(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਗੁਰਾਂ ਦੇ ਨਾਂ ਹੇਠ ਵਸਦਾ ਪੰਜਾਬ, ਉਹ ਪੰਜਾਬ ਜੋ ਸਮੁੱਚੀ ਦੁਨੀਆਂ ਦੇ ਵਿੱਚ ਆਪਣੀਆਂ ਗੱਲਾਂ ਬਾਤਾਂ ਲਈ ਮਸ਼ਹੂਰ ਸੀ ਤੇ ਮਾਣ ਜੋਗ ਸੀ। ਹੌਲੀ ਹੌਲੀ ਪਤਾ ਨਹੀਂ ਕਿਸ ਚੰਦਰੇ ਦੀ ਨਜ਼ਰ ਪੰਜਾਬ ਨੂੰ ਲੱਗੀ ਕਿ ਇੱਥੇ ਅਜਿਹਾ ਕੁਝ ਹੋਣ ਲੱਗਿਆ ਜਿਸ ਦੀ ਕਦੇ ਆਸ ਵੀ ਨਹੀਂ ਸੀ। ਪੰਜਾਬ ਦੇ ਵਿੱਚ ਨਿਤ ਨਵਾਂ ਕੀ ਵਾਪਰ ਰਿਹਾ ਹੈ ਇਹ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਅਖਬਾਰਾਂ ਜਾਂ ਹੋਰ ਪਾਸਿਓਂ ਖਬਰਾਂ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਆਹ ਪਿਛਲੇ ਦੋ ਕ ਸਾਲਾਂ ਤੋਂ ਤਾਂ ਪੰਜਾਬ ਵਿੱਚ ਲੋਕ ਹਥਿਆਰਾਂ ਨੂੰ ਖਿਡਾਉਣਿਆਂ ਵਾਂਗ ਚੁੱਕੀ ਫਿਰਦੇ ਹਨ। ਬੇਖੌਫ਼ ਹੋ ਕੇ ਕਿਸੇ ਦੇ ਗੋਲੀਆਂ ਮਾਰ ਦਿੰਦੇ ਹਨ, ਕਿਸੇ ਦਾ ਕੁੱਟ ਕੁਟਾਪਾ, ਕਿਤੇ ਬੈਂਕ ਲੁੱਟ ਲਈ, ਕਿਤੇ ਕੋਈ ਹੋਰ ਲੁੱਟ ਖੋਹ ਤੇ ਜਿਹੜੀ ਨਸ਼ਿਆਂ ਦੀ ਗੱਲ ਹੈ ਉਹਦਾ ਵੀ ਸਭ ਨੂੰ ਪਤਾ ਹੀ ਹੈ। ਮੌਜੂਦਾ ਸਮੇਂ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਪੰਜਾਬ ਵਿੱਚ ਅਮਨ ਕਾਨੂੰਨ ਨਾਂ ਦੀ ਕੋਈ ਚੀਜ਼ ਹੀ ਨਹੀਂ ਕਿਉਂਕਿ ਸਭ ਨੂੰ ਪਤਾ ਹੈ ਕਿ ਰੋਜ਼ਾਨਾ ਹੀ ਕਤਲ ਹੋਣਾ ਆਮ ਜਿਹੀ ਗੱਲ ਹੋ ਗਈ ਹੈ।
ਪਰ ਜੋ ਮਾਮਲਾ ਆਹ ਵਾਪਰਿਆ ਹੈ ਉਹ ਆਪਣੇ ਆਪ ਵਿੱਚ ਬਹੁਤ ਹੀ ਹੈਰਾਨ ਕਰਨ ਵਾਲਾ ਹੈ ਇਹ ਸਾਰਾ ਮਾਮਲਾ ਜ਼ਿਲ੍ਹਾ ਤਰਨ ਤਾਰਨ ਦੇ ਨਜ਼ਦੀਕ ਪਿੰਡ ਲਾਲੂ ਘੁੰਮਣ ਦੇ ਵਿੱਚੋਂ ਸਾਹਮਣੇ ਆਇਆ ਹੈ। ਲਾਲੂ ਘੁੰਮਣ ਪਿੰਡ ਦੇ ਵਿੱਚ ਪਿਛਲੇ ਦਿਨੀ ਇੱਕ ਔਰਤ ਦੀ ਮੌਤ ਹੋ ਗਈ ਸੀ ਜਿਸ ਦੀ ਅੱਜ ਅੰਤਿਮ ਅਰਦਾਸ ਭਾਵ ਗੁਰਦੁਆਰਾ ਸਾਹਿਬ ਵਿੱਚ ਭੋਗ ਪੈ ਰਿਹਾ ਸੀ। ਇਸ ਦੌਰਾਨ ਹੀ ਮੋਟਰਸਾਈਕਲ ਉੱਤੇ ਸਵਾਰ ਦੋ ਵਿਅਕਤੀਆਂ ਨੇ ਹੋ ਰਹੀ ਅੰਤਿਮ ਅਰਦਾਸ ਵਿੱਚ ਹੀ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣੀ ਅਨੁਸਾਰ ਤਾਰਨ ਤਾਰਨ ਦੇ ਪਿੰਡ ਲਾਲੂ ਘੁੰਮਣ ਵਾਸੀ ਮਹਿੰਦਰ ਕੌਰ ਪਤਨੀ ਵੀਰ ਸਿੰਘ ਦੀ ਬੀਤੇ ਦਿਨੀ ਮੌਤ ਹੋ ਗਈ ਉਸ ਦੀ ਅਰਦਾਸ ਅੱਜ ਪਿੰਡ ਦੇ ਗੁਰਦੁਆਰਾ ਬਾਬਾ ਖੜਕ ਸਿੰਘ ਵਿੱਚ ਹੋਈ। ਇਸ ਅੰਤਿਮ ਅਰਦਾਸ ਦੇ ਵਿੱਚੋਂ ਪਿੰਡ ਦੇ ਨਵੇਂ ਬਣੇ ਸਰਪੰਚ ਪ੍ਰਤਾਪ ਸਿੰਘ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਰਹੇ ਸਨ।ਉਸੇ ਵੇਲੇ ਹੀ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਪੰਜ ਫਾਇਰ ਕੀਤੇ ਸਰਪੰਚ ਪ੍ਰਤਾਪ ਸਿੰਘ ਨੂੰ ਦੋ ਗੋਲੀਆਂ ਵੱਜੀਆਂ ਤੇ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦ ਕਿ ਬੁੱਧ ਸਿੰਘ ਅਤੇ ਭਗਵੰਤ ਸਿੰਘ ਦੋ ਵਿਅਕਤੀ ਜ਼ਖ਼ਮੀ ਹੋ ਗਏ। ਇਸ ਫਾਇਰਿੰਗ ਦੇ ਵਿੱਚ ਲੋਕ ਇੱਕਦਮ ਘਬਰਾ ਗਏ ਤੇ ਹਫੜਾ ਦਫੜੀ ਮੱਚ ਗਈ ਕਿਉਂਕਿ ਅਕਸਰ ਹੀ ਗੁਰੂ ਘਰਾਂ ਦੇ ਵਿੱਚ ਇਹੋ ਜਿਹੀ ਫਾਇਰਿੰਗ ਲੜਾਈ ਕਦੇ ਨਹੀਂ ਹੁੰਦੀ ਤੇ ਨਾ ਹੀ ਗੁਰੂ ਘਰ ਨੂੰ ਇਸ ਤਰਾਂ ਵਰਤਿਆ ਜਾਂਦਾ ਹੈ ਪਰ ਇੱਥੇ ਤਾਂ ਹੱਦ ਹੀ ਹੋ ਗਈ ਮੋਟਰਸਾਈਕਲ ਉੱਤੇ ਸਵਾਰ ਵਿਅਕਤੀਆਂ ਨੇ ਜਦੋਂ ਫਾਇਰਿੰਗ ਕੀਤੀ ਤੇ ਉਸ ਤੋਂ ਬਾਅਦ ਇੱਕ ਵਿਅਕਤੀ ਨੇ ਹੌਸਲਾ ਕਰਕੇ ਇੱਟ ਚੱਕ ਕੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲ ਮਾਰੀ, ਇੱਟ ਵੱਜਣ ਕਾਰਨ ਉਸਦੇ ਮੂੰਹ ਉੱਤੇ ਬੰਨ੍ਹਿਆ ਕੱਪੜਾ ਉਤਰ ਗਿਆ ਪਰ ਉਸ ਦੀ ਪਛਾਣ ਨਹੀਂ ਹੋ ਸਕੀ।ਅੱਗ ਵਾਂਗ ਇਹ ਘਟਨਾ ਸਭ ਪਾਸੇ ਫੈਲ ਗਈ ਤੇ ਮੌਕੇ ਉੱਤੇ ਝਬਾਲ ਪੁਲਿਸ ਪੁੱਜ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਰਨ ਵਾਲਾ ਪ੍ਰਤਾਪ ਸਿੰਘ ਆਪ ਨਾਲ ਸੰਬੰਧਿਤ ਆਗੂ ਸੀ ਤੇ ਇਸ ਵੇਲੇ ਪਿੰਡ ਲਾਲੂ ਘੁੰਮਣ ਵਿੱਚ ਬਿਨਾਂ ਮੁਕਾਬਲਾ ਸਰਪੰਚ ਚੁਣਿਆ ਗਿਆ ਸੀ ਹੋ ਸਕਦਾ ਇਸੇ ਰੰਜਿਸ਼ ਕਾਰਨ ਇਹ ਘਟਨਾ ਵਾਪਰੀ ਹੋ ਗਈ। ਕੁਝ ਵੀ ਹੋਵੇ ਇਸ ਤਰ੍ਹਾਂ ਕਦੇ ਨਹੀਂ ਹੁੰਦਾ ਕਿ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਇਸ ਤਰ੍ਹਾਂ ਕੋਈ ਫਾਇਰਿੰਗ ਕਰੇ ਉਹ ਵੀ ਜਦੋਂ ਕਿਸੇ ਦੀ ਅੰਤਿਮ ਅਰਦਾਸ ਹੁੰਦੀ ਹੋਵੇ। ਸ਼ਾਇਦ ਇਹ ਪਹਿਲੀ ਘਟਨਾ ਹੀ ਸਾਹਮਣੇ ਆਈ ਹੈ ਇਹ ਹਨ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਦਾਸਤਾਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly