ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਵਿਆਹ ਵਿੱਚ ਤਕਰੀਬਨ ਸਾਰੇ ਸਕੇ ਸਬੰਧੀ ਹੀ ਪਹੁੰਚ ਚੁਕੇ ਸੀ। ਭਿਵਾਨੀ, ਸਿਵਾਨੀ ਤੇ ਹਿਸਾਰ ਵਾਲੀਆਂ ਭੂਆਂ ਤੇ ਨੇਪਾਲ ਵਾਲੀ ਭੂਆਂ ਸਮੇਤ ਅੱਠੌ ਦੀਆਂ ਅੱਠੇ ਭੂਆ ਤਿੰਨੇ ਭੈਣਾਂ ਹਿਮਾਂਸ਼ੀ, ਅਦਿੱਤੀ ਤੇ ਰਾਸ਼ੀ ਵੀ ਆਪਣੇ ਆਪਣੇ ਪਰਿਵਾਰ ਸਮੇਤ ਆਈਆਂ ਸਨ। ਨਾਨਾ ਜੀ ਤੇ ਨਾਨੀ ਜੀ ਮਾਮੂ ਮਾਮੀ ਜੀ ਸਣੇ ਬੱਚੇ ਦੋ ਦਿਨ ਪਹਿਲਾ ਹੀ ਆ ਗਏ ਸੀ। ਨਾਨਕੇ ਜ਼ੋ ਹੋਏ। ਦਿੱਲੀ ਤੋ ਚਾਚੂ ਰਾਜੀਵ ਤੇ ਚਾਚੀ ਸਪਨਾ ਅੰਸ ਨੂੰ ਨਾਲ ਲੈ ਕੇ ਦੱਸ ਦਿਨਾਂ ਦੇ ਇੱਥੇ ਹੀ ਸਨ। ਕਿਉਕਿ ਚਾਚੂ ਨੇ ਵਿਆਹ ਦਾ ਸਾਰਾ ਕੰਮ ਸੰਭਾਲ ਰੱਖਿਆ ਸੀ। ਅੱਜ ਸੋਭਿਤ ਦੀ ਘੋੜੀ ਸੀ। ਕਲ੍ਹ ਨੂੰ ਵਿਆਹ ਸੀ। ਸੋਭਿਤ ਵਾਰੀ ਵਾਰੀ ਗੇਟ ਤੇ ਆਉਂਦਾ ਤੇ ਫਿਰ ਨਿਰਾਸ ਜਿਹਾ ਹੋਕੇ ਪੁੱਠਾ ਮੁੜ ਜਾਂਦਾ।
ਹੁਣ ਦੇਰ ਕਾਹਦੀ ਹੈ। ਭੱਠੇ ਵਾਲੇ ਫੁਫੜ ਜੀ ਤੋ ਬੋਲੇ ਬਿਨਾ ਰਿਹਾ ਨਹੀ ਗਿਆ। ਭਾਈ ਕਿਉ ਦੇਰ ਕਰੀ ਜਾਂਦੇ ਹੋ। ਅੱਗੋ ਰਾਤ ਪਈ ਜਾਂਦੀ ਹੈ। ਫੁਫੱੜ ਕੁਰਨ ਕੁਰਨ ਜਿਹੀ ਕਰਨ ਲੱਗਿਆ। ਬੱਸ ਜੀ ਦਸ ਕ ਮਿੰਟ ਹੋਰ ਰੁੱਕ ਜਾਉ। ਸੋਭਿਤ ਦੇ ਤਾਊ ਜੀ ਤੇ ਤਾਈ ਜੀ ਨਹੀ ਆਏ। ਤੇ ਨਾ ਹੀ ਇਸ ਦੇ ਦੋਨੇ ਵੱਡੇ ਵੀਰੇ ਆਏ ਹਨ। ਉਹਨਾ ਦੇ ਆਉਣ ਤੌ ਮਗਰੋ ਹੀ ਮੈ ਘੋੜੀ ਚੜਾਂਗਾ ਇਹ ਸੋਭਿਤ ਦੀ ਜਿੱਦ ਹੈ। ਸੋਭਿਤ ਦੀ ਮੰਮੀ ਨੇ ਆਪਣੇ ਵੱਡੇ ਨਨਦੋਈਏ ਨੂੰ ਸਮਝਾਉਣ ਦੇ ਲਹਿਜੇ ਨਾਲ ਕਿਹਾ।
ਤਾਊ ਜੀ ਤਾਈ ਜੀ ਵੱਡੇ ਵੀਰੇ, ਮੈ ਸਮਝਿਆ ਨਹੀ। ਫੁੱਫੜ ਜੀ ਦਾ ਮੂੰਹ ਅੱਡਿਆ ਹੀ ਰਹਿ ਗਿਆ। ਹੁਣ ਰਾਜੀਵ ਤਾਂ ਆ ਗਿਆ ਹੋਰ ਤਾਊ ਤਾਈ ਕੋਣ? ਫੁੱਫੜ ਜੀ ਨੇ ਅਸਚਰਜ ਜਿਹੇ ਚ ਪੁੱਛਿਆ।
ਭਾਈਆ ਜੀ ਅਸਲ ਵਿੱਚ ਜਦੋ ਅਸੀ ਸੁਰੂ ਸੁਰੂ ਚ ਇੱਥੇ ਆਏ ਸੀ ਬੱਸ ਤਿੰਨ ਕੁੜੀਆਂ ਹੀ ਸੀ ਮੇਰੇ ਕੋਲ। ਬਹੁਤ ਚਾਹੁੰਦੇ ਸੀ ਰੱਬ ਕੋਈ ਚੰਗੀ ਚੀਜ ਦੇ ਦੇਵੇ। ਪੁੱਤ ਦੀ ਬਹੁਤ ਰੀਝ ਸੀ। ਅਸੀ ਬਹੁਤ ਦਾਨ ਪੁੰਨ ਕਰਮ ਧਰਮ ਕਰਦੇ। ਕੋਈ ਡਾਕਟਰ ਵੈਦ ਨਹੀ ਛੱਡਿਆ। ਕੋਈ ਧਾਰਮਿਕ ਥਾਂ ਐਸੀ ਨਹੀ ਸੀ ਜਿੱਥੇ ਮੱਥਾਂ ਨਾ ਟੇਕਿਆ ਹੋਵੇ। ਜਿਵੇ ਕਿਸੇ ਨੇ ਕਿਹਾ ਓਹੀ ਕੀਤੀ। ਕੋਈ ਸੁਖਣਾ ਸੁਖਣ ਵਾਲੀ ਕੋਈ ਕਸਰ ਨਹੀ ਛੱਡੀ।ਨਾ ਆਪਣਾ ਮਕਾਨ ਸੀ ਤੇ ਉੱਤੋ ਕੰਮ ਕਾਰ ਵੀ ਮੱਠਾ ਸੀ। ਘਰੇ ਉਦਾਸੀ ਦਾ ਮਾਹੋਲ ਸੀ। ਚਿਹਰੇ ਦੀ ਰੰਗਤ ਸਦਾ ਉੱਡੀ ਰਹਿੰਦੀ ਸੀ। ਫਿਰ ਜਿਹੜਾ ਮਕਾਨ ਅਸੀ ਕਿਰਾਏ ਤੇ ਲਿਆ ਉਹ ਮਕਾਨ ਨਹੀ ਬਹੁਤ ਵਧੀਆਂ ਬਣਿਆ ਫਲੈਟ ਹੀ ਸੀ। ਉੱਥੇ ਸਾਰੀਆਂ ਸਾਹੂਲਤਾਂ ਤਾਂ ਸਨ ਤੇ ਸਭ ਤੌ ਵੱਡੀ ਗੱਲ ਮਕਾਨ ਮਾਲਿਕ ਬਾਹਲੇ ਹੀ ਚੰਗੇ ਸਨ। ਬਸ ਦੋ ਮੰਡੇ ਹੀ ਸਨ ਉਹਨਾ ਦੇ। ੳਸ ਘਰ ਵਿੱਚ ਰਹਿੰਦੇ ਮਨ ਨੂੰ ਬਹੁਤ ਸਕੂਨ ਮਿਲਿਆ। ਸਾਨੂੰ ਇਹ ਆਪਣਾ ਹੀ ਘਰ ਲੱਗਦਾ ਸੀ। ਅਸੀ ਤੇਰਾਂ ਮਈ ਨੂੰ ਉਸ ਥਾਂ ਤੇ ਰਹਿਣਾ ਸੁਰੂ ਕੀਤਾ। ਕੁਝ ਦਿਨਾਂ ਬਾਅਦ ਹੀ ਮੈਨੂੰ ਉਮੀਦ ਤੌ ਹੋ ਗਈ। ਮੈਨੂੰ ਪੱਕਾ ਯਕੀਨ ਸੀ ਕਿ ਇਸ ਵਾਰ ਜਰੂਰ ਮੁੰਡਾ ਹੋਵੇਗਾ। ਬਸ ਇਹ ਮੇਰਾ ਵਿਸ਼ਵਾਸ ਹੀ ਸੀ । ਮਕਾਨ ਮਾਲਕਿਣ ਨੂੰ ਤਾਂ ਇਸ ਗੱਲ ਤੇ ਅੰਨਾ ਯਕੀਨ ਸੀ ।ਤੇ ਇਸ ਲਈ ਮੈ ਚੈਕ ਵੀ ਨਹੀ ਕਰਵਾਇਆ। ਮਾਲਿਕ ਦੀ ਮੇਹਰ ਨਾਲ ਠੀਕ ਨੋ ਮਹੀਨੇ ਬਾਦ ਤੇਰਾਂ ਫਰਬਰੀ ਨੂੰ ਮੇਰੀ ਗੋਦ ਵਿੱਚ ਸੋਭਿਤ ਆ ਗਿਆ। ਭਰਾ ਤੌ ਸੱਖਣੀਆਂ ਭੈਣਾਂ ਨੂੰ ਭਰਾ ਮਿਲ ਗਿਆ। ਸੱਤਰ ਸਾਲ ਦੇ ਬੁੱਢੇ ਦਾਦੇ ਨੂੰ ਪੋਤਾ ਖਿਡਾਉਣ ਦਾ ਮੌਕਾ ਮਿਲਿਆ । ਸਾਨੂੰ ਇਉ ਲੱਗਣ ਲੱਗਿਆ ਜਿਵੇ ਇਹ ਘਰ ਨਹੀ ਜੰਨਤ ਹੋਵੇ। ਇਸ ਦੇ ਪਾਪਾ ਵੀ ਹੁਣ ਖੁਸ਼ ਖੁਸ਼ ਰਹਿੰਦੇ ਸਨ। ਸਦਾ ਹੱਸਦੇ ਰਹਿੰਦੇ।ਪਰ ਇੱਕ ਗੱਲ ਥੌੜੀ ਜਿਹੀ ਮਹਿਸੂਸ ਹੁੰਦੀ ਸੋਭਿਤ ਸਾਰਾ ਦਿਨ ਥੱਲੇ ਮਕਾਨ ਮਾਲਿਕਾਂ ਕੋਲੇ ਹੀ ਰਹਿੰਦਾ। ਉਥੇ ਹੀ ਖਾਂਦਾ ਉਥੇ ਹੀ ਪੀਂਦਾ ਤੇ ਕਦੇ ਕਦੇ ਉਥੇ ਹੀ ਸੋ ਜਾਂਦਾ। ਮੈ ਸਾਰੀ ਸਾਰੀ ਰਾਤ ਉਡੀਕਦੀ ਰਹਿਦੀ। ਮੈਨੂੰ ਸੋਭਿਤ ਬਿਨਾ ਨੀਂਦ ਨਾ ਆਉਂਦੀ। ਪਰ ਫਿਰ ਵੀ ਮੈ ਖੁਂਸ਼ ਸੀ।
ਇਹ ਆਪਣੇ ਤਾਊ ਤਾਈ ਨਾਲ ਖੇਡਦਾ ਤੇ ਕਦੇ ਕਦੇ ਆਪਣੀ ਤਾਈ ਨਾਲ ਉਸ ਦੇ ਪੇਕੇ ਵੀ ਚਲਾ ਜ਼ਾਂਦਾ ਜਾ ਕਿਸੇ ਹੋਰ ਥਾਂ ਤੇ ਘੁੰਮ ਆਉੰਦਾ। ਮੈਨੂੰ ਨਹੀ ਪਤਾ ਹੁੰਦਾ ਸੀ ਕਿ ਇਸ ਨੇ ਕੀ ਖਾਧਾ ਹੈ ਤੇ ਕਦੋ ਖਾਧਾ ਹੈ। ਉਥੇ ਸਾਡੇ ਬੱਚੇ ਚੰਗੇ ਸਕੂਲਾਂ ਚ ਪੜ੍ਹ ਗਏ । ਅਸੀ ਉਥੇ ਇੱਕ ਸਾਂਝੇ ਪਰਿਵਾਰ ਦੇ ਵਾਂਗ ਰਹੇ। ਜਦੋ ਉਹਨਾ ਘਰੇ ਕੋਈ ਫੰਕਸ਼ਨ ਹੁੰਦਾ ਜਾ ਆਇਆ ਗਿਆ ਹੁੰਦਾ ਤਾਂ ਰਸੋਈ ਮੈ ਹੀ ਸੰਭਾਲਦੀ।ਮੈ ਤੇ ਭਾਬੀ ਜੀ ਦੋਨੇ ਰਲ ਕੇ ਕੰਮ ਸੰਭਾਲ ਲੈਦੀਆਂ। ਜਦੋ ਸਾਡੇ ਘਰੇ ਕੋਈ ਪ੍ਰੋਗਰਾਮ ਹੁੰਦਾ ਤਾਂ ਭਾਈ ਸਾਹਿਬ ਤੇ ਭਾਬੀ ਜੀ ਮੂਹਰੇ ਹੋਕੇ ਕੰਮ ਕਰਦੇ। ਇਹ ਵੀ ਭਾਈ ਸਾਹਿਬ ਨੂੰ ਆਪਣਾ ਵੱਡਾ ਭਰਾ ਮੰਨਦੇ।ਮੈ ਸੋਭਿਤ ਨੂੰ ਉਸੇ ਘਰ ਤੋ ਮਿਲਿਆ ਵਰਦਾਨ ਸਮਝਦੀ ਹਾਂ। ਅਸੀ ਇਸ ਦਾ ਨਾਮ ਸੋਭਿਤ ਰੱਖਿਆ ਪਰ ਇਸ ਦੇ ਤਾਊ ਜੀ ਇਸ ਨੂੰ ਨਵੇ ਨਵੇਂ ਨਾਂਵਾਂ ਨਾਲ ਬੁਲਾਉਂਦੇ। ਕਦੇ ਸੋਭਿਤ ਸੇਠੀ ਤੇ ਕਦੇ ਬਿੱਲੂ ਬਦਮਾਸ਼, ਕਦੇ ਆਦਿ ਬਾਂਸਲ ਤੇ ਕਦੇ ਚੀਨੀ ਚੂਹਾ।ਕਿਉਕਿ ਮੈ ਤਾਊ ਜੀ ਦਾ ਪੁੱਤਰ ਹਾਂ ਤੇ ਮੇਰਾ ਨਾਮ ਸੋਭਿਤ ਸੇਠੀ ਹੈ। ਇਹ ਅਕਸਰ ਹੀ ਕਹਿੰਦਾ। ਇਸ ਦੇ ਤਾਊ ਜੀ ਹੀ ਨਹੀ ਸਗੌ ਸਾਰਾ ਪਰਿਵਾਰ ਅਤੇ ਦੂਸਰੇ ਰਿਸ਼ਤੇਦਾਰ ਵੀ ਇਸ ਨੂੰ ਵਾਧੂ ਪਿਆਰ ਕਰਦੇ। ਭਾਈ ਸਾਹਿਬ ਦੀ ਭੈਣ ਵੀ ਜਦੋ ਆਉਂਦੀ ਪਹਿਲਾ ਸੋਭਿਤ ਦੇ ਰੱਖੜੀ ਬੰਨਦੀ। ਭਾਈ ਸਾਹਿਬ ਦੇ ਮੰਮੀ ਡੈਡੀ ਵੀ ਇਸ ਨੂੰ ਆਪਣੇ ਸਗੇ ਪੋਤਰੇ ਵਾਂਗ ਪਿਆਰ ਕਰਦੇ।
ਅਸੀ ਬਹੁਤ ਸਾਲ ਉੱਥੇ ਰਹੇ। ਸਾਨੂੰ ਕੋਈ ਤਕਲੀਫ ਨਾ ਹੋਈ।ਕਿਉਕਿ ਸਾਡਾ ਕੰਮ ਕਾਫੀ ਮੰਦਾ ਸੀ ਪਰ ਉਹਨਾ ਨੇ ਕਦੇ ਕਿਰਾਇਆ ਨਹੀ ਸੀ ਮੰਗਿਆ। ਜਿੰਨਾ ਹੁੰਦਾ ਤੇ ਜਦੋ ਵੀ ਹੁੰਦਾ ਅਸੀ ਚੁੱਪ ਕਰਕੇ ਦੇ ਦਿੰਦੇ। ਨਾ ਹੀ ਉਹਨਾ ਨੇ ਕਦੇ ਕਿਰਾਇਆ ਵਧਾਇਆ। ਸ਼ਹੁਤ ਸਾਲਾਂ ਬਾਦ ਅਸੀ ਬਾਊ ਜੀ ਦੇ ਕਹਿਣ ਤੇ ਹੀ ਖੁੱਦ ਕਿਰਾਇਆ ਵਧਾ ਦਿੱਤਾ। ਮੇਰੀ ਤਿੰਨਾ ਕੁੜੀਆਂ ਦੇ ਵਿਆਹ ਹੋ ਗਏ। ਇਹ ਵੀ ਵੱਡਾ ਹੋ ਗਿਆ।ਫਿਰ ਜਦੋ ਅਸੀ ਆਪਣੀ ਕੋਠੀ ਬਣਾਈ ਤਾਂ ਕੋਠੀ ਬਣਾਉਣ ਵਿੱਚ ਵੀ ਭਾਈ ਸਾਹਿਬ ਨੇ ਪੂਰੀ ਮੱਦਦ ਕੀਤੀ। ਜਦੋ ਅਸੀ ਉਹ ਘਰ ਛੱਡ ਕੇ ਆਏ ਤਾਂ ਉਹਨਾ ਦਾ ਸਾਰੇ ਟੱਬਰ ਦਾ ਰੋ ਰੋ ਕੇ ਬੁਰਾ ਹਾਲ ਸੀ। ਰੋਣਾ ਸਾਨੂੰ ਵੀ ਆਇਆ ਪਰ ਸੋਭਿਤ ਨੂੰ ਤਾਂ ਨਵੀ ਕੋਠੀ ਦਾ ਜਰਾ ਵੀ ਚਾਅ ਨਹੀ ਸੀ।ਇਹ ਤਾਂ ਉਥੇ ਰਹਿ ਕੇ ਹੀ ਰਾਜੀ ਸੀ।ਪਰ ਮਜਬੂਰੀ ਸੀ। ਕਈ ਸਾਲ ਸਾਡਾ ਨਵੇ ਘਰ ਚ ਦਿਲ ਨਹੀ ਲੱਗਿਆ।ਹੋਲੀ ਹੋਲੀ ਜੀ ਟਿੱਕ ਗਿਆ। ਉਹਨਾ ਨਾਲ ਸਾਡਾ ਜਾਣ ਆਉਣ ਉਸੇ ਤਰਾਂ ਬਰਕਰਾਰ ਸੀ।
ਮੈਨੂੰ ਚੰਗੀ ਤਰਾਂ ਯਾਦ ਹੈ ਜਦੋ ਇਸ ਦਾ ਦੱਸਵੀ ਦਾ ਨਤੀਜਾ ਆਇਆ ਤਾਂ ਸਾਰਿਆਂ ਤੋ ਪਹਿਲਾ ਇਸ ਨੇ ਆਪਣੀ ਤਾਈ ਜੀ ਨੂੰ ਹੀ ਫੋਨ ਕੀਤਾ। ਕਿਉਕਿ ਉਹ ਹੀ ਹਰ ਵਾਰੀ ਇਸ ਦੀ ਪੜ੍ਹਾਈ ਤੇ ਨੰਬਰਾਂ ਦਾ ਪੁੱਛਦੀ ਸੀ।ਫਿਰ ਜਦੌ ਇਸ ਦਾ ਦਾਖਿਲਾ ਇੰਜੀਨੀਅਰਿੰਗ ਕਾਲਜ ਵਿੱਚ ਹੋਇਆ ਤਾਂ ਇਸ ਨੇ ਆਪਣੇ ਵੱਡੇ ਭਰਾ ਨੂੰ ਸਭ ਤੌ ਪਹਿਲਾ ਖੁਸਖਬਰੀ ਸੁਣਾਈ। ਹੋਰ ਤਾਂ ਹੋਰ ਇਸਨੇ ਵਿਆਹ ਦੀ ਹਾਂ ਵੀ ਆਪਣੇ ਵੱਡੇ ਵੀਰੇ ਨੂੰ ਪੁੱਛਕੇ ਹੀ ਕੀਤੀ ਹੈ। ਤੇ ਹੁਣ ਇਹ ਉਹਨਾ ਦੇ ਆਏ ਬਿਨਾ ਘੋੜੀ ਕਿਵੇਂ ਚੜ੍ਹ ਜਾਵੇ। ਉਹਨਾ ਤੌ ਪੁੱਛੇ ਬਿਨਾ ਤਾਂ ਇਹ yਿੰਕ ਕਦਮ ਵੀ ਨਹੀ ਪੱਟਦਾ। ਫਿਰ ਤਾਂ ਠੀਕ ਹੈ।ਉਹਨਾ ਨੂੰ ਉਡੀਕਣਾ ਤਾਂ ਜਰੂਰੀ ਹੈ। ਸੁਮਨ ਦੀ ਲੰਬੀ ਚੋੜੀ ਵਾਰਤਾ ਸੁਣਕੇ ਫੁਫੱੜ ਜੀ ਨੇ ਕਿਹਾ। ਇੰਨੇ ਚ ਹੀ ਦੋ ਕਾਰਾਂ ਚ ਸੋਭਿਤ ਦੇ ਤਾਊ ਜੀ ਤਾਈ ਜੀ ਤੇ ਦੋਨਾ ਵੀਰਾਂ ਦਾ ਪਰਿਵਾਰ ਆ ਗਿਆ ਤੇ ਸੋਭਿਤ ਦੇ ਚਿਹਰੇ ਤੇ ਵੀ ਲਾਲੀ ਆ ਗਈ। ਉਹਨਾ ਨੂੰ ਵੇਖਦੇ ਹੀ ਬੈਂਡ ਵਾਲਿਆ ਦੀਆਂ ਧੁੰਨਾਂ ਸੁਰੂ ਹੋ ਗਈਆਂ ਝੱਟ ਹੀ ਸੋਭਿਤ ਘੋੜੀ ਚੜ੍ਹ ਗਿਆ।
ਰਮੇਸ਼ ਸੇਠੀ ਬਾਦਲ
ਮੋ 98 766 27 233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly