂ ਜੀਵਨ ਗਾਥਾਵਾਂ ਦੀ ਕਥਾ ਕੋਈ ਜਿਗਿਆਸੂ ਮਨ ਸੁਣ-ਸੁਣ ਕੇ ਆਪਣਾ ਜੀਵਨ ਸੰਵਾਰ ਸਕਦਾ ਹੈ । ਗੁਰੂ ਘਰ ਤੋਂ ਪ੍ਰਾਪਤ ਰਹਿਮਤਾਂ ਦਾ ਅਨੰਦ ਲਿਆ ਜਾ ਸਕਦਾ ਹੈ ਪਰ ਇਸ ਮਾਰਗ ਤੇ ਤੋਰਨ ਲਈ ਸਾਹਿਤਕ ਕਲਮਾਂ ਦਾ ਬਹੁਤ ਵੱਡਾ ਯੋਗਦਾਨ ਹੈ ।
ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ ਸਿੱਖੀ ਵਿਚਾਰਧਾਰਾ ਵਾਲੇ ਅਜਿਹੇ ਸਾਹਿਤਕਾਰ ਹਨ । ਜਿਨ੍ਹਾਂ ਨੇ ਮਿਹਨਤ ਅਤੇ ਲਗਨ ਨਾਲ ਇਤਿਹਾਸ ਨੂੰ ਸਵਾਲ ਜੁਆਬ ਦੇ ਨਵੇਂ ਸੰਖੇਪ ਰੂਪ ਵਿੱਚ ਸੰਗਤਾਂ ਦੇ ਸਾਹਮਣੇ ਲਿਆਂਦਾ ਹੈ ।ਇਹ ਜੁਗਤ ਲੇਖਕ ਨੇ ਜਗਤ ਗੁਰੂ ਬਾਬਾ ਨਾਨਕ ਜੀ ਦੀ ਬਾਣੀ “ਸਿਧ ਗੋਸ਼ਟਿ”ਦੀ ਪਰੰਪਰਾ ਅਧਾਰਿਤ ਹੈ । ਲੇਖਕ ਨੇ ਇਸ ਤੋਂ ਪਹਿਲਾਂ ਇਸ ਜੁਗਤ ਵਿੱਚ ਅੱਠ ਕਿਤਾਬਾਂ ਲਿਖ ਕੇ ਸੰਗਤ ਨੂੰ ਦਿੱਤੀਆਂ ਹਨ ਤੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ । ਪਹਿਲਾਂ ਪ੍ਰਕਾਸ਼ਿਤ ਕਿਤਾਬਾਂ ਵਿੱਚ ਬਾਬਾ ਫ਼ਰੀਦ ਪ੍ਰਸ਼ਨੋਤਰੀ, ਬਾਬਾ ਬੰਦਾ ਸਿੰਘ ਬਹਾਦਰ ਪ੍ਰਸ਼ੋਨਤਰੀ, 15 ਭਗਤ 500 ਸਵਾਲ, ਸਵਾਲ ਬਾਬਾ ਨਾਨਕ ਦੇ ਨਾਲ ਤੋਂ ਇਲਾਵਾ ਖਾਲਸਾ ਪ੍ਰਮਾਤਮ ਕੀ ਮੌਜ, ਵਿਸ਼ਵ ਪ੍ਰਸਿੱਧ ਕਥਨ, 350 ਸਵਾਲ (2016 )। ਹਨ । ਇਹ ਨੌਵੀਂ ਕਿਤਾਬ ਵੀ ਸਵਾਲ ਜਵਾਬ ਹਨ । ਇਸ ਕਿਤਾਬ ਵਿੱਚ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓਟ ਗੁਰੂ ਅਮਰਦਾਸ
ਜੀ ਦੇ ਅਲੌਕਿਕ ਜੀਵਨ ਬਾਰੇ 227 ਸਵਾਲ ਹਨ । ਨਾਲ ਉੱਤਰ ਹਨ । (ਪੰਨਾ 1-27 ) ਸਵਾਲਾਂ ਤੋਂ ਪਿੱਛੋਂ ਗੁਰੂ ਅਮਰਦਾਸ ਜੀ ਰਚਿਤ ਬਾਣੀ ਵਿੱਚੋਂ ਕੁਝ ਪਵਿੱਤਰ ਤੁਕਾਂ ਹਨ। (ਪੰਨਾ 28-30 )ਕਿਤਾਬ ਦੇ ਦੂਸਰੇ ਭਾਗ ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪੂਜਨੀਕ ਮਾਤਾ
ਗੁਜਰੀ ਜੀ ਦੇ ਕੁਰਬਾਨੀ ਭਰੇ ਮਹਾਨ ਜੀਵਨ ਬਾਰੇ 13 ਸਵਾਲ ਹਨ । ਇਸ ਤੋਂ ਬਾਅਦ ਸਵਾਲਾਂ ਦੀ ਝੜੀ ਲਾਈ ਗਾਈ ਹੈ । ਜਿਨ੍ਹਾਂ ਵਿੱਚ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦਿਆਂ ਦੇ ਜਨਮ ਸ਼ਹੀਦੀਆਂ, ਜੰਗ ਵਿੱਚ ਵਿਖਾਈ ਸੂਰਬੀਰਤਾ, ਗੁਰੂ ਸਾਹਿਬ ਦੀ ਆਨੰਦਪੁਰ ਸਾਹਿਬ ਦੀ ਜੰਗ,
ਆਨੰਦਪੁਰ ਦਾ ਕਿਲ੍ਹਾ ਛੱਡਣਾ, ਚਮਕੌਰ ਦੀ ਇਤਿਹਾਸਕ ਜੰਗ, ਜੰਗ ਵਿੱਚ ਸ਼ਹੀਦੀਆਂ ਦੇਣ ਵਾਲੇ ਸਿੰਘਾਂ ਦੀ ਜਾਣਕਾਰੀ, ਪੰਜ ਪਿਆਰਿਆਂ ਦਾ ਜ਼ਿਕਰ ਸਵਾਲਾਂ ਦੇ ਰੂਪ ਵਿੱਚ ਹੈ । ਗੁਰੂ ਸਾਹਿਬ ਦਾ ਮਾਛੀਵਾੜੇ ਦੇ ਜੰਗਲਾਂ ਵਿੱਚ ਜਾਣਾ । ਰਸਤੇ ਵਿੱਚ ਮਿਲੇ ਗੁਰੂ ਜੀ ਦੇ ਲਾਡਲੇ ਸਿੰਘ, ਭਾਈ
ਜੈਤਾ (ਬਾਬਾ ਜੀਵਨ ਸਿੰਘ ਜੀ ਦਾ ਜੀਵਨ ,ਬੀਬੀ ਹਰਸ਼ਰਨ ਕੌਰ, ਭਾਈ ਰਾਮਾ, ਭਾਈ ਤਿਲੋਕਾ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਦਾ ਮਹਾਨ ਜੀਵਨ ਕੁਰਬਾਨੀਆਂ , ਸਰਹਿੰਦ ਦੇ ਸੂਬੇ ਵਜ਼ੀਰ ਖਾਂ ਨਾਲ ਸਾਹਿਬਜ਼ਾਦਿਆਂ ਦੇ ਸਵਾਲ ਤੇ ਫਤਹਿ ਕਹਿਣੀ , ਇਸ ਇਤਿਹਾਸ ਦੇ ਹੋਰ ਇਤਿਹਾਸਕ ਪਾਤਰਾਂ ਗੰਗੂ ਬਾਹਮਣ, ਦੀਵਾਨ ਸੁਚਾ ਨੰਦ, ਨਵਾਬ ਮਲੇਰਕੋਟਲਾ, ਬੇਗਮ ਜੈਨਾਂ ਦਾ
ਸ਼ਹੀਦੀਆਂ ਲਈ ਵਿਰੋਧ ਕਰਨਾ ਤੇ ਫਿਰ ਸਾਹਿਬਜ਼ਾਦਿਆਂ ਦੀ ਸਹੀਦੀ ਸੁਣ ਕੇ ਆਪਣੀ ਕਟਾਰ ਪੇਟ ਵਿੱਚ ਮਾਰ ਕੇ ਸ਼ਹਾਦਤ ਦੇਣੀ ,ਬਾਬ ਮੋਤੀ ਰਾਮ ਮਹਿਰਾ ਦੀ ਕੁਰਬਾਨੀ, ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਮੋਤੀ ਰਾਮ ਮਹਿਰਾ ਵੱਲੋਂ ਦੁੱਧ ਪਿਲਾਉਣ ਦੀ ਸੇਵਾ ਕਰਨੀ ਆਦਿ ਸਵਾਲ
ਹਨ (216–236 ਪੰਨਾ 54-56) ਕਿਤਾਬ ਦੇ ਪੰਨੇ 56—60 ਵਿੱਚ (ਸਵਾਲ 237–275 )ਬਾਬਾ ਬੰਦਾ ਸਿੰਘ ਬਹਾਦਰ ਦਾ ਦਸਵੇ ਗੁਰੂ ਜੀ ਨਾਲ ਮੇਲ ,ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹੰਦ ਫਤਹਿ, ਬਾਬਾ ਬੰਦਾ ਸਿੰਘ ਦੀਆਂ ਖਾਲਸਈ ਫ਼ੌਜਾਂ ਦਾ ਜ਼ਿਕਰ ਹੇ ।
ਸਾਰੇ ਸਵਾਲਾਂ ਵਿੱਚ ਸਿੱਖ ਇਤਿਹਾਸ ਦੀ ਜਾਣਕਾਰੀ ਐਨੀ ਹੈ ਕਿ ਵਾਰਤਕ ਵਿੱਚ ਬਿਰਤਾਂਤ ਕਈ ਪੰਨਿਆਂ ਦਾ ਬਣ ਜਾਵੇ । ਪਰ ਲੇਖਕ ਨੇ ਇਤਿਹਾਸ ਨੂੰ ਜਿਵੇਂ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ । ਅਜਿਹੀ ਕਿਤਾਬ ਦੀ ਅਜੋਕੇ ਸਮੇਂ ਵਿੱਚ ਲੋੜ ਇਸ ਲਈ ਵੀ ਹੇ ਕਿ ਵੱਡੀਆਂ ਕਿਤਾਬਾਂ ਨੂੰ ਅੱਜ ਦੇ ਰੁਝੇਵਿਆਂ ਵਿੱਚ ਪੜ੍ਹਂਨ ਵਿੱਚ ਸਮਾਂ ਜ਼ਿਆਦਾ ਲੱਗਦਾ ਹੈ। ਹੁਣ ਦੇ ਵਿਦਿਆਰਥੀਆਂ ਲਈ ਸਵਾਲਾਂ ਦੇ ਰੂਪ ਵਿੱਚ ਜਾਣਕਾਰੀ ਯਾਦ ਕਰਨੀ ਵੀ ਸੌਖੀ ਹੈ। ਸਾਡੀਆਂ ਕੁਝ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਤੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ਵਿੱਚ ਵੀ ਇਸ ਕਿਸਮ ਦੇ ਸਵਾਲ ਅਕਸਰ ਪੁੱਛੇ ਜਾਂਦੇ ਹਨ । ਕਿਤਾਬ ਬੱਚਿਆਂ ਦੀ ਧਾਰਮਿਕ ਪ੍ਰੀਖਿਆਵਾਂ ਲਈ ਵੀ ਬਹੁਤ ਲਾਹੇਵੰਦ ਹੈ । ਖਾਸ ਕਰਕੇ ਸਿੱਖ ਫੁਲਵਾੜੀ ,ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਾਸਤੇ। ਇਹ ਪ੍ਰੀਖਿਆਵਾਂ ਹਰ ਸਾਲ ਹੁੰਦੀਆਂ ਹਨ । ਇਹ ਕਿਤਾਬ ਬੱਚਿਆਂ ਲਈ ਸੇਧਮਈ ਹੈ । ਅੱਵਲ ਤਾਂ ਇਹ ਕਿਤਾਬ ਪੰਜਾਬ ਦੇ ਹਰੇਕ ਸਕੂਲ /ਵਿਦਿਅਕ ਅਦਾਰੇ /ਗੁਰਦੁਆਰਾ ਸਾਹਿਬ ਦੀਆ ਲਾਇਬਰੇਰੀਆਂ ਵਿੱਚ ਰੱਖੀ ਜਾਣੀ ਚਾਹੀਦੀ ਹੈ ਤਾਂ ਕਿ ਸਾਡੇ ਬੱਚੇ ਸਿੱਖ ਇਤਿਹਾਸ ਅਤੇ ਪੰਜਾਬ ਦੇ ਇਤਿਹਾਸ ਤੋਂ ਜਾਣੂ ਹੋ ਸਕਣ। ਕਿਤਾਬ ਦੇ ਕੁਝ ਸਵਾਲ ਵੇਖੋ —
—–ਪਹਿਲੀ ਵਾਰ ਵਿਸਾਖੀ ਸਮੇਂ ਸੰਗਤਾਂ ਦਾ ਇਕੱਠ ਕਰਨ ਦਾ ਉੱਦਮ ਕਿਹੜੇ ਗੁਰੂ ਜੀ ਨੇ ਕੀਤਾ ? (92)
ਗੁਰੂ ਅਮਰਦਾਸ ਜੀ ਨੇ।
—–ਗੁਰੂ ਅਮਰਦਾਸ ਜੀ ਦੇ ਸਮੇਂ ਕਿਸ ਬਾਦਾਸ਼ਾਹ ਨੇ ਗੋਇੰਦਵਾਲ ਵਿਖੇ ਆ ਕੇ ਲੰਗਰ ਛਕਿਆ ਸੀ ?(111)ੳ
ਅਕਬਰ ਬਾਦਸ਼ਾਹ ਨੇ ।
—–ਬਾਬਾ ਅਮਰਦਾਸ ਜੀ ਨੇ”ਸਤਿਗੁਰ ਬਾਝਹੁ ਗੁਰੁ ਨਹੀ ਕੋਈ ਨਿਗੁਰੇ ਕਾ ਹੈ ਨਾਓ ਬੁਰਾ “ ਇਹ ਤੁਕ ਕਿਹੜੇ ਰਾਗ ਵਿੱਚ ਹੈ ?  (117)
ਆਸਾ ਰਾਗ ਪੱਟੀ ਵਿੱਚ ।
—-ਕਿਹੜੇ ਅਨਿੰਨ ਸਿੱਖ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਕਿ ਵਿਸਾਖੀ ਦਾ ਜੋੜ-ਮੇਲਾ ਕੀਤਾ ਜਾਵੇ ?(179)
ਭਾਈ ਪਾਰੋ ਜੁਲਕਾ ਨੇ।
—–ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਾਹਿਬਜ਼ਾਦੇ ਸਨ ? (ਪੰਨਾ 32)
ਚਾਰ ।
—–ਚਮਕੌਰ ਦੇ ਯੁੱਧ ਵਿੱਚ ਬਾਬਾ ਅਜੀਤ ਸਿੰਘ ਨਾਲ ਕਿੰਨੇ ਸਿੰਘ ਗਏ ਸਨ ?
ਪੰਜ ਸਿੰਘ ।
—–ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਸਾਹਿਬਜ਼ਾਦਿਆਂ ਤੇ ਗੁਰਸਿੱਖਾਂ ਦੀ ਅੰਤਿਮ ਸੰਭਾਲ ਕਿਸ ਨੇ ਕੀਤੀ ਸੀ ?
ਬੀਬੀ ਹਰਸ਼ਰਨ ਕੌਰ ਨੇ ।
—-ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਕਦੋਂ-ਕਦੋਂ ਪੇਸ਼ ਕੀਤਾ ਗਿਆ ?
24,25,26 ਦਸੰਬਰ 1704 ਈਸਵੀ ਨੂੰ ।
—–ਮੋਤੀ ਰਾਮ ਮਹਿਰਾ ਦੇ ਪੁੱਤਰ ਦਾ ਕੀ ਨਾਂ ਸੀ ? ਤੇ ਉਸਦੀ ਉਮਰ ਕਿੰਨੀ ਸੀ ?(219)
ਭਾਈ ਨਰੈਣਾ ਜੀ, ਉਮਰ 7 ਸਾਲ ਦੀ ਸੀ ।
——ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਵਿੱਚ ਹਮਲਾ ਕਦੋਂ ਕੀਤਾ ਸੀ ?(258)
26 ਨਵੰਬਰ ,1709 ਈਸਵੀ ਨੂੰ ।
ਇਸ ਤਰ੍ਹਾਂ ਕਿਤਾਬ ਵਿੱਚ ਹੋਰ ਸਵਾਲਾਂ ਦਾ ਅਧਿਐਨ ਕਰਕੇ ਜਿਗਿਆਸੂ ਪਾਠਕ ਲਾਹਾ ਲੈ ਸਕਦੇ ਹਨ । ਆਸ ਹੈ ਕਿ ਲੇਖ਼ਕ ਇਸੇ ਤਰ੍ਹਾਂ ਸਿੱਖ ਗੁਰਮਰਿਆਦਾ ਦੇ ਪ੍ਰਚਾਰ ਹਿਤ ਹੋਰ ਯਤਨ ਕਰਦਾ ਰਹੇਗਾ ।

ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
3/1751, ਕੈਲਾਸ਼ ਨਗਰ, ਫਾਜ਼ਿਲਕਾ।
ਸੰਪਰਕ –98148-56160

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਦੇ ਅਕਾਲੀ ਆਗੂਆਂ ਦਾ ਪੰਜਾਬੀ ਨੂੰ ਛੱਡ ਅੰਗਰੇਜੀ ਨਾਲ ਮੋਹ
Next articleਧੰਮਾ ਵੇਵਜ਼ ਦੀ ਟੀਮ ਨੇ ਕੀਤਾ ਬੋਧੀ ਸਥਾਨ ਸੰਘੋਲ ਦਾ ਦੌਰਾ